Breaking News
Home / ਦੁਨੀਆ / ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਪਾਕਿ ‘ਚ ਸਮਾਧ ਹੋਈ ਕਬਜ਼ਾ ਮੁਕਤ

ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਪਾਕਿ ‘ਚ ਸਮਾਧ ਹੋਈ ਕਬਜ਼ਾ ਮੁਕਤ

ਸਮਾਧ ਦੀ ਨਵ-ਉਸਾਰੀ ਮੁਕੰਮਲ ਹੋਣ ਉਪਰੰਤ ਇਹ ਸਿੱਖ ਸੰਗਤ ਲਈ ਖੋਲ੍ਹ ਦਿੱਤੀ ਜਾਵੇਗੀ
ਅੰਮ੍ਰਿਤਸਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਸ਼ੁਕਰਚੱਕੀਆ ਦੀ ਸਮਾਧ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪ੍ਰਸ਼ਾਸਨ ਨੇ ਕਬਜ਼ਾ ਮੁਕਤ ਕਰਵਾ ਲਿਆ ਹੈ ਅਤੇ ਇਸ ਦੀ ਨਵ-ਉਸਾਰੀ ਪੁਰਾਤਤਵ ਵਿਭਾਗ ਦੇ ਮਾਹਿਰਾਂ ਪਾਸੋਂ ਬਹੁਤ ਜਲਦੀ ਸ਼ੁਰੂ ਕਰਵਾਈ ਜਾਵੇਗੀ। ਜਾਣਕਾਰੀ ਮਿਲੀ ਹੈ ਕਿ ਗੁਜਰਾਂਵਾਲਾ ਦੀ ਜੀ.ਟੀ. ਰੋਡ ‘ਤੇ ਮੌਜੂਦ ਸ਼ੇਰਾਂ ਵਾਲੇ ਬਾਗ਼ ਵਿਖੇ ਸ: ਮਹਾਂ ਸਿੰਘ ਦੀ ਸਮਾਧ ਦੇ ਆਸ-ਪਾਸ ਦੇ ਕਮਰਿਆਂ ‘ਚ ਮੌਜੂਦਾ ਸਮੇਂ ਲੜਕੀਆਂ ਦਾ ਇਕ ਸਕੂਲ ਸੇਵਾਵਾਂ ਦੇ ਰਿਹਾ ਹੈ, ਜਦ ਕਿ ਸਮਾਧ ਦੇ ਗੁੰਬਦ ਸਮੇਤ ਹੇਠਲੇ ਕਮਰਿਆਂ ਅਤੇ ਹੋਰਨਾਂ ਸਮਾਰਕਾਂ ‘ਤੇ ਨਾਜਾਇਜ਼ ਕਬਜ਼ੇ ਕਾਇਮ ਸਨ। ਇਹ ਮਾਮਲਾ ਨਾਸਿਰ ਢਿੱਲੋਂ ਅਤੇ ਭੁਪਿੰਦਰ ਸਿੰਘ ਲਵਲੀ ਵਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਤੋਂ ਬਾਅਦ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਲੈਫਟੀਨੈਂਟ (ਸੇਵਾ-ਮੁਕਤ) ਸੁਹੈਲ ਅਸ਼ਰਫ਼ ਨੇ ਕਾਰਵਾਈ ਕਰਕੇ ਇਹ ਸਭ ਕਬਜ਼ੇ ਹਟਵਾ ਦਿੱਤੇ ਹਨ। ਭੁਪਿੰਦਰ ਸਿੰਘ ਲਵਲੀ ਅਨੁਸਾਰ ਨੌਸ਼ਹਿਰਾ ਵਿਰਕਾਂ ਵਿਚਲੇ ਛੇਵੀਂ ਪਾਤਸ਼ਾਹੀ ਨਾਲ ਸਬੰਧਿਤ ਗੁਰਦੁਆਰਾ ਖ਼ਾਰਾ ਸਾਹਿਬ ਨੂੰ ਪਿਛਲੇ ਦਿਨੀਂ ਕਬਜ਼ਾ ਮੁਕਤ ਕਰਾਉਣ ਉਪਰੰਤ ਉਕਤ ਸਮਾਧ ਵਿਖੇ ਪਹੁੰਚੇ ਡਿਪਟੀ ਕਮਿਸ਼ਨਰ ਅਸ਼ਰਫ਼ ਨੇ ਦੱਸਿਆ ਕਿ ਮਹਾਂ ਸਿੰਘ ਦੀ ਸਮਾਧ ਦੀ ਇਤਿਹਾਸਕ ਇਮਾਰਤ ਨਾਲ ਬਿਨਾਂ ਛੇੜਛਾੜ ਕੀਤੇ ਇਸ ਦੀ ਖਸਤਾ ਹਾਲ ਇਮਾਰਤ ਦੀ ਨਵ-ਉਸਾਰੀ ਪੁਰਾਤਤਵ ਵਿਭਾਗ ਦੇ ਮਾਹਿਰਾਂ ਪਾਸੋਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਇੰਸਟੀਚਿਊਟ ਆਫ਼ ਕਲਚਰ ਐਾਡ ਆਰਟ, ਪੁਰਾਤਤਵ ਵਿਭਾਗ ਅਤੇ ਪਾਰਕ ਐਂਡ ਹਾਰਟੀਕਲਚਰ ਅਥਾਰਟੀ ਨਾਲ ਲਾਹੌਰ ਵਿਖੇ ਬੈਠਕ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਧ ਦੀ ਨਵ-ਉਸਾਰੀ ਮੁਕੰਮਲ ਹੋਣ ਉਪਰੰਤ ਇਹ ਸਿੱਖ ਸੰਗਤ ਲਈ ਖੋਲ੍ਹ ਦਿੱਤੀ ਜਾਵੇਗੀ। ਗੁਜਰਾਂਵਾਲਾ ਦੀ ਨਵੀਂ ਸਬਜ਼ੀ ਮੰਡੀ ਪਾਸ ਮੌਜੂਦ ਜੈਨ ਆਚਾਰੀਆ ਆਤਮਾ ਰਾਮ ਦੀ ਸਮਾਧ ਵਿਖੇ ਪਹੁੰਚੇ ਡਿਪਟੀ ਕਮਿਸ਼ਨਰ ਸੁਹੈਲ ਅਸ਼ਰਫ਼ ਨੇ ਉਕਤ ਸਮਾਰਕ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਜਲਦੀ ਹੀ ਇਸ ਸਮਾਰਕ ਦੇ ਨਵ-ਨਿਰਮਾਣ ਦਾ ਕੰਮ ਪੁਰਾਤਤਵ ਵਿਭਾਗ ਦੇ ਮਾਹਿਰਾਂ ਦੀ ਦੇਖ-ਰੇਖ ‘ਚ ਕਰਵਾਇਆ ਜਾਵੇਗਾ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …