ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਲਈ ਸਾਲ 2018 ਬੜਾ ਵਧੀਆ ਹੈ ਜਿਸ ਦੇ ਸ਼ੁਰੂ ਵਿਚ ਹੀ ਇਸ ਨੂੰ ਵੱਖ-ਵੱਖ ਕਮਿਊਨਿਟੀਆਂ ਦੇ ਆਪਸੀ ਤਾਲਮੇਲ ਅਤੇ ਸਮਾਜ ਭਲਾਈ ਦੇ ਪ੍ਰੋਗਰਾਮਾਂ ਲਈ ਨਵੀਂ ਫੰਡਿਗ ਮਿਲ ਰਹੀ ਹੈ। ਫ਼ੈੱਡਰਲ ਸਰਕਾਰ ਤੋਂ ਪ੍ਰਾਪਤ ਹੋਣ ਵਾਲੀ ਇਹ ਨਵੀਂ ਫ਼ੰਡਿੰਗ ਸੀਨੀਅਰਾਂ, ਨੌਜਵਾਨਾਂ ਅਤੇ ਕਈ ਹੋਰਨਾਂ ਦੇ ਪਹੁੰਚ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਨਿਰਧਾਰਿਤ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ,”ਬਰੈਂਪਟਨ ਸਾਊਥ ਵਾਸੀਆਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਸਰਕਾਰ ਕਮਿਊਨਿਟੀਆਂ ਦੀ ਬੇਹਤਰੀ ਲਈ ਪੂੰਜੀ ਨਿਵੇਸ਼ ਕਰ ਰਹੀ ਹੈ। ਜਦੋਂ ਅਸੀਂ ਕੈਨੇਡਾ-ਵਾਸੀਆਂ ਦੇ ਜੀਵਨ-ਪੱਧਰ ਨੂੰ ਉਚੇਰਾ ਚੁੱਕਣ ਲਈ ਪੂੰਜੀ ਨਿਵੇਸ਼ ਕਰਦੇ ਹਾਂ ਤਾਂ ਇਸ ਦਾ ਸਾਨੂੰ ਸਾਰਿਆਂ ਨੂੰ ਹੀ ਲਾਭ ਹੁੰਦਾ ਹੈ।
ਸਾਡੀ ਸਰਕਾਰ ਮੱਧ-ਵਰਗੀਆਂ ਅਤੇ ਇਸ ਵਰਗ ਨਾਲ ਜੁੜਨ ਲਈ ਸੰਘਰਸ਼ ਕਰ ਰਹੇ ਵਿਅੱਕਤੀਆਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।” ਸਰਕਾਰ ਦੇ ‘ਕੋਡਿੰਗ ਕੁਐੱਸਟ’ ਪ੍ਰੋਗਰਾਮ ਅਧੀਨ ‘ਲਰਨਿੰਗ ਪਾਰਟਨਰਸ਼ਿਪ’ ਰਾਹੀਂ ਬਰੈਂਪਟਨ ਨੂੰ ਇਕ ਮਿਲੀਅਨ ਡਾਲਰ ਦਾ ਲਾਭ ਹੋਵੇਗਾ। ਇਹ ਰਾਸ਼ੀ ਫ਼ੈੱਡਰਲ ਸਰਕਾਰ ਦੇ 50 ਮਿਲੀਅਨ ਡਾਲਰ ਵਾਲੇ ‘ਕੈਨਕੋਡ’ ਪ੍ਰੋਗਰਾਮ ਵਿੱਚੋਂ ਐਲੋਕੇਟ ਕੀਤੀ ਗਈ ਹੈ ਜਿਹੜਾ ਕਿ ਮਾਣਯੋਗ ਮੰਤਰੀ ਨਵਦੀਪ ਬੈਂਸ ਦੀ ਯੋਗ ਅਗਵਾਈ ਹੇਠ ਉਨ੍ਹਾਂ ਦੇ ਖੋਜ, ਸਾਇੰਸ ਅਤੇ ਇਕਨਾਮਿਕ ਡਿਵੈੱਲਮੈਂਟ ਮੰਤਰਾਲੇ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਕਿੰਡਰਗਾਰਟਨ ਤੋਂ ਲੈ ਕੇ ਗਰੇਡ-12 ਤੱਕ ਦੇ ਵਿਦਿਆਰਥੀਆਂ ਨੂੰ ਕੋਡਿੰਗ ਅਤੇ ਹੋਰ ਡਿਜੀਟਲ ਸਕਿੱਲ ਸਿੱਖਣ ਲਈ ਮੌਕੇ ਪ੍ਰਦਾਨ ਕਰਦਾ ਹੈ।
ਫ਼ੰਡਿੰਗ ਦਾ ਦੂਸਰਾ ਸੈੱਟ ‘ਨਿਊ ਹੌਰਾਈਜ਼ਨਜ਼ ਫ਼ਾਰ ਸੀਨੀਅਰਜ਼ ਪ੍ਰੋਗਰਾਮ’ (ਐੱਨ.ਐੱਚ.ਐੱਸ.ਪੀ.) ਅਧੀਨ ਆਇਆ ਹੈ ਜਿਹੜਾ ਕਿ ਸੀਨੀਅਰਾਂ ਨੂੰ ਵੱਖ-ਵੱਖ ਵਾਲੰਟੀਅਰ ਪ੍ਰੋਗਰਾਮਾਂ ਵਿਚ ਹਿੱਸਾ ਲੈ ਕੇ ਕਮਿਊਨਿਟੀਆਂ ਦੇ ਭਲੇ ਲਈ ਕੰਮ ਕਰਕੇ ਬੁਢਾਪੇ ਨੂੰ ਸਹੀ ਢੰਗ ਨਾਲ ਗੁਜ਼ਾਰਨ ਨਾਲ ਸਬੰਧਿਤ ਹੈ। ਇਸ ਪ੍ਰੋਗਰਾਮ ਵਿਚ ਸੀਨੀਅਰਜ਼ ਆਪਣੇ ਤਜਰਬੇ, ਸਕਿੱਲਜ਼ ਅਤੇ ਗਿਆਨ ਨੂੰ ਹੋਰਨਾਂ ਨਾਲ ਸਾਂਝਾ ਕਰਕੇ ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਵਧੀਆ ਯੋਗਦਾਨ ਪਾਉਂਦੇ ਹਨ ਅਤੇ ਇਸ ਦੇ ਲਈ ਬਰੈਂਪਟਨ ਸਾਊਥ ਨੂੰ 72,625 ਡਾਲਰ ਦੀ ਰਾਸ਼ੀ ਪ੍ਰਾਪਤ ਹੋਈ ਹੈ। ਹਾਲ ਵਿਚ ਹੀ 15,424 ਡਾਲਰ ਪੂੰਜੀ ਨਿਵੇਸ਼ ਦਾ ਤੀਸਰਾ ਸੈੱਟ ਇਸ ਹਫ਼ਤੇ ‘ਅਸੈੱਸੀਬਿਲਿਟੀ ਫ਼ੰਡਿਗ’ ਪ੍ਰੋਗਰਾਮ ਹੇਠ ਪ੍ਰਾਪਤ ਹੋਇਆ ਹੈ ਜਿਸ ਦਾ ਮਕਸਦ ਹਰੇਕ ਵਿਅੱਕਤੀ ਲਈ ਪਹੁੰਚ ਸਬੰਧੀ ਔਕੜਾਂ ਨੂੰ ਘਟਾਉਣਾ ਅਤੇ ਸਾਰਿਆਂ ਲਈ ਇਕੋ ਜਿਹੇ ਮੌਕੇ ਪ੍ਰਦਾਨ ਕਰਨ ਲਈ ਸੁਵਿਧਾ ਦੇਣਾ ਹੈ। ਸੋਨੀਆ ਸਿੱਧੂ ਨੇ ਪਿਛਲੇ ਸਾਲ ਇਸ ਸਬੰਧੀ ਆਪਣੇ ਡਾਊਨ ਟਾਊਨ ਆਫ਼ਿਸ ਵਿਚ ਰਾਊਂਡਟੇਬਲ ਮੀਟਿੰਗ ਕੀਤੀ ਸੀ ਜਿਸ ਵਿਚ ਹਾਜ਼ਰੀਨ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਸਾਹਮਣੇ ਆਈਆਂ ਸਨ।
ਸੋਨੀਆ ਸਿੱਧੂ ਨੇ ਕਿਹਾ, ਸਰਕਾਰ ਤੋਂ ਮਿਲਣ ਵਾਲੀ ਇਹ ਫ਼ੰਡਿੰਗ ਦਰਸਾਉਂਦੀ ਹੈ ਕਿ ਬਰੈਂਪਟਨ ਸਾਊਥ ਵਾਸੀ ਆਪਣੀਆਂ ਕਮਿਊਨਿਟੀਆਂ ਦੀ ਭਲਾਈ ਅਤੇ ਦੇਸ਼ ਦੇ ਅਰਥਚਾਰੇ ਵਿਚ ਆਪਣਾ ਵਧੀਆ ਯੋਗਦਾਨ ਪਾ ਸਕਦੇ ਹਨ। ਸਾਡੀ ਸਰਕਾਰ ਕੈਨੇਡਾ-ਵਾਸੀਆਂ ਵਿਚ ਪੂੰਜੀ ਨਿਵੇਸ਼ ਕਰਕੇ ਅਜਿਹੇ ਕੈਨੇਡਾ ਦਾ ਨਿਰਮਾਣ ਕਰਨ ਲਈ ਵਚਨਬੱਧ ਹੈ ਜੋ ਸਾਰਿਆਂ ਦੀ ਭਲਾਈ ਲਈ ਕੰਮ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਅਜੇ ਹੋਰ ਬਹੁਤ ਸਾਰਾ ਕੰਮ ਕਰਨ ਵਾਲਾ ਹੈ ਅਤੇ ਇਸ ਦੇ ਲਈ ਆਉਂਦੇ ਸਮੇਂ ਵਿਚ ਬਰੈਂਪਟਨ-ਵਾਸੀਆਂ ਨੂੰ ਸਰਕਾਰ ਵੱਲੋਂ ਹੋਰ ਪੂੰਜੀ-ਨਿਵੇਸ਼ ਦੀ ਵੱਡੀ ਆਸ ਹੈ।
Check Also
ਡੋਨਾਲਡ ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ : ਹੈਰਿਸ
ਕਮਲਾ ਹੈਰਿਸ ਨੇ ਟਰੰਪ ਦੀ ਜੰਮ ਕੇ ਕੀਤੀ ਆਲੋਚਨਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ …