Breaking News
Home / ਦੁਨੀਆ / ਅਮਰੀਕੀ ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਦਾਅਵਾ

ਅਮਰੀਕੀ ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਦਾਅਵਾ

ਅਮਰੀਕਾ ਨੂੰ ਉਤਰ ਕੋਰੀਆ ਤੋਂ ਖਤਰਾ, ਵਧ ਰਹੀ ਜੰਗ ਦੀ ਸੰਭਾਵਨਾ : ਮੈਕਮਾਸਟਰ
ਵਾਸ਼ਿੰਗਟਨ : ਦੱਖਣੀ ਕੋਰੀਆ ਦੇ ਨਾਲ ਸ਼ੁਰੂ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਯੁੱਧ ਅਭਿਆਸ ਤੋਂ ਠੀਕ ਪਹਿਲਾਂ ਅਮਰੀਕਾ ਨੇ ਕਿਹਾ ਹੈ ਕਿ ਉਸ ਦੇ ਲਈ ਸਭ ਤੋਂ ਵੱਡਾ ਖਤਰਾ ਉਤਰ ਕੋਰੀਆ ਹੈ ਅਤੇ ਉਸ ਨਾਲ ਜੰਗ ਦੀ ਸੰਭਾਵਨਾ ਦਿਨ ਪ੍ਰਤੀ ਦਿਨ ਵਧ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਚ ਆਰ ਮੈਕਮਾਸਟਰ ਨੇ ਕਿਹਾ ਉਤਰੀ ਕੋਰੀਆ ਨਾਲ ਨਿਪਟਣ ਦਾ ਕੋਈ ਗੈਰ ਫੌਜੀ ਬਦਲ ਨਹੀਂ ਹੈ। ਕਿਮ ਜੋਂਗ ਜੰਗ ਦੇ ਬਹੁਤ ਨੇੜੇ ਪਹੁੰਚ ਗਏ ਹਨ ਅਤੇ ਜ਼ਿਆਦਾ ਸਮਾਂ ਬਚਿਆ ਨਹੀਂ ਹੈ। ਮੈਕਮਾਸਟਰ ਦੇ ਅਨੁਸਾਰ ਉਤਰ ਕੋਰੀਆ ਦੇ ਤਾਨਾਸ਼ਾਹ ਨੇ ਹਰੇਕ ਮਿਜ਼ਾਇਲ ਪ੍ਰੀਖਣ ਦੇ ਨਾਲ ਸਮਰਥਾ ‘ਚ ਸੁਧਾਰ ਕੀਤਾ ਹੈ। ਰਾਸ਼ਟਰਪਤੀ ਟਰੰਪ ਕੋਰੀਆਈ ਪ੍ਰਾਯਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੇ ਲਈ ਵਚਨਬੱਧ ਹੈ।
ਅਮਰੀਕਾ ਅਤੇ ਦੱਖਣੀ ਕੋਰੀਆ ਦੇ ਯੁੱਧ ਅਭਿਆਸ ‘ਤੇ ਉਤਰ ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਦੇ ਅਖਬਾਰ ਰੋਡੋਂਗ ਨੇ ਸੰਪਾਦਕੀ ‘ਚ ਲਿਖਿਆ ਹੈ, ‘ਇਹ ਉਤਰ ਕੋਰੀਆ ਨੂੰ ਖੁੱਲ੍ਹੇਆਮ ਉਕਸਾਵਾ ਹੈ, ਜਿਸ ਦੇ ਪਰਿਣਾਮਸਰੂਪ ਕਿਸੇ ਵੀ ਸਮੇਂ ਪ੍ਰਮਾਣੂ ਜੰਗ ਛਿੜ ਸਕਦੀ ਹੈ। ਉਤਰ ਕੋਰੀਆ ਦੇ ਅਧਿਕਾਰੀ ਦੇ ਹਵਾਲੇ ਨਾਲ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਯੁੱਧ ਭੜਕਾਉਣ ਵਾਲੇ ਅਮਰੀਕਾ ਅਤੇ ਕਠਪੁਤਲੀ ਦੱਖਣੀ ਕੋਰੀਆ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਤਰ ਕੋਰੀਆ ਆਪਣੀ ਯੁੱਧ ਦੀ ਮਨਸ਼ਾ ਉਨ੍ਹਾਂ ਦੇ ਵਿਨਾਸ਼ ਦਾ ਕਾਰਨ ਬਣ ਜਾਵੇਗੀ।
5 ਦਿਨ ਦੇ ਯੁੱਧ ਅਭਿਆਸ ‘ਚ ਅਮਰੀਕਾ ਦੇ 230 ਏਅਰਕਰਾਫਟ ਹੋਣਗੇ ਸ਼ਾਮਲ
ਕੋਰੀਆਈ ਪ੍ਰਾਯਦੀਪ ‘ਚ ਦੱਖਣੀ ਕੋਰੀਆ ਦੇ ਨਾਲ ਸ਼ੁਰੂ ਹੋਏ ਪੰਜ ਦਿਨਾਂ ਦੇ ਯੁੱਧ ਅਭਿਆਸ ‘ਚ ਅਮਰੀਕਾ ਦੇ ਐਫ-22 ਰੈਪਟਰ ਸਟੇਲਥ ਜੈਟ ਫਾਈਟਰ ਸਮੇਤ 230 ਏਅਰ ਕਰਾਫਟ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਅਮਰੀਕਾ ਅਕਤੂਬਰ ‘ਚ ਜਾਪਾਨ, ਦੱਖਣੀ ਕੋਰੀਆ ਦੇ ਨਾਲ ਅਤੇ ਨਵੰਬਰ ‘ਚ ਦੱਖਣੀ ਕੋਰੀਆ ਦੇ ਨਾਲ ਕੋਰੀਆਈ ਦੀਪ ‘ਚ ਯੁੱਧ ਅਭਿਆਸ ਕਰ ਚੁੱਕਿਆ ਹੈ।
ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਮਿਜ਼ਾਇਲ ਲੈ ਕੇ ਜਾਣ ਵਾਲੇ ਟਰੱਕਾਂ ਦੇ ਲਈ ਟਾਇਰ ਬਣਾਉਣ ਵਾਲੀ ਕੰਪਨੀ ਦਾ ਦੌਰਾ ਕੀਤਾ। ਕਿਮ ਨੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਮਿਲੀਆਂ ਰਿਪੋਰਟਾਂ ਦੇ ਅਨੁਸਾਰ ਕਿਮ ਨੇ ਸਿਤੰਬਰ ‘ਚ ਅਨਾਮੋਕਗਾਂਗ ਟਾਇਰ ਫੈਕਟਰੀ ਨੂੰ ਨਵਬੰਰ ‘ਚ ‘ਗ੍ਰੇਟ ਈਵੈਂਟ’ ਦੇ ਲਈ ਟਾਇਰ ਬਣਾਉਣ ਦਾ ਹੁਕਮ ਦਿੱਤਾ ਸੀ। ਪਾਬੰਦੀ ਦੇ ਬਾਵਜੂਦ ਉਤਰ ਕੋਰੀਆ ਨੇ 29 ਨਵੰਬਰ ਨੂੰ ਹਾਸੋਂਗ-15 ਆਈਸੀਬੀਐਮ ਦਾ ਪ੍ਰੀਖਣ ਕੀਤਾ।
ਅਮਰੀਕਾ ਨੇ ਦਿੱਤੀ ਉੱਤਰੀ ਕੋਰੀਆ ਨੂੰ ਤਬਾਹ ਕਰਨ ਦੀ ਧਮਕੀ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਨੇ ਕਿਮ ਜੌਂਗ-ਉਨ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਦੇ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਚਲ ਰਹੇ ਅੜਿੱਕੇ ਕਾਰਨ ਜੰਗ ਹੁੰਦੀ ਹੈ ਤਾਂ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਇਸ ਨੇ ਸਾਰੇ ਦੇਸ਼ਾਂ ਨੂੰ ਕਿਹਾ ਕਿ ਉਹ ਉੱਤਰੀ ਕੋਰੀਆ ਦੀਆਂ ਹਮਲਾਵਰ ਕਾਰਵਾਈਆਂ ਲਈ ਸਜ਼ਾ ਦੇਣ ਵਾਸਤੇ ਉਸ ਨਾਲ ਆਰਥਿਕ ਤੇ ਕੂਟਨੀਤਕ ਸਬੰਧ ਤੋੜ ਲੈਣ। ਉੱਤਰੀ ਕੋਰੀਆ ਵਲੋਂ ਹਾਲ ਹੀ ਮਿਜ਼ਾਈਲ ਦਾਗਣ ਦੇ ਮੁੱਦੇ ‘ਤੇ ਚਰਚਾ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕਾਸਲ ਦੀ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਵ ਸੰਗਠਨ ਵਿਚ ਅਮਰੀਕਾ ਦੀ ਰਾਜਦੂਤ ਨਿਕੀ ਹੈਲੇ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਤਾਜ਼ਾ ਬਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕਰਕੇ ਵਿਸ਼ਵ ਨੂੰ ਜੰਗ ਦੇ ਕੰਢੇ ‘ਤੇ ਪੁਚਾ ਦਿੱਤਾ ਹੈ। ਇਹ ਮਿਜ਼ਾਈਲ ਅਮਰੀਕਾ ਦੇ ਮੁੱਖ ਜ਼ਮੀਨੀ ਖੇਤਰ ਤਕ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ।
ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਦੀ ਹੱਤਿਆ
ਕੈਲੀਫੋਰਨੀਆ/ਬਿਊਰੋ ਨਿਊਜ਼ :ਯੂਐਸਏ ਰਹਿੰਦੇ ਪੰਜਾਬੀ ਟਰੱਕ ਡਰਾਈਵਰ ਦੀ ਗੋਲੀਆਂ ਨਾਲ ਵਿੰਨੀ ਲਾਸ਼ ਉਸ ਦੇ ਫਲੈਟ ਵਿਚੋਂ ਮਿਲੀ ਹੈ, ਜਿਸ ਦੇ ਸਿਰ ਵਿਚ ਗੋਲੀਆਂ ਵੱਜੀਆਂ ਹਨ। ਹਰਦੀਪ ਸਿੰਘ ਟਿਵਾਣਾ ਨਾਂ ਦਾ 30 ਸਾਲਾ ਨੌਜਵਾਨ ਨਾਭਾ ਨੇੜੇ ਪਿੰਡ ਦਿੱਤੂਪੁਰ ਜੱਟਾਂ ਦਾ ਰਹਿਣ ਵਾਲਾ ਸੀ ਜੋ ਕਰੀਬ 8 ਸਾਲ ਪਹਿਲਾਂ ਅਮਰੀਕਾ ਗਿਆ ਸੀ, ਉਸ ਦੀ ਲਾਸ਼ ਕੈਂਬਰਿਜ ਅਪਾਰਟਮੈਂਟ ਕੰਪਲੈਕਸ ਸਾਊਥਵੈਸਟ ਬੇਕਰਸਫੀਲਡ ਕੈਲੀਫੋਰਨੀਆ ਯੂ. ਐਸ.ਏ. ‘ਚੋਂ ਬਰਾਮਦ ਹੋਈ ਹੈ। ਇਸ ਨੌਜਵਾਨ ਦਾ ਕਤਲ ਪਿਛਲੇ ਸ਼ੁੱਕਰਵਾਰ ਨੂੰ ਹੋਇਆ ਹੈ, ਜਿਸ ਦਾ ਪਤਾ ਕਾਫੀ ਦੇਰ ਬਾਅਦ ਲੱਗਿਆ ਹੈ। ਹਰਦੀਪ ਦੀ ਮਾਤਾ ਦੀ ਵੀ ਕਿਸੇ ਬਿਮਾਰੀ ਕਾਰਨ ਮੌਤ ਹੋ ਜਾਣ ਦੀਆਂ ਖ਼ਬਰਾਂ ਹਨ। ਅਮਰੀਕਾ ਵਿਚ ਪੰਜਾਬੀ ਨੌਜਵਾਨ ਦੇ ਕਤਲ ਦੀ ਇਸ ਹਫ਼ਤੇ ਵਿਚ ਇਹ ਦੂਸਰੀ ਘਟਨਾ ਹੈ।

Check Also

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਵਿਚ ਨਵਾਜ਼ ਸ਼ਰੀਫ ਵੀ ਰਹੇ ਹਾਜ਼ਰ ਇਸਲਾਮਾਬਾਦ/ਬਿਊਰੋ ਨਿਊਜ਼ ਸ਼ਾਹਬਾਜ਼ ਸ਼ਰੀਫ਼ ਨੇ 2022 …