3.4 C
Toronto
Saturday, November 8, 2025
spot_img
Homeਭਾਰਤਭਾਰਤ ਨੇ ਪਾਕਿਸਤਾਨ ਨੂੰ ਲਾਇਆ ਨੁੱਕਰੇ

ਭਾਰਤ ਨੇ ਪਾਕਿਸਤਾਨ ਨੂੰ ਲਾਇਆ ਨੁੱਕਰੇ

ਈਰਾਨੀ ਰਾਸ਼ਟਰਪਤੀ ਨੇ ਚਾਬਹਾਰ ਬੰਦਰਗਾਹ ਦੇ ਪਹਿਲੇ ਪੜਾਅ ਦਾ ਕੀਤਾ ਉਦਘਾਟਨ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਲ 1947 ਵਿਚ ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੂਰੇ ਮੱਧ ਪੂਰਬ, ਮੱਧ ਏਸ਼ੀਆ ਤੇ ਯੂਰਪ ਤੋਂ ਭੂਗੋਲਿਕ ਤੌਰ ‘ਤੇ ਵੱਖ ਹੋਏ ਭਾਰਤ ਨੇ ਇਸ ਦੂਰੀ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਭਾਰਤ ਦੀ ਮੱਦਦ ਨਾਲ ਈਰਾਨ ਵਿਚ ਤਿਆਰ ਚਾਬਹਾਰ ਬੰਦਰਗਾਹ ਦੇ ਪਹਿਲੇ ਪੜਾਅ ਦਾ ਐਤਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਡਾ. ਹਸਨ ਰੋਹਾਨੀ ਨੇ ਉਦਘਾਟਨ ਕੀਤਾ। ਇਸ ਬੰਦਰਗਾਹ ਜ਼ਰੀਏ ਭਾਰਤ ਹੁਣ ਬਿਨਾ ਪਾਕਿਸਤਾਨ ਗਏ ਹੀ ਅਫਗਾਨਿਸਤਾਨ ਤੇ ਫਿਰ ਉਸ ਤੋਂ ਅੱਗੇ ਰੂਸ ਤੇ ਯੂਰਪ ਨਾਲ ਜੁੜ ਸਕੇਗਾ। ਭਾਰਤ ਲਈ ਇਸਦੀ ਅਹਿਮੀਅਤ ਦਾ ਅੰਦਾਜ਼ਾ ਉਦਘਾਟਨ ਤੋਂ 24 ਘੰਟੇ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਈਰਾਨ ਯਾਤਰਾ ਤੋਂ ਲਾਇਆ ਜਾ ਸਕਦਾ ਹੈ। ਉਦਘਾਟਨੀ ਸਮਾਗਮ ਵਿਚ ਜਹਾਜ਼ਰਾਨੀ ਰਾਜ ਮੰਤਰੀ ਪੀ. ਰਾਧਾਕ੍ਰਿਸ਼ਨਨ ਦੇ ਨਾਲ ਭਾਰਤੀ ਦੂਤਘਰ ਤੇ ਹੋਰ ਮੰਤਰਾਲਿਆਂ ਦੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਅਫਗਾਨਿਸਤਾਨ, ਪਾਕਿਸਤਾਨ ਤੇ ਕਤਰ ਸਮੇਤ 17 ਦੇਸ਼ਾਂ ਦੇ 60 ਨੁਮਾਇੰਦੇ ਵੀ ਮੌਜੂਦ ਸਨ। ਭਾਰਤ ਇਸ ਬੰਦਰਗਾਹ ਨਾਲ ਇਕ ਵਿਸ਼ੇਸ਼ ਆਰਥਿਕ ਖੇਤਰ ਵੀ ਵਿਕਸਿਤ ਕਰਨਾ ਚਾਹੁੰਦਾ ਹੈ। ਕੁਝ ਦਿਨ ਪਹਿਲਾਂ ਹੀ ਸੜਕ, ਰਾਜ ਮਾਰਗ ਤੇ ਜਹਾਜ਼ਰਾਨੀ ਮੰਤਰੀ ਨਿਤਿਨ ਗਡਗਰੀ ਨੇ ਕਿਹਾ ਸੀ ਕਿ ਭਾਰਤ ਦੀ ਯੋਜਨਾ ਚਾਬਹਾਰ ‘ਚ ਕੁੱਲ ਦੋ ਲੱਖ ਕਰੋੜ ਰੁਪਏ ਨਿਵੇਸ਼ ਕਰਨ ਦੀ ਹੈ। ਇਸ ਲਈ ਭਾਰਤ ਦੀਆਂ ਕਈ ਨਿੱਜੀ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਪਾਕਿਸਤਾਨ ਤੇ ਚੀਨ ਦੇ ਗਠਜੋੜ ਨੂੰ ਦਿੱਤਾ ਜਵਾਬ
ਅਰਬ ਸਾਗਰ ਵਿਚ ਪਾਕਿਸਤਾਨ ਨੇ ਗਵਾਦਰ ਬੰਦਰਗਾਹ ਦੇ ਵਿਕਾਸ ਜ਼ਰੀਏ ਚੀਨ ਨੂੰ ਭਾਰਤ ਵਿਰੁੱਧ ਵੱਡਾ ਰਣਨੀਤਕ ਟਿਕਾਣਾ ਮੁਹੱਈਆ ਕਰਵਾਇਆ ਹੈ। ਇਸ ਦੇ ਜਵਾਬ ਵਿਚ ਚਾਬਹਾਰ ਦੇ ਵਿਕਸਤ ਹੁੰਦਿਆਂ ਹੀ ਭਾਰਤ ਨੂੰ ਅਫਗਾਨਿਸਤਾਨ ਤੇ ਈਰਾਨ ਲਈ ਸਮੁੰਦਰੀ ਰਸਤਿਓਂ ਵਪਾਰ-ਕਾਰੋਬਾਰ ਵਧਾਉਣ ਦਾ ਮੌਕਾ ਮਿਲੇਗਾ। ਰਣਨੀਤਕ ਨਜ਼ਰੀਏ ਤੋਂ ਵੀ ਪਾਕਿਸਤਾਨ ਤੇ ਚੀਨ ਨੂੰ ਕਰਾਰਾ ਜਵਾਬ ਮਿਲ ਸਕੇਗਾ, ਕਿਉਂਕਿ ਚਾਬਹਾਰ ਤੋਂ ਗਵਾਦਰ ਦੀ ਦੂਰੀ ਮਹਿਜ਼ 72 ਕਿਲੋਮੀਟਰ ਹੈ। ਪਾਕਿਸਤਾਨੀ ਮੀਡੀਆ ਪਹਿਲਾਂ ਹੀ ਰੌਲਾ ਪਾ ਰਿਹਾ ਹੈ ਕਿ ਚਾਬਹਾਰ ਜ਼ਰੀਏ ਭਾਰਤ-ਅਫਗਾਨਿਸਤਾਨ ਤੇ ਈਰਾਨ ਨਾਲ ਮਿਲ ਕੇ ਉਸ ਨੂੰ ਘੇਰਨ ਵਿਚ ਜੁਟਿਆ ਹੈ।
ਭਾਰਤ ਲਈ ਖੁੱਲ੍ਹਿਆ ਸਿੱਧਾ ਰਾਹ
ਚਾਬਹਾਰ ਬੰਦਰਗਾਹ ਬਣਨ ਪਿੱਛੋਂ ਸਮੁੰਦਰੀ ਰਸਤਿਓਂ ਹੁੰਦਿਆਂ ਹੋਇਆਂ ਭਾਰਤ ਦੇ ਜਹਾਜ਼ ਈਰਾਨ ਵਿਚ ਦਾਖਲ ਹੋ ਸਕਣਗੇ।ਇਸ ਜ਼ਰੀਏ ਅਫਗਾਨਿਸਤਾਨ ਤੇ ਮੱਧ ਏਸ਼ੀਆ ਤੱਕ ਦੇ ਬਜ਼ਾਰ ਭਾਰਤੀ ਕੰਪਨੀਆਂ ਤੇ ਕਾਰੋਬਾਰੀਆਂ ਲਈ ਖੁੱਲ੍ਹ ਜਾਣਗੇ।ਇਸ ਲਈ ਚਾਬਹਾਰ ਬੰਦਰਗਾਹ ਵਪਾਰ ਤੇ ਰਣਨੀਤਕ ਲਿਹਾਜ਼ ਨਾਲ ਭਾਰਤ ਲਈ ਕਾਫੀ ਅਹਿਮ ਹੈ। ਭਾਰਤ ਦੀ ਨਜ਼ਰ ਇਸ ਜ਼ਰੀਏ ਯੂਰਪੀ ਦੇਸ਼ਾਂ ਦੇ ਬਾਜ਼ਾਰ ਵਿਚ ਥਾਂ ਬਣਾਉਣ ‘ਤੇ ਵੀ ਹੈ।

RELATED ARTICLES
POPULAR POSTS