![](https://parvasinewspaper.com/wp-content/uploads/2025/02/US-1.jpg)
ਡਿਪੋਰਟ ਕੀਤੇ ਗਏ ਭਾਰਤੀਆਂ ’ਚ 67 ਪੰਜਾਬੀ ਵੀ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਜਾਰੀ ਹੈ। ਇਸ ਕਾਰਵਾਈ ਦੇ ਚੱਲਦਿਆਂ ਅਮਰੀਕਾ ਵਲੋਂ ਡਿਪੋਰਟ ਕੀਤੇ ਗਏ 119 ਹੋਰ ਭਾਰਤੀ ਭਲਕੇ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚ ਜਾਣਗੇ। ਇਨ੍ਹਾਂ ਡਿਪੋਰਟ ਭਾਰਤੀਆਂ ਨੂੰ ਅਮਰੀਕੀ ਫੌਜ ਦਾ ਜਹਾਜ਼ ਲੈ ਕੇ ਅੰਮਿ੍ਰਤਸਰ ਪਹੁੰਚੇਗਾ। ਇਨ੍ਹਾਂ 119 ਭਾਰਤੀਆਂ ਵਿਚ 67 ਨੌਜਵਾਨ ਪੰਜਾਬ ਨਾਲ ਸਬੰਧਤ ਹਨ ਅਤੇ 33 ਨੌਜਵਾਨ ਹਰਿਆਣਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ 104 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਇਸਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਵਲੋਂ ਪੰਜਾਬੀਆਂ ਸਮੇਤ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਤੌਰ ’ਤੇ ਪੁੱਜੇ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ’ਤੇ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਨੂੰ ਅਜਿਹਾ ਤਾਨਾਸ਼ਾਹੀ ਦੇ ਰੂਪ ਵਿਚ ਨਹੀਂ ਕਰਨਾ ਚਾਹੀਦਾ ਬਲਕਿ ਇਨ੍ਹਾਂ ਲੋਕਾਂ ਨੂੰ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਸੀ।