ਭਾਰਤੀਆਂ ਨੂੰ ਇਜ਼ਰਾਈਲ ਵਿਚੋਂ ਵਾਪਸ ਲਿਆਉਣ ਲਈ ਸਰਕਾਰ ਹੋਈ ਯਤਨਸ਼ੀਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਜ਼ਰਾਈਲਹਮਾਸ ਜੰਗ ਦਾ ਅੱਜ ਅੱਠਵਾਂ ਦਿਨ ਹੈ। ਇਸਦੇ ਚੱਲਦਿਆਂ ਇਜ਼ਰਾਈਲ ਸਰਕਾਰ ਨੇ ਜੰਗ ‘ਤੇ ਨਜ਼ਰ ਰੱਖਣ ਲਈ ਯੂਨਿਟੀ ਸਰਕਾਰ ਅਤੇ ਤਿੰਨ ਮੈਂਬਰੀ ਵਾਰ ਕੈਬਨਿਟ ਬਣਾਈ ਹੈ। ਨਵੀਂ ਸਰਕਾਰ ਵਿਚ ਵਿਰੋਧੀ ਪਾਰਟੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੈਬਨਿਟ ਵਿਚ ਪ੍ਰਧਾਨ ਮੰਤਰੀ ਨੇਤਨਯਾਹੂ, ਵਿਰੋਧੀ ਆਗੂ ਬੇਨੀ ਗੈਂਟੂਜ ਅਤੇ ਮੌਜੂਦਾ ਡਿਫੈਂਸ ਮੰਤਰੀ ਯੋਵ ਗੈਲੇਂਟ ਸ਼ਾਮਲ ਕੀਤੇ ਗਏ ਹਨ। ਇਸੇ ਦੌਰਾਨ ਦੁਨੀਆ ਭਰ ਵਿਚੋਂ ਹਜ਼ਾਰਾਂ ਇਜ਼ਰਾਈਲੀ ਜੰਗ ਵਿਚ ਸ਼ਾਮਲ ਹੋਣ ਲਈ ਆਪਣੇ ਵਤਨ ਪਰਤ ਰਹੇ ਹਨ। ਗਰੀਸ ਤੋਂ ਲੈ ਕੇ ਨਿਊਯਾਰਕ ਤੱਕ ਏਅਰਪੇਰਟ ‘ਤੇ ਇਜ਼ਰਾਈਲੀਆਂ ਦੀ ਭੀੜ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਇਜ਼ਰਾਈਲ ਨੇ ਰਾਤ ਭਰ ਗਾਜ਼ਾ ‘ਤੇ ਹਮਲੇ ਕੀਤੇ, ਜਿਸ ਵਿਚ ਕਰੀਬ 51 ਫਲਸਤੀਨੀਆਂ ਦੀ ਮੌਤ ਹੋ ਗਈ ਸੀ।
ਸੱਤ ਅਕਤੂਬਰ ਤੋਂ ਸ਼ੁਰੂ ਹੋਈ ਇਸ ਜੰਗ ਵਿਚ ਹੁਣ ਤੱਕ 2300 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 1200 ਦੇ ਕਰੀਬ ਇਜ਼ਰਾਈਲੀ ਹਨ ਅਤੇ ਇਸੇ ਦੌਰਾਨ 1100 ਤੋਂ ਵੱਧ ਫਲਸਤੀਨੀਆਂ ਨੇ ਵੀ ਜਾਨ ਗੁਆਈ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਇਜ਼ਰਾਈਲ ਵਿਚ ਫਸੇ 18 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਪਰੇਸ਼ਨ ਅਜੇ ਦਾ ਐਲਾਨ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਕਾਰ ਅਪਰੇਸ਼ਨ ਅਜੇ ਦੇ ਤਹਿਤ ਭਾਰਤੀਆਂ ਨੂੰ ਇਜ਼ਰਾਈਲ ਵਿਚੋਂ ਵਾਪਸ ਲਿਆਏਗੀ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਇਜ਼ਰਾਈਲ ਵਿਚੋਂ ਵਾਪਸ ਆਉਣਾ ਚਾਹੁੰਦੇ ਹੋਵੇ, ਉਹ ਆ ਸਕਦਾ ਹੈ।
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀ ਕੀਤੀ ਗਈ ਮੁਕੰਮਲ ਘੇਰਾਬੰਦੀ ਅਤੇ ਜ਼ੋਰਦਾਰ ਹਮਲਿਆਂ ਦਰਮਿਆਨ ਫਲਸਤੀਨੀਆਂ ਨੂੰ ਸੁਰੱਖਿਅਤ ਥਾਂ ‘ਤੇ ਬਚਣ ਲਈ ਕੋਈ ਰਾਹ ਨਹੀਂ ਲੱਭ ਰਿਹਾ ਹੈ। ਇਜ਼ਰਾਇਲੀ ਫ਼ੌਜ ਦੇ ਹਮਲੇ ਨੇ ਗਾਜ਼ਾ ਨੇੜਲਾ ਪੂਰਾ ਇਲਾਕਾ ਤਬਾਹ ਕਰ ਦਿੱਤਾ ਹੈ ਅਤੇ ਹਸਪਤਾਲਾਂ ‘ਚ ਜ਼ਰੂਰੀ ਸਾਮਾਨ ਦੀ ਸਪਲਾਈ ਬਹੁਤ ਜ਼ਿਆਦਾ ਘਟ ਗਈ ਹੈ। ਹਵਾਈ ਹਮਲਿਆਂ ‘ਚ ਪੂਰਾ ਇਲਾਕਾ ਮਲਬੇ ‘ਚ ਤਬਦੀਲ ਹੋ ਗਿਆ ਹੈ ਅਤੇ ਅਣਗਿਣਤ ਲੋਕ ਮਲਬੇ ਹੇਠਾਂ ਦੱਬੇ ਗਏ ਹਨ।
ਹਮਾਸ ਵੱਲੋਂ ਅੰਦਾਜ਼ਨ 150 ਵਿਅਕਤੀਆਂ ਨੂੰ ਬੰਦੀ ਬਣਾਏ ਜਾਣ ਦੇ ਬਾਵਜੂਦ ਇਜ਼ਰਾਈਲ ਨੇ ਬੰਬਾਰੀ ਜਾਰੀ ਰੱਖੀ ਹੈ। ਇਜ਼ਰਾਈਲ ਨੇ ਗਾਜ਼ਾ ਪੱਟੀ ‘ਚ ਭੋਜਨ, ਪਾਣੀ, ਈਂਧਣ ਅਤੇ ਦਵਾਈਆਂ ਦਾ ਦਾਖ਼ਲਾ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹੋਰ ਮੁਲਕਾਂ ਅਤੇ ਹਥਿਆਰਬੰਦ ਗੁੱਟਾਂ ਨੂੰ ਜੰਗ ‘ਚ ਸ਼ਾਮਲ ਹੋਣ ਤੋਂ ਵਰਜਿਆ ਹੈ। ਲਿਬਨਾਨ ਦੇ ਦਹਿਸ਼ਤੀ ਗੁੱਟ ਹਿਜ਼ਬੁੱਲਾ ਨੇ ਇਜ਼ਰਾਇਲੀ ਫ਼ੌਜੀ ਟਿਕਾਣਿਆਂ ‘ਤੇ ਮਿਜ਼ਾਈਲਾਂ ਦਾਗ਼ਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਹਮਲੇ ‘ਚ ਕਈ ਜਵਾਨ ਹਲਾਕ ਅਤੇ ਜ਼ਖ਼ਮੀ ਹੋਏ ਹਨ। ਇਜ਼ਰਾਇਲੀ ਫ਼ੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਜਵਾਬੀ ਹਮਲੇ ‘ਚ ਇਜ਼ਰਾਇਲੀ ਫ਼ੌਜ ਨੇ ਦੱਖਣੀ ਲਿਬਨਾਨ ‘ਤੇ ਗੋਲਾਬਾਰੀ ਕੀਤੀ।
ਅਮਰੀਕੀ ਹਥਿਆਰ ਇਜ਼ਰਾਈਲ ਪੁੱਜੇ
ਦਹਿਸ਼ਤੀ ਸੰਗਠਨ ਹਮਾਸ ਖਿਲਾਫ ਜੰਗ ‘ਚ ਵਰਤਣ ਲਈ ਅਮਰੀਕੀ ਹਥਿਆਰਾਂ ਦੀ ਪਹਿਲੀ ਖੇਪ ਇਜ਼ਰਾਈਲ ਪੁੱਜ ਗਈ ਹੈ। ਇਜ਼ਰਾਇਲੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਵੀਡੀਓ ਫੁਟੇਜ ਅਤੇ ਤਸਵੀਰਾਂ ‘ਚ ਮਾਲਵਾਹਕ ਜਹਾਜ਼ ਉਤਰਦਾ ਦਿਖਾਈ ਦੇ ਰਿਹਾ ਹੈ। ਅਮਰੀਕਾ ਨੇ ਕਿਹਾ ਸੀ ਕਿ ਉਨ੍ਹਾਂ ਪਹਿਲਾਂ ਹੀ ਗੋਲੀ-ਸਿੱਕਾ ਅਤੇ ਫ਼ੌਜੀ ਸਾਜ਼ੋ-ਸਾਮਾਨ ਇਜ਼ਰਾਈਲ ਭੇਜਣਾ ਸ਼ੁਰੂ ਕਰ ਦਿੱਤਾ ਹੈ ਅਤੇ ਪੈਂਟਾਗਨ ਹਥਿਆਰਾਂ ਦੀ ਸਮੀਖਿਆ ਕਰ ਰਿਹਾ ਹੈ ਜਿਨ੍ਹਾਂ ਨੂੰ ਫੌਰੀ ਇਜ਼ਰਾਈਲ ਭੇਜਿਆ ਜਾ ਸਕਦਾ ਹੈ। ਹਥਿਆਰ ਭੇਜਣ ‘ਚ ਤੇਜ਼ੀ ਉਸ ਸਮੇਂ ਆਈ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਨੇ ਜਾਣਕਾਰੀ ਦਿੱਤੀ ਕਿ ਇਜ਼ਰਾਈਲ ‘ਚ ਮਾਰੇ ਗਏ ਅਮਰੀਕੀਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ।

