Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ‘ਚ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਧਰਨਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ‘ਚ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਧਰਨਾ

ਕਿਸਾਨ ਵਿਰੋਧੀ ਕਾਨੂੰਨ ਮੋਦੀ ਸਰਕਾਰ ਦੀ ਨਾਦਰਸ਼ਾਹੀ ਸੋਚ ਦਾ ਪ੍ਰਗਟਾਵਾ : ਸੁਖਬੀਰ ਬਾਦਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੋਮਵਾਰ ਨੂੰ ਅੰਮ੍ਰਿਤਸਰ ‘ਚ ਧਰਨਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਸਫਲ ਕਰਨ ਲਈ ਹਿੰਦੂ-ਸਿੱਖ ਭਾਈਚਾਰਕ ਸਾਂਝ ਵਿੱਚ ਪਾੜਾ ਪਾ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਗੋਲਡਨ ਗੇਟ ‘ਤੇ ਇਹ ਰੋਸ ਧਰਨਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਿੱਤਾ ਗਿਆ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਬਿਕਰਮ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਕਿਸਾਨ ਸੰਘਰਸ਼ ਨੂੰ ਇਕ ਧਰਮ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਹਿੰਦੂ-ਮੁਸਲਿਮ-ਈਸਾਈ ਸਮੇਤ ਹੋਰ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ਵਿਚ ਆਪਣੀ ਸ਼ਮੂਲੀਅਤ ਦਰਜ ਕਰਵਾਉਣ ਕਿਉਂਕਿ ਇਹ ਮਨੁੱਖਤਾ ਦੀ ਭਲਾਈ ਲਈ ਸੰਘਰਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸ਼ਹਿ ‘ਤੇ ਏਜੰਸੀਆਂ ਵੱਲੋਂ ਲੋਕਾਂ ਨੂੰ ਇਸ ਸੰਘਰਸ਼ ਬਾਰੇ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਬੀਬੀ ਬਾਦਲ ਨੇ ਦਾਅਵਾ ਕੀਤਾ ਕਿ ਲਗਪਗ 6 ਮਹੀਨੇ ਪਹਿਲਾਂ ਇਸ ਸਬੰਧੀ ਬਿੱਲ ਨੂੰ ਸੰਸਦ ਵਿੱਚ ਲਿਆਉਣ ਤੋਂ ਪਹਿਲਾਂ ਉਨ੍ਹਾਂ ਸਰਕਾਰ ਨੂੰ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਬਾਰੇ ਸੁਚੇਤ ਕਰਦਿਆਂ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਸੀ ਪਰ ਉਸ ਵੇਲੇ ਸੰਸਦ ਵਿੱਚ ਕਿਸੇ ਨੇ ਉਨ੍ਹਾਂ ਦੀ ਹਮਾਇਤ ਨਹੀਂ ਕੀਤੀ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਨਾਦਰਸ਼ਾਹੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਕੇਂਦਰ ਕੋਲ ਖੇਤੀ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਇਹ ਹੱਕ ਸਿਰਫ ਸੂਬਾ ਸਰਕਾਰਾਂ ਕੋਲ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕੇਂਦਰ ਸਰਕਾਰ ਭਾਈਚਾਰਕ ਸਾਂਝ ਵਿੱਚ ਤਰੇੜਾਂ ਪਾਉਣ ਦਾ ਵੀ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਸੀ ਤਾਂ ਉਸ ਵੇਲੇ ਪਾਰਟੀ ਦੇਸ਼ ਭਗਤਾਂ ਦੀ ਸੀ ਪਰ ਹੁਣ ਉਨ੍ਹਾਂ ਨੂੰ ਦੇਸ਼ ਧਰੋਹੀ ਆਖਿਆ ਜਾ ਰਿਹਾ ਹੈ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨ ਹਿੱਤਾਂ ਦੀ ਗੱਲ ਕਰਦਿਆਂ ਦੇਸ਼ ਵਿੱਚ ਸੰਘੀ ਢਾਂਚੇ ਦੀ ਸਥਾਪਨਾ ਦੀ ਵਕਾਲਤ ਕੀਤੀ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਜਪਾ ਆਗੂ ਇਸ ਮਾਮਲੇ ਨੂੰ ਪਾਕਿਸਤਾਨ ਅਤੇ ਚੀਨ ਦੀ ਸ਼ਹਿ ਪ੍ਰਾਪਤ ਆਖ ਰਹੇ ਹਨ ਜੋ ਹਾਸੋਹੀਣੀ ਗੱਲ ਹੈ।

Check Also

ਕਿਸਾਨ ਆਗੂਆਂ ਵਲੋਂ 6 ਦਸੰਬਰ ਨੂੰ ਦਿੱਲੀ ਮਰਜੀਵੜਿਆਂ ਦਾ ਜਥਾ ਰਵਾਨਾ ਕੀਤਾ ਜਾਵੇਗਾ

ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵਲੋਂ ਅੱਜ …