Breaking News
Home / ਦੁਨੀਆ / ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿੱਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿੱਚ ਲੋਹੜੀ

ਗੀਤ ਸੰਗੀਤ ਤੇ ਖਾਣ ਪੀਣ ਦੌਰਾਨ ਬਾਲੀਆਂ ਧੂਣੀਆਂ ਦਾ ਸਭਨਾਂ ਨੇ ਮਾਣਿਆ ਆਨੰਦ
ਫਰਿਜ਼ਨੋ : ਪੰਜਾਬੀ ਰੇਡੀਓ ਯੂ.ਐੱਸ.ਏ. ਦੇ ਫਰਿਜ਼ਨੋਂ ਸਟੂਡੀਓ ਦੇ ਵਿਹੜੇ ਵਿੱਚ ਲੰਘੇ ਸ਼ਨਿਚਰਵਾਰ ਦੀ ਸ਼ਾਮ ਲੋਹੜੀ ਦਾ ਜਸ਼ਨ ਵੇਖਣ ਹੀ ਵਾਲਾ ਸੀ। ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਲਗਭਗ ਤਿੰਨ ਘੰਟਿਆਂ ਤੱਕ ਚੱਲੇ ਰੰਗਾਰੰਗ ਦੌਰਾਨ ਖੂਬ ਭਖੀ ਲੋਹੜੀ ਨੇ ਠੰਢ ਦੇ ਮੌਸਮ ਵਿੱਚ ਸਭਨਾਂ ਦੇ ਤਨਾਂ-ਮਨਾਂ ਨੂੰ ਨਿੱਘ ਤੇ ਅਥਾਹ ਖੁਸ਼ੀ ਦੇ ਆਲਮ ਵਿੱਚ ਨੱਚਣ-ਗਾਉਣ ਦਾ ਮੌਕਾ ਮੁਹੱਈਆ ਕਰਵਾਇਆ। ਪੰਜਾਬੀ ਸਭਿਆਚਾਰ ਦੇ ਵੱਖ ਵੱਖ ਰੂਪਾਂ ਨੂੰ ਜਿਉਂਦਿਆਂ ਰੱਖਣ ਤੇ ਪ੍ਰਫੁਲਤ ਕਰਨ ਲਈ ਲਗਾਤਾਰ ਯਤਨਸ਼ੀਲ ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ.ਅਤੇ ਪੰਜਾਬੀ ਰੇਡੀਓ ਯੂ.ਐੱਸ.ਏ. ਵਲੋਂ 2125 ਐਨ ਬਾਰਟਨ ਐਵੇਨਿਊ (2125 N Barton Ave Fresno CA 93703) ਦੇ ਵਿਹੜੇ ਵਿੱਚ ਇਸ ਵਾਰ ਰਲਮਿਲ ਕੇ ਲੋਹੜੀ ਦਾ ਤਿਉਹਾਰ ਮਨਾਉਣ ਲਈ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਹਰ ਉਮਰ ਦੇ ਪੁਰਸ਼, ਬੀਬੀਆਂ ਅਤੇ ਬੱਚੇ-ਬੱਚੀਆਂ ਦੂਰੋਂ-ਨੇੜਿਓਂ ਭਾਰੀ ਗਿਣਤੀ ‘ਚ ਬੇਹੱਦ ਚਾਅ ਨਾਲ ਸੱਜ ਧਜ ਕੇ ਲੋਹੜੀ ਜਸ਼ਨਾਂ ਦੀ ਰੌਣਕ ਬਣੇ। ਲੋਹੜੀ ਮਨਾਉਣ ਲਈ ਪੁੱਜਣ ਵਾਲਿਆਂ ਵਿੱਚ ਬੀਬੀਆਂ ਭਾਰੀ ਗਿਣਤੀ ‘ਚ ਸਨ ਜਦੋਂ ਕਿ ਬੱਚੀਆਂ ਅਤੇ ਬੱਚੇ ਵੀ ਕਾਫ਼ੀ ਤਾਦਾਦ ਵਿੱਚ ਸਨ। ਨਵ ਵਿਆਹੇ ਜੋੜਿਆਂ ਤੋਂ ਇਲਾਵਾ ਬਹੁਤ ਸਾਰੇ ਮਾਪਿਆਂ ਨੇ ਅਪਣੀਆਂ ਧੀਆਂ-ਪੁੱਤਾਂ ਦੀ ਲੋਹੜੀ ਵੀ ਪੰਜਾਬੀ ਕਲਚਰਲ ਸੈਂਟਰ ਵਿਖੇ ਮਨਾਉਣ ਨੂੰ ਤਰਜੀਹ ਦਿੱਤੀ। ਵੱਡੀ ਉਮਰ ਦੀਆਂ ਮਾਤਾਵਾਂ-ਭੈਣਾਂ ਨੇ ਚੇਤਿਆਂ ਦੀ ਪਟਾਰੀ ਵਿੱਚ ਸਾਂਭੇ ਆ ਰਹੇ ਲੋਹੜੀ ਦੇ ਗੀਤਾਂ ਦੇ ਨਾਲ ਨਾਲ ਹੋਰ ਲੋਕ ਗੀਤਾਂ ਅਤੇ ਬੋਲੀਆਂ ਦਾ ਖਜ਼ਾਨਾ ਸਾਂਝਾਂ ਕਰਦਿਆਂ ਗਿੱਧੇ ਦੀ ਰੌਣਕ ਨੂੰ ਵੀ ਚਾਰ ਚੰਨ ਲਾਏ। ਪੰਜਾਬੀ ਕਲਚਰਲ ਸੈਂਟਰ ਦੇ ਅਤਿ ਸੁਹਾਵਣੇ ਪਾਰਕ ਦੀ ਸਟੇਜ ਅਤੇ ਵੇਹੜੇ ਵਿੱਚ 11 ਜਨਵਰੀ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 5:30 ਵਜੇ ਤੱਕ ਲੋਹੜੀ ਬਾਰੇ ਗੀਤਾਂ ਦੇ ਬੋਲਾਂ ਅਤੇ ਪੰਜਾਬੀ ਲੋਕ ਸਾਜ਼ਾਂ ਦੀਆਂ ਧੁਨਾਂ ਨੇ ਫਿਜ਼ਾ ਨੂੰ ਸੰਗੀਤਮਈ ਬਣਾਈ ਰਖਿਆ। ਕੜਾਕੇ ਦੀ ਠੰਢ ਦੇ ਦਿਨੀਂ ਤਨਾਂ-ਮਨਾਂ ਨੂੰ ਨਿੱਘ ਦੇਣ ਲਈ ਬਾਲੀਆਂ ਗਈਆਂ ਧੂਣੀਆਂ ਦੁਆਲੇ ਜੁੜ ਕੇ ਹਾਸੇ-ਠੱਠੇ ਦੌਰਾਨ ਇੱਕ ਦੂਜੇ ਨੂੰ ਮਿਲਦਿਆਂ-ਗਿਲਦਿਆਂ ਅਤੇ ਖਾਂਦਿਆਂ-ਪੀਦਿਆਂ ਸਭਨਾਂ ਨੇ ਰਲ ਮਿਲ ਕੇ ਗਾਏ ਲੋਹੜੀ ਦੇ ਗੀਤ। ਨਸੀਬ ਸਿੰਘ ਨੇ ‘ਅੱਵਲ ਅੱਲਾ ਨੂਰ ਉਪਾਇਆ…’ ਸ਼ਬਦ ਨਾਲ ਸ਼ੁਰੂਆਤ ਕਰਦਿਆਂ ਗੀਤਾਂ ਦਾ ਦੌਰ ਆਰੰਭਿਆ। ਬੀਬੀਆਂ ਵਿੱਚੋਂ ਸੁਰਜੀਤ ਕੌਰ ਸੰਘਾ, ਇੰਦਰਜੀਤ ਕੌਰ, ਅਮਰਜੀਤ ਕੌਰ, ਬਲਜੀਤ ਕੌਰ, ਸ਼ਰਨਜੀਤ ਕੌਰ ਅਤੇ ਹੋਰਨਾਂ ਨੇ ਗੀਤਾਂ ਰਾਹੀਂ ਹਾਜ਼ਰੀ ਭਰੀ। ਬੀਬੀਆਂ ਦੇ ਗਿੱਧੇ ਵਿੱਚ ਮਰਦਾਵੀਂਆਂ ਆਵਾਜ਼ਾਂ ਰਾਹੀਂ ਪੰਜਾਬ ਦੀਆਂ ਲੋਕ ਬੋਲੀਆਂ ਗੂੰਜੀਆਂ। ਦਵਿੰਦਰ ਕੌਰ ਸੰਘਾ ਦੀ ਨਿਗਰਾਨੀ ਹੇਠ ਬੌਲੀਵੁੱਡ ਡਾਂਸ ਅਕਾਡਮੀ ਦੇ ਬੱਚਿਆਂ ਵਲੋਂ ਪੇਸ਼ ਲੋਕ ਨਾਚ ਨੇ ਸਭ ਦਾ ਧਿਆਨ ਖਿਚਿਆ। ਇਸ ਸਾਂਝੇ ਤਿਉਹਾਰ ਲਈ ਆਪਸ ਵਿੱਚ ਵੰਡ ਕੇ ਖਾਣ ਲਈ ਹਰ ਕੋਈ ਮੂੰਗਫਲੀਆਂ, ਰਿਉੜੀਆਂ-ਗੱਚਕਾਂ, ਮਰੂੰਡੇ ਅਤੇ ਹੋਰ ਕਿੰਨਾ ਕੁਝ ਲੈ ਕੇ ਆਇਆ। ਇੰਦਰਜੀਤ ਕੌਰ ਵਲੋਂ ਲਿਆਂਦੀ ਲੋਹੜੀ ਦੀ ਖ਼ਾਸ ਮਠਿਆਈ ਭੁੱਗਾ ਦਾ ਸਭ ਨੇ ਆਨੰਦ ਮਾਣਿਆ। ਇੰਦਰਜੀਤ ਸਿੰਘ ਬਰਾੜ ਨੇ ਸਾਰਿਆਂ ਲਈ ਚਾਹ ਦੀ ਸੇਵਾ ਨਿਭਾਈ। ਕਰਮਨ ਤੋਂ ਕਰਨੈਲ ਸਿੰਘ ਜਸਪਾਲ ਦੇ ਪਰਿਵਾਰ ਵਲੋਂ ਬੜੇ ਉਚੇਚ ਨਾਲ ਬਣਾ ਕੇ ਲਿਆਂਦੀ ਗੰਨੇ ਦੇ ਰਸ ਦੀ ਖੀਰ ਦਾ ਸੁਆਦ ਚੱਖਣ ਲਈ ਹਰ ਕੋਈ ਇੱਕ ਦੂਜੇ ਤੋਂ ਕਾਹਲਾ ਸੀ। ਪ੍ਰਬੰਧਕਾਂ ਵਲੋਂ ਸਭਨਾਂ ਲਈ ਗਰਮ ਗਰਮ ਪਕੌੜਿਆਂ ਅਤੇ ਚਾਹ ਦਾ ਲੰਗਰ ਲਗਾਤਾਰ ਜਾਰੀ ਸੀ। ‘ਡੇ ਐਂਡ ਨਾਈਟ ਵੀਡੀਉ’ ਵਾਲੇ ਪਰਮਜੀਤ ਸਿੰਘ ਵੱਲੋਂ ”ਮੁਫ਼ਤ ਮੂਰਤਾਂ’ ਖਿੱਚਣ ਵਾਲੇ ਕੋਨੇ ਵਿੱਚ ਭੀੜ ਲੱਗੀ ਰਹੀ।
ਪੰਜਾਬੀ ਰੇਡੀਓ ਯੂ.ਐੱਸ.ਏ. ਦੇ ਹਰਮਨ ਪਿਆਰੇ ਨੌਜਵਾਨ ਹੋਸਟ ਰਾਜਕਰਨਬੀਰ ਸਿੰਘ ਅਤੇ ਜੋਤ ਰਣਜੀਤ ਕੌਰ ਨੇ ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਚਲਾਉਂਦਿਆਂ ਸਭਨਾਂ ਨੂੰ ਲੋਹੜੀ ਬਾਰੇ ਬੱਚੇ-ਬੱਚੀਆਂ, ਮੁਟਿਆਰਾਂ ਅਤੇ ਬੀਬੀਆਂ ਦੇ ਗੀਤਾਂ ਅਤੇ ਹੋਰਨਾਂ ਪੇਸ਼ਕਾਰੀਆਂ ਨਾਲ ਜੋੜੀ ਰਖਿਆ। ਪ੍ਰੋਗਰਾਮ ਦੀ ਵਿਉਂਤਬੰਦੀ ਅਤੇ ਸਫਲ ਪ੍ਰਬੰਧਾਂ ਲਈ ਜੀਅ ਤੋੜ ਮਿਹਨਤ ਕਰਨ ਵਾਲੇ ਹਰਜੋਤ ਸਿੰਘ ਖਾਲਸਾ, ਬੀਬੀ ਬਲਵਿੰਦਰ ਕੌਰ ਅਤੇ ਪੰਜਾਬੀ ਰੇਡੀਓ ਦੀ ਟੀਮ ਦੇ ਦੂਸਰੇ ਮੈਂਬਰ ਸਦਾ ਵਾਂਗ ਜਸ਼ਨਾਂ ਦੀ ਭੀੜ ਵਿੱਚ ਛੁਪੇ ਰਹਿਣ ਨੂੰ ਪਹਿਲ ਦਿੰਦੇ ਦਿਸ ਰਹੇ ਸਨ। ਇਸ ਸਾਲਾਨਾ ਜਸ਼ਨ ਨੂੰ ਅਗਲੇ ਸਾਲ ਹੋਰ ਉਤਸ਼ਾਹ ਅਤੇ ਧੂਮ-ਧਾਮ ਮਨਾਉਣ ਦੇ ਅਹਿਦ ਨਾਲ ਸਭਨਾਂ ਨੇ ਇੱਕ ਦੂਜੇ ਤੋਂ ਵਿਦਾ ਲਈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …