Breaking News
Home / ਪੰਜਾਬ / ਪੰਜਾਬ ਵਿਚ ‘ਭਾਰਤੀ ਆਰਥਿਕ ਪਾਰਟੀ’ ਵੀ ਹੋਂਦ ‘ਚ ਆਈ

ਪੰਜਾਬ ਵਿਚ ‘ਭਾਰਤੀ ਆਰਥਿਕ ਪਾਰਟੀ’ ਵੀ ਹੋਂਦ ‘ਚ ਆਈ

ਗੁਰਨਾਮ ਸਿੰਘ ਚਡੂਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਚੁਣਿਆ
ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਸਨਅਤਕਾਰਾਂ ਨੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ‘ਭਾਰਤੀ ਆਰਥਿਕ ਪਾਰਟੀ’ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੀ ਅਗਵਾਈ ਵਿੱਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਦਾ ਚਿਹਰਾ ਵੀ ਚਡੂਨੀ ਨੂੰ ਚੁਣਿਆ ਗਿਆ ਹੈ। ਸਨਅਤਕਾਰ ਤਰੁਣ ਜੈਨ ਬਾਵਾ ਨੂੰ ਕੌਮੀ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਬਣਦੇ ਸਾਰ ਹੀ ਕਈ ਸਨਅਤਕਾਰ ਸਮਥਕਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਆਰਥਿਕ ਪਾਰਟੀ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਚਡੂਨੀ ਨੇ ਕਿਹਾ ਕਿ ਮਿਸ਼ਨ 2022 ਦਾ ਮਤਲਬ ਲੰਮੇ ਸਮੇਂ ਤੋਂ ਰਾਜ ਕਰ ਰਹੀਆਂ ਪਾਰਟੀਆਂ ਤੋਂ ਰਾਜ ਖੋਹਣਾ ਹੈ ਤਾਂ ਕਿ ਆਮ ਲੋਕ ਰਾਜਨੀਤੀ ‘ਚ ਅੱਗੇ ਆ ਸਕਣ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਇਸ ਦੇਸ਼ ਦਾ ਕਾਨੂੰਨ ਬਣਾਉਂਦੇ ਸਨ, ਹੁਣ ਵੱਡੇ ਘਰਾਣਿਆਂ ਦੇ ਇਸ਼ਾਰੇ ‘ਤੇ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਕੋਈ ਸਿਆਸੀ ਪਾਰਟੀ ਨਹੀਂ ਬਣਾਈ। ਉਹ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਸੋਚਣਗੇ। ਇੱਕ ਗੱਲ ਸਾਫ਼ ਹੈ ਕਿ ਜੇ ਸਿਆਸੀ ਆਗੂਆਂ ਨੂੰ ਟੱਕਰ ਦੇਣੀ ਹੈ ਤਾਂ ਚੋਣਾਂ ਲੜਨੀਆਂ ਹੀ ਪੈਣਗੀਆਂ। ਕੌਮੀ ਪ੍ਰਧਾਨ ਬਾਵਾ ਨੇ ਕਿਹਾ ਕਿ ਦੇਸ਼ ‘ਚ ਸਨਅਤਕਾਰਾਂ ਨੂੰ ਸਨਮਾਨ ਨਹੀਂ ਮਿਲ ਰਿਹਾ। ਹੁਣ ਦੇਸ਼ ਦੇ ਵਪਾਰੀ ਰਾਜਨੀਤੀ ‘ਚ ਨਿੱਤਰਨਗੇ ਤੇ ਪਹਿਲਾਂ ਪਾਰਟੀ ਵੱਲੋਂ ਪੰਜਾਬ ਵਿੱਚ ਚੋਣ ਲੜੀ ਜਾਵੇਗੀ ਤੇ ਇਸ ਮਗਰੋਂ ਹਿਮਾਚਲ, ਹਰਿਆਣਾ ਤੇ ਯੂਪੀ ਸਮੇਤ 2024 ‘ਚ ਲੋਕ ਸਭਾ ਚੋਣਾਂ ਵੱਲ ਰੁਖ਼ ਕੀਤਾ ਜਾਵੇਗਾ।
ਪੰਜਾਬ ‘ਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਹਾਂ : ਚਡੂਨੀ
ਸੰਯੁਕਤ ਕਿਸਾਨ ਮੋਰਚੇ ਤੋਂ ਮੁਅੱਤਲ ਅਤੇ ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਖੁਦ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹੋਣ ਤੇ ਰਾਜਨੀਤਿਕ ਪਾਰਟੀ ਬਣਾਉਣ ਦੀ ਚਰਚਾ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ। ਉਹ ਕਰਨਾਲ ‘ਚ ਡੇਰਾ ਕਾਰ ਸੇਵਾ ‘ਚ ਸੰਗਠਨ ਦੇ ਪ੍ਰਮੁੱਖ ਅਹੁਦੇਦਾਰਾਂ ਦੇ ਨਾਲ 15 ਅਗਸਤ ਨੂੰ ਤਿਰੰਗਾ ਯਾਤਰਾ ਕੱਢਣ ਦੇ ਮੁੱਦੇ ‘ਤੇ ਚਰਚਾ ਕਰਨ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ‘ਚ ਪ੍ਰੋਗਰਾਮ ‘ਚ ਸੱਦੇ ‘ਤੇ ਗਏ ਜ਼ਰੂਰ ਸਨ ਪ੍ਰੰਤੂ ਉਨ੍ਹਾਂ ਉਥੇ ਹੋਣ ਵਾਲੀ ਬਿਆਨਬਾਜ਼ੀ ਅਤੇ ਪਾਰਟੀ ਬਣਾਏ ਜਾਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਆਖਿਆ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹ ਉਦੋਂ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗੀ ਦੇ ਰੂਪ ‘ਚ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ।

 

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਫੋਟੋ ਖਿੱਚਣ ਅਤੇ ਵੀਡੀਓਗ੍ਰਾਫ਼ੀ ਕਰਨ ’ਤੇ ਲਗਾਈ ਪਾਬੰਦੀ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਫ਼ਿਲਮਾਂ ਦੀ ਪ੍ਰਮੋਸ਼ਨ ’ਤੇ ਵੀ ਲਗਾਈ ਰੋਕ ਅੰਮਿ੍ਰਤਸਰ/ਬਿਊਰੋ …