ਅੰਮ੍ਰਿਤਸਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੰਨਿਆ ਹੈ ਕਿ ਪਾਕਿ ਦੀ ਮੌਜੂਦਾ ਹਾਲਤ ਭਿਖਾਰੀ ਵਰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਨੂੰ ਕਰਜ਼ਾ ਦੇਣ ਦੇ ਮਾਮਲੇ ‘ਚ ਕੌਮਾਂਤਰੀ ਮੁਦਰਾ ਫ਼ੰਡ (ਆਈਐੱਮਐਫ) ਵਲੋਂ ਅਪਣਾਏ ਸਖ਼ਤ ਰੁਖ਼ ਨੇ ਪ੍ਰਧਾਨ ਮੰਤਰੀ ਸ਼ਰੀਫ਼ ਤੇ ਉਨ੍ਹਾਂ ਦੀ ਸਰਕਾਰ ਦੇ ਆਤਮ-ਵਿਸ਼ਵਾਸ ਨੂੰ ਹਿਲਾ ਦਿੱਤਾ ਹੈ। ਪਾਕਿ ‘ਚ ਉਕਤ ਨਿਰਾਸ਼ਾ ਦੇ ਮਾਹੌਲ ਦੌਰਾਨ ਵੀ ਸ਼ਾਹਬਾਜ਼ ਸ਼ਰੀਫ਼ ਅਤੇ ਹੋਰਨਾਂ ਸਿਆਸਤਦਾਨਾਂ ਨੇ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਸ਼ਮੀਰ ਦੇ ਮੁੱਦੇ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਭੀਖ ਮੰਗਣ ਦਾ ਸਿਲਸਿਲਾ ਪਿਛਲੇ 75 ਸਾਲਾਂ ਤੋਂ ਚੱਲ ਰਿਹਾ ਹੈ, ਜਿਸ ਨੂੰ ਹਮੇਸ਼ਾ ਲਈ ਰੋਕਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਿਊਣਾ ਹੈ ਪਰ ਉਸ ਤਰੀਕੇ ਨਾਲ ਜਿਊਣਾ ਹੈ ਜਿਸ ਤਰ੍ਹਾਂ ਹੋਰ ਕੌਮਾਂ ਜਿਉਂਦੀਆਂ ਹਨ, ਭੀਖ ਮੰਗ ਕੇ ਨਹੀਂ। ਇਸ ਨੁਕਤੇ ਨੂੰ ਅੱਗੇ ਵਧਾਉਂਦੇ ਹੋਏ ਸ਼ਰੀਫ਼ ਨੇ ਮੰਨਿਆ ਕਿ ਮੌਜੂਦਾ ਸੰਕਟ ਦੌਰਾਨ ਪਾਕਿ ਆਪਣੇ ਕਸ਼ਮੀਰ ਏਜੰਡੇ ਨੂੰ ਅੱਗੇ ਵਧਾਉਣ ਦੀ ਸਥਿਤੀ ‘ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸ਼ਕਤੀ ਬਣਨ ਤੋਂ ਬਾਅਦ ਹੀ ਅਸੀਂ ਕਸ਼ਮੀਰੀਆਂ ਦੀ ਮਦਦ ਕਰ ਸਕਾਂਗੇ।