ਵਾਸ਼ਿੰਗਟਨ/ਬਿਊਰੋ ਨਿਊਜ਼ : ਸਿੱਖ-ਅਮਰੀਕੀ ਬੀਬੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਸਿੱਖ ਧਰਮ ਵਿਚ ਔਰਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ।
ਵਾਸ਼ਿੰਗਟਨ ਦੇ ਮੈਰੀਲੈਂਡ ਇਲਾਕੇ ਵਿਚ ਅਮਰੀਕਾ ਤੇ ਕੈਨੇਡਾ ਤੋਂ ਇਕੱਠੇ ਹੋਏ ਸੱਤ ਤੋਂ 17 ਸਾਲ ਦੇ ਲਗਪਗ 120 ਬੱਚਿਆਂ ਨੇ ਇਹ ਸਵਾਲ ਕੀਤਾ ਕਿ ਅੰਮ੍ਰਿਤਸਰ ਵਿਚ ਸਥਿਤ ਸ੍ਰੀ ਹਰਿਮੰਦਰ ਸਾਹਿਬ ‘ਚ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ।
ਲਗਾਏ ਗਏ ਵਿਸ਼ੇਸ਼ ਕੈਂਪ ਵਿਚ ਕਿਹਾ ਗਿਆ ਕਿ ਸਿੱਖ ਬੀਬੀਆਂ ਨੂੰ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਖ-ਵੱਖ ਸਮਿਆਂ ‘ਤੇ ਧਰਮ ਲਈ ਕੁਰਬਾਨੀਆਂ ਦੇ ਕੇ ਵੱਡਾ ਯੋਗਦਾਨ ਪਾਇਆ ਹੈ। ਕੈਂਪ ਵਿਚ ਸ਼ਾਮਿਲ ਬੱਚਿਆਂ ਨੂੰ ਸੰਬੋਧਨ ਕਰਦਿਆਂ ਅਮਰੀਕੀ ਸਿੱਖ ਰਾਜਵੰਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਗੁਰਬਾਣੀ ਕੀਰਤਨ ਦਾ ਬਹੁਤ ਮਹੱਤਵ ਹੈ ਤੇ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ। ਇਸ ਕੈਂਪ ਨੂੰ ਲਗਾਉਣ ਵਿਚ ਵਾਸ਼ਿੰਗਟਨ ਸਥਿਤ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨੇ ਅਹਿਮ ਯੋਗਦਾਨ ਪਾਇਆ। ਮੈਰੀਲੈਂਡ ਦੀ ਕੌਂਸਲਰ ਸਹਿਜਨੀਤ ਕੌਰ ਨੇ ਕਿਹਾ ਕਿ ਸਿੱਖ ਪੰਥ ਇਸ ਵੇਲੇ ਜਿਸ ਪੁਜ਼ੀਸ਼ਨ ‘ਤੇ ਹੈ ਉਸ ਵਿਚ ਸਿੱਖ ਬੀਬੀਆਂ ਦਾ ਅਹਿਮ ਯੋਗਦਾਨ ਹੈ।