8.2 C
Toronto
Friday, November 7, 2025
spot_img
Homeਦੁਨੀਆਤਰਕਸ਼ੀਲ ਨਾਟਕ ਮੇਲੇ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

ਤਰਕਸ਼ੀਲ ਨਾਟਕ ਮੇਲੇ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਨੂੰ 1:30 ਵਜੇ ਕਰਵਾਇਆ ਜਾ ਰਿਹਾ ‘ਤਰਕਸ਼ੀਲ ਨਾਟਕ ਮੇਲਾ’ ਸ਼ਹੀਦੇ ਆਜ਼ਮ ਭਗਤ ਸਿੰਘ  ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਹੋਵੇਗਾ। ਇਸ ਸਬੰਧੀ ਬੀਤੇ ਐਤਵਾਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਲੋਕਾਂ ਵਿੱਚ ਇਸ ਮੇਲੇ ਲਈ ਭਾਰੀ ਉਤਸ਼ਾਹ ਹੈ। ਮੈਂਬਰਾਂ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਵੱਡੀ ਗਿਣਤੀ ਵਿੱਚ ਪਰੋਗਰਾਮ ਲਈ ਟਿਕਟਾਂ ਲਈਆਂ ਤਾਂ ਜੋ ਦਰਸ਼ਕਾਂ ਤੱਕ ਪਹੁੰਚਾਈਆਂ ਜਾਣ। ਇਸ ਪ੍ਰੋਗਰਾਮ ਵਿੱਚ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਵਿੱਚ ਤਿਆਰ ਕਰਵਾਏ ਜਾ ਰਹੇ ਨਾਟਕਾਂ ਅਤੇ ਕੋਰੀਓਗਰਾਫੀਆਂ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਵਿਸ਼ੇਸ਼ ਤੌਰ ‘ਤੇ ਵਿਚਾਰ ਵਟਾਂਦਰਾ ਹੋਵੇਗਾ।
ਇਸ ਪ੍ਰੋਗਰਾਮ ਵਿੱਚ ਸੁਖਜੀਤ ਦੀ ਕਹਾਣੀ ਤੇ ਆਧਾਰਿਤ ਮਾ: ਤਰਲੋਚਨ ਸਿੰਘ ਦੁਆਰਾ ਲਿਖਿਆ ਨਾਟਕ ‘ਆਦਮਖੋਰ’ ਪੇਸ਼ ਕੀਤਾ ਜਾਵੇਗਾ। ਇਹ ਨਾਟਕ ਡੇਰਿਆਂ ਦੇ ਬਾਬਿਆਂ ਦੁਆਰਾ ਲੋਕਾਂ ਦਾ ਮਾਨਸਿਕ ਸ਼ੋਸ਼ਣ ਕਰ ਕੇ ਉਹਨਾ ਦੀ ਜ਼ਰ, ਜ਼ੋਰੂ ਅਤੇ ਜ਼ਮੀਨ ਹਥਿਆਉਣ ਦੀਆਂ ਕੋਝੀਆਂ ਚਾਲਾਂ ਨੂੰ ਉਜਾਗਰ ਕਰਦਾ ਹੋਇਆ ਦੱਸਦਾ ਹੈ ਕਿ ਡੇਰੇ ਕਿਸ ਤਰ੍ਹਾਂ ਸਿਆਸੀ ਨੇਤਾਵਾਂ ਅਤੇ ਪੁਲਿਸ ਨਾਲ ਸਾਂਝ ਪਾ ਕੇ ਆਮ ਲੋਕਾਂ ਲਈ ਆਦਮਖੋਰ ਸਾਬਤ ਹੋ ਰਹੇ ਹਨ। ਹਰਵਿੰਦਰ ਦੀਵਾਨਾ ਦੇ ਲਿਖੇ ਦੂਜੇ ਨਾਟਕ ‘ਪੰਜਾਬ ਸਿਉਂ ਆਵਾਜ਼ਾਂ ਮਾਰਦਾ’ ਵਿੱਚ  ਮੌਜੂਦਾ ਸਿਸਟਮ ਵਿੱਚ ਪੰਜਾਬ ਦੇ ਲੋਕਾਂ ਦੀ ਖਾਸ ਤੌਰ ‘ਤੇ ਸਾਧਾਰਨ ਕਿਸਾਨੀ ਦੀ ਨਿੱਘਰ ਰਹੀ ਹਾਲਤ ਜੋ ਕਿ ਵਪਾਰੀਆਂ ਦੀ ਸਿਆਸੀ ਭਾਈਵਾਲੀ ਨਾਲ ਲੁੱਟ ਕਰਨ ਦੇ ਕਾਰਣ ਹੈ ਅਤੇ ਨੌਜਵਾਨੀ ਦਾ ਸਿਆਸੀ ਸਰਪ੍ਰਸਤੀ ਹੇਠ ਨਸ਼ਿਆਂ ਵਿੱਚ ਗਲਤਾਨ ਹੋਣ ਦਾ ਬ੍ਰਿਤਾਂਤ ਹੈ। ਇਹ ਨਾਟਕ ਭਗਤ ਸਿੰਘ ਦੀ ਵਿਚਾਰਧਾਰਾ ‘ਆਦਮੀ ਹੱਥੋਂ ਆਦਮੀ ਦੀ ਲੁੱਟ ਖਤਮ ਕਰਨ’ ਲਈ ਸੰਘਰਸ਼ ਦਾ ਸੁਨੇਹਾ ਦਿੰਦਾ ਹੈ। ਇਨ੍ਹਾਂ ਨਾਟਕਾਂ ਤੋਂ ਬਿਨਾਂ ਭਗਤ ਸਿੰਘ ਦੇ ਜੀਵਣ ਅਤੇ ਲੋਕ ਮਸਲਿਆਂ ਨਾਲ ਸਬੰਧਤ ਕੋਰੀਓਗਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆ।
ਇਹਨਾਂ ਨਾਟਕਾਂ ਤੋਂ ਬਿਨਾਂ ਬਹੁਤ ਹੀ ਮਨੋਰੰਜਕ ਜਾਦੂ ਦੇ ਟਰਿੱਕ ਵੀ ਦਿਖਾਏ ਜਾਣਗੇ ਜੋ ਬੱਚਿਆਂ ਲਈ ਖਾਸ ਤੌਰ ਤੇ ਖਿੱਚ ਦਾ ਕੇਂਦਰ ਹੋਣਗੇ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਣ ਸਿੰਘ ਵੀ ਇਸ ਪਰੋਗਰਾਮ ਵਿੱਚ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਨਗੇ।
ਤਰਕਸ਼ੀਲ ਸੁਸਾਇਟੀ ਵਲੋਂ ਆਮ ਲੋਕਾਂ ਨੂੰ ਅਪੀਲ ਹੈ ਕਿ ਗੈਬੀ ਸ਼ਕਤੀਆਂ, ਕਰਾਮਾਤਾਂ, ਧਾਗੇ ਤਬੀਤਾਂ ਵਗੈਰਾ ਨਾਲ ਤਕਲੀਫਾਂ ਦੂਰ ਕਰਨ ਦੇ ਦਿਲ ਲੁਭਾਊ ਲਾਰਿਆਂ ਤੋਂ ਬਚ ਕੇ ਰਹਿਣ। ਅੰਧ-ਵਿਸ਼ਵਾਸ਼ ਦਾ ਪੱਲਾ ਛੱਡਣ, ਵਹਿਮਾਂ ਭਰਮਾਂ ਨੂੰ ਮਨਾਂ ਚੋਂ ਕੱਢਣ ਅਤੇ ਜਿੰਦਗੀ ਦੇ ਮਸਲਿਆਂ ਦਾ ਹੱਲ ਤਰਕ ਦੇ ਆਧਾਰ ਤੇ ਲੱਭਣ ਅਤੇ ਵਿਗਿਆਨਕ ਸੋਚ ਅਪਣਾਉਣ। ਇਸ ਪਰੋਗਰਾਮ ਲਈ ਟਿਕਟ ਸਿਰਫ ਦਸ ਡਾਲਰ ਹੈ। ਥੀਏਟਰ ਵਿੱਚ ਦਾਖਲਾ 1:00 ਵਜੇ ਸ਼ੁਰੂ ਹੋ ਜਾਵੇਗਾ। ਟਿਕਟਾਂ ਤੇ ਸੀਟ ਨੰਬਰ ਹਨ ਇਸ ਲਈ ਦਰਸ਼ਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਰਿਵਾਰ ਜਾਂ ਦੋਸਤਾਂ ਲਈ ਇਕੱਠੇ ਟਿਕਟ ਲੈ ਲੈਣ। ਪਰੋਗਰਾਮ ਲਈ ਟਿਕਟਾਂ ਅਤੇ ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਲਰਾਜ ਛੋਕਰ (647-838-4749 ) ਬਲਦੇਵ ਰਹਿਪਾ (416-881-7202), ਡਾ: ਬਲਜਿੰਦਰ ਸੇਖੋਂ (905-781-1197), ਨਛੱਤਰ ਬਦੇਸ਼ਾ ( 647-267-3397), ਨਿਰਮਲ ਸੰਧੂ (416-835-3450) ਜਾਂ ਹਰਜੀਤ ਬੇਦੀ (647-924-9087), ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਪਰੋਗਰਾਮ ਲਈ ਟਿਕਟਾਂ ਆਲ ਰਿਸਕ ਇੰਸ਼ੋਰੈਂਸ਼ ਤੇਜਿੰਦਰ ਬੇਦੀ (905-564-2222) 7050-ਬਰੈਮਲੀ ਰੋਡ ਯੂਨਿਟ ਨੰ: 12 ਮਿਸੀਸਾਗਾ, ਐਕਸੈਲ ਇੰਸ਼ੋਰੈਂਸ਼ ਕੁਲਦੀਪ ਚਾਹਲ (647-290-9267) 1332-ਖਾਲਸਾ ਡਰਾਇਵ ਯੂਨਿਟ ਨ: 11 ਮਿਸੀਸਾਗਾ, ਉੱਪਲ ਟੂਰਜ਼ ਐਂਡ ਟਰੈਵਲਜ਼ (905-676-8200) 2857 ਡੈਰੀ ਰੋਡ ਈਸਟ ਮਿਸੀਸਾਗਾ, ਜਾਂ ਮਾਨ ਟੂਰਜ਼ ਐਂਡ ਟਰੈਵਲਜ਼ (905-497-4100) 60- ਕੋਟਰਿਲ ਬੁਲੇਵਾਡ/ ਮਾਨ ਟਰੈਵਲਜ਼ (905-592-2000) 499-ਰੇਲਾਸਨ ਬੁਲੇਵਾਡ ਯੂਨਿਟ-32, ਬਰੈਂਪਟਨ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

Previous article
ਘੱਟੋ-ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਵਾਉਣ ਲਈ ਮੁਹਿੰਮ ਦੀ ਸ਼ੁਰੂਆਤ ਰੈਂਪਟਨ : ਘੱਟੋ-ਘੱਟ ਉਜਰਤ 15 ਡਾਲਰ ਅਤੇ ਫੇਅਰਨੈਸ ਯੂਨੀਅਨ ਦੇ ਬਰੈਂਪਟਨ ਚੈਪਟਰ ਦੇ ਵਲੰਟੀਅਰਾਂ ਵਲੋਂ ਇਕ ਮੀਟਿੰਗ ਕਰਕੇ ਇਸ ਭਖਵੇਂ ਮੁੱਦੇ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਓਨਟਾਰੀਓ ਸੂਬੇ ਵਿਚ ਕੰਮ ਕਰਦੇ ਕਾਮਿਆਂ ਦੀ ਘੱਟੋ-ਘੱਟ ਉਜਰਤ ਸਿਰਫ ਗਿਆਰਾਂ ਡਾਲਰ ਚਾਲੀ ਸੈਂਟ ਪ੍ਰਤੀ ਘੰਟਾ ਮਿਲਦਾ ਹੈ। ਉਜਰਤ ਵਿਚ ਇਹ ਵਾਧਾ ਵੀ ਯੂਨੀਅਨਾਂ ਦੇ ਬੜੇ ਲੰਮੇ ਸੰਘਰਸ਼ਾਂ ਤੋਂ ਬਾਅਦ ਬਹੁਤ ਹੀ ਧੀਮੀ ਗਤੀ ਨਾਲ ਕੀਤਾ ਗਿਆ ਹੈ, ਜਦੋਂ ਕਿ ਖਰੀਦਣ ਵਾਲੀ ਹਰ ਵਸਤੂ ‘ਚ ਪਿਛਲੇ ਕੁਝ ਸਾਲਾਂ ਦੇ ਸਮੇਂ ਵਿਚ ਹੀ ਕਈ ਗੁਣਾ ਵਾਧਾ ਹੋਇਆ ਹੈ। ਘਰਾਂ ਦੀਆਂ ਕੀਮਤਾਂ ਤਾਂ ਅਸਮਾਨੀ ਚੜ੍ਹ ਚੁੱਕੀਆਂ ਹਨ। ਘੱਟੋ-ਘੱਟ ਉਜਰਤ ‘ਤੇ ਕੰਮ ਕਰਨ ਵਾਲੇ ਕਾਮਿਆਂ ਲਈ ਤਾਂ ਦਹਾਕਿਆਂ ਬੱਧੀ ਕੰਮ ਕਰਕੇ ਵੀ ਘਰ ਲੈਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਘਰ ਖਰੀਦ ਚੁੱਕੇ ਬਹੁਤੇ ਲੋਕਾਂ ਲਈ ਵੀ ਘਰ ਦੇ ਸਾਰੇ ਖਰਚਿਆਂ ਨੂੰ ਚੱਲਦੇ ਰੱਖਣਾ ਵੀ ਜੋਖ਼ਮ ਭਰਿਆ ਕੰਮ ਬਣ ਗਿਆ ਹੈ। ਬਾਹਰਲੇ ਮੁਲਕਾਂ ‘ਚੋਂ ਆ ਰਹੇ ਨਵੇਂ ਇਮੀਗਰਾਂਟਸ ਲਈ ਤਾਂ ਇਹ ਦਿੱਕਤਾਂ ਹੋਰ ਵੀ ਵਧ ਗਈਆਂ ਹਨ। ਪ੍ਰੋਫੈਸ਼ਨਲ ਕਿੱਤਿਆਂ ਨਾਲ ਸਬੰਧਤ ਲੋਕਾਂ ਨੂੰ ਵੀ ਇੱਥੇ ਆ ਕੇ ਲੰਮਾ ਸਮਾਂ ਮਿਨੀਅਮ ਵੇਜ਼ ‘ਤੇ ਹੀ ਕੰਮ ਕਰਨਾ ਪੈਂਦਾ ਹੈ। ਦੂਜੀ ਵੱਡੀ ਦਿੱਕਤ ਇਹ ਹੈ ਕਿ ਬਹੁਤੇ ਲੋਕਾਂ ਨੂੰ ਪ੍ਰਾਈਵੇਟ ਏਜੰਸੀਆਂ ਰਾਹੀਂ ਹੀ ਕੰਮ ਮਿਲਦਾ ਹੈ ਤੇ ਅੱਗੇ ਫਿਰ ਮਾਲਕ ‘ਤੇ ਨਿਰਭਰ ਕਰਦਾ ਹੈ ਕਿ ਉਹ ਕੰਮ ਦੇ ਤਿੰਨ ਘੰਟੇ ਲਵਾ ਕੇ ਵਰਕਰ ਨੂੰ ਘਰ ਤੋਰ ਦਿੰਦਾ ਹੈ ਜਾਂ ਫਿਰ ਅੱਠ ਘੰਟੇ ਕੰਮ ਕਰਵਾਉਂਦਾ ਹੈ। ਪੱਕੇ ਕੰਮ ਦੀ ਕੋਈ ਗਰੰਟੀ ਨਹੀਂ ਹੈ। ਏਜੰਸੀਆਂ ਰਾਹੀਂ ਕੰਮ ਕਰਨ ਵਾਲੇ ਵਰਕਰਾਂ ਲਈ ਵੱਡੀ ਦਿੱਕਤ ਇਹ ਹੈ ਕਿ ਆਰਜ਼ੀ ਕਾਮਿਆਂ ਵਲੋਂ ਧੱਕੇ ਨਾਲ ਵੱਧ ਤੋਂ ਵੱਧ ਕੰਮ ਕਰਵਾਇਆ ਜਾਂਦਾ ਹੈ ਜੋ ਵਰਕਰ ਇਸ ਦੀ ਸ਼ਿਕਾਇਤ ਕਰਦਾ ਹੈ, ਉਸ ਨੂੰ ਕੰਮ ‘ਤੇ ਨਹੀਂ ਬੁਲਾਇਆ ਜਾਂਦਾ। ਕਾਹਲੀ ਨਾਲ ਕੰਮ ਕਰਦੇ ਸਮੇਂ ਕਈ ਵਰਕਰਾਂ ਦੇ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ। ਇਹ ਵਰਕਰ ਜਿਸ ਥਾਂ ‘ਤੇ ਕੰਮ ਕਰਦੇ ਹਨ, ਉਹ ਮਾਲਕ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਏਜੰਸੀ ਵਾਲਿਆਂ ਦੀ ਇੰਸੋਰੈਂਸ ਵਰਕਰ ਦੀ ਥੋੜ੍ਹੀ ਬਹੁਤ ਮੱਦਦ ਕਰਦੀ ਹੈ। ਜੇ ਸੱਟਾਂ ਗੰਭੀਰ ਹਨ ਫਿਰ ਉਹ ਵੀ ਜਵਾਬ ਦੇ ਦਿੰਦੇ ਹਨ। ਏਜੰਸੀ ਵਾਲੇ ਆਪਣੀ ਕੰਪਨੀ ਦੀ ਬੈਂਕ ਕਰੁਪਸੀ ਸ਼ੋਅ ਕਰਕੇ ਨਵੇਂ ਥਾਂ ‘ਤੇ ਜਾ ਕੇ ਨਵੀਂ ਕੰਪਨੀ ਖੋਲ੍ਹ ਲੈਂਦੇ ਹਨ। ਮਿਨੀਮਮ ਵੇਜ਼ ਪੰਦਰਾਂ ਡਾਲਰ ਕਰਵਾਉਣ ਦੀ ਇਹ ਮੁਹਿੰਮ ਅਮਰੀਕਾ ਦੇ ਕਈ ਸੂਬਿਆਂ ਵਿਚ ਚੱਲ ਰਹੀ ਹੈ। ਕਈ ਥਾਵਾਂ ਉਪਰ ਤਾਂ ਕਾਮੇ ਇਹ ਹੱਕ ਪ੍ਰਾਪਤ ਕਰਨ ਵਿਚ ਕਾਮਯਾਬ ਵੀ ਹੋ ਚੁੱਕੇ ਹਨ। ਬਰੈਂਪਟਨ ਸ਼ਹਿਰ ਦੇ ਬਹੁਤੇ ਕਾਮੇ ਮਿਨੀਮਮ ਵੇਜ ‘ਤੇ ਕੰਮ ਕਰਦੇ ਹਨ। ਜਿਨ੍ਹਾਂ ਵਿਚ ਸਾਊਥ ਏਸ਼ੀਅਨ ਔਰਤਾਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ ਵਿਚ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਵਰਗ ਵਿਚੋਂ ਹਨ, ਪਰ ਹੁਣ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਕਿ ਉਹ ਆਪਣੀ ਪੜ੍ਹਾਈ ਨੂੰ ਅੱਗੇ ਚਾਲੂ ਰੱਖ ਸਕਣ ਅਤੇ ਆਪਣੇ ਆਪ ਨੂੰ ਚੰਗੀਆਂ ਨੌਕਰੀਆਂ ਲੈਣ ਦੇ ਯੋਗ ਬਣਾ ਸਕਣ। ਬਰੈਂਪਟਨ ਦੇ ਨੌਜਵਾਨਾਂ ਵਲੋਂ ਇਕੱਠੇ ਹੋ ਕੇ ਪ੍ਰਣ ਲਿਆ ਗਆ ਹੈ ਕਿ ਉਹ ਇਸ ਮਸਲੇ ਪ੍ਰਤੀ ਚੇਤਨਾ ਪੈਦਾ ਕਰਨ ਲਈ ਪਬਲਿਕ ਥਾਵਾਂ, ਕੰਮ ਦੀਆਂ ਥਾਵਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਜਾ ਕੇ ਪ੍ਰਚਾਰ ਕਰਨਗੇ। ਬਰੈਂਪਟਨ ਚੈਪਟਰ ਦੇ ਸਾਰੇ ਵਲੰਟੀਅਰਾਂ ਵਲੋਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ ਆਪਣੇ ਏਰੀਏ ਦੇ ਐਮਪੀਪੀ ਨੂੰ ਇਸ ਮੁੱਦੇ ਲਈ ਸੁਚੇਤ ਕਰਨ ਤਾਂ ਕਿ ਉਹ ਸਮੇਂ ਦੀ ਸਰਕਾਰ ‘ਤੇ ਦਬਾਅ ਪਾ ਕੇ ਘੱਟੋ ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਵਾਉਣ ਲਈ ਸਫਲ ਹੋ ਸਕਣ। -ਨਾਹਰ ਸਿੰਘ ਔਜਲਾ
Next article
RELATED ARTICLES
POPULAR POSTS