ਅੰਮ੍ਰਿਤਸਰ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਸਰਕਾਰ ਨੇ ਪਿਸ਼ਾਵਰ ਸ਼ਹਿਰ ਵਿਚਲੇ ਬਾਲੀਵੁੱਡ ਅਦਾਕਾਰਾਂ ਦਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਨੂੰ ਖ਼ਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਨੂੰ ਅਜਾਇਬ ਘਰ ‘ਚ ਤਬਦੀਲ ਕੀਤਾ ਜਾਵੇਗਾ। ਪਿਸ਼ਾਵਰ ਦੇ ਜ਼ਿਲ੍ਹਾ ਕਮਿਸ਼ਨਰ ਕੈਪਟਨ (ਸੇਵਾਮੁਕਤ) ਖ਼ਾਲਿਦ ਮਹਿਮੂਦ ਨੇ ਅਦਾਕਾਰਾਂ ਦੇ ਘਰਾਂ ਦੇ ਮੌਜੂਦਾ ਮਾਲਕਾਂ ਦੇ ਇਤਰਾਜ਼ਾਂ ਨੂੰ ਰੱਦ ਕਰਦਿਆਂ ਦੋਵਾਂ ਘਰਾਂ ਨੂੰ ਪੁਰਾਤਤਵ ਵਿਭਾਗ ਨੂੰ ਸੌਂਪਣ ਦੇ ਆਦੇਸ਼ ਦਿੱਤੇ ਹਨ . ਨੋਟੀਫਿਕੇਸ਼ਨ ਅਨੁਸਾਰ ਦਲੀਪ ਕੁਮਾਰ ਅਤੇ ਰਾਜ ਕਪੂਰ ਦੇ ਘਰਾਂ ਦੀ ਜ਼ਮੀਨ ਡਾਇਰੈਕਟਰ ਪੁਰਾਤਤਵ ਅਤੇ ਅਜਾਇਬ ਘਰ ਦੇ ਨਾਂਅ ‘ਤੇ ਰਹੇਗੀ। ਸੂਬਾ ਸਰਕਾਰ ਨੇ ਰਾਜ ਕਪੂਰ ਦੇ ਘਰ ਦੀ ਕੀਮਤ 1.5 ਕਰੋੜ ਰੁਪਏ, ਜਦਕਿ ਦਲੀਪ ਕੁਮਾਰ ਦੇ ਘਰ ਦੀ ਕੀਮਤ 80 ਲੱਖ ਰੁਪਏ ਤੈਅ ਕੀਤੀ ਹੈ। ਹਾਲਾਂਕਿ, ਰਾਜ ਕਪੂਰ ਦੇ ਜੱਦੀ ਘਰ ਦੇ ਮਾਲਕ ਅਲੀ ਕਾਦਿਰ ਨੇ 20 ਕਰੋੜ ਰੁਪਏ ਅਤੇ ਦਲੀਪ ਕੁਮਾਰ ਦੇ ਜੱਦੀ ਘਰ ਦੇ ਮਾਲਕ ਗੁਲ ਰਹਿਮਾਨ ਨੇ ਜਾਇਦਾਦ ਲਈ 3.5 ਕਰੋੜ ਰੁਪਏ ਦੀ ਮੰਗ ਕੀਤੀ ਸੀ।