Breaking News
Home / ਪੰਜਾਬ / ਪੰਜਾਬ ਦੀ ਜ਼ਿੰਮੇਵਾਰੀ ਬੀਬੀਆਂ ਦੇ ਹੱਥ

ਪੰਜਾਬ ਦੀ ਜ਼ਿੰਮੇਵਾਰੀ ਬੀਬੀਆਂ ਦੇ ਹੱਥ

3500 ਤੋਂ ਜ਼ਿਆਦਾ ਪਿੰਡਾਂ ‘ਚ ਸਿਰਫ਼ 10 ਫੀਸਦੀ ਪੁਰਸ਼, ਬਾਕੀ ਅੰਦੋਲਨ ‘ਚ, ਖੇਤੀ ਤੋਂ ਕਾਰੋਬਾਰ ਤੱਕ ਸੰਭਾਲ ਰਹੀਆਂ ਬੀਬੀਆਂ, ਧਰਨੇ ‘ਤੇ ਵੀ ਡਟੀਆਂ
ਬੀਬੀਆਂ ਮਰਦਾਂ ਨੂੰ ਕਹਿ ਰਹੀਆਂ…ਘਰ ਖੇਤ ਦੀ ਚਿੰਤਾ ਨਹੀਂ, ਦਿੱਲੀ ਫਤਹਿ ਕਰੋ
ਜਲੰਧਰ, ਸੰਗਰੂਰ, ਪਟਿਆਲਾ : ਇਹ ਹੈ ਪਟਿਆਲਾ ਦੇ ਪਿੰਡ ਦੌਣ ਕਲਾਂ ਦੀ ਦਲਜੀਤ ਕੌਰ…। ਪਤੀ ਫੌਜ ‘ਚ ਹੈ, ਇਕ ਬੇਟੀ ਹੈ ਜੋ ਸਕੂਲ ਜਾਂਦੀ ਹੈ। ਘਰ ਦੀ ਢਾਈ ਏਕੜ ਖੇਤੀ ਸਹੁਰਾ ਜਸਵੰਤ ਸਿੰਘ ਸੰਭਾਲ ਰਹੇ ਸਨ। ਪ੍ਰੰਤੂ ਕਿਸਾਨ ਅੰਦੋਲਨ ਸ਼ੁਰੂ ਹੁੰਦੇ ਹੀ ਉਹ ਦਿੱਲੀ ਚਲੇ ਗਏ। ਹੁਣ ਘਰ ਦੀ ਜ਼ਿੰਮੇਵਾਰੀ ਦਲਜੀਤ ਕੌਰ ‘ਤੇ ਹੈ। ਇਸ ਲਈ ਹੁਣ ਰੋਜ਼ ਖੇਤਾਂ ‘ਚ ਜਾਂਦੀ ਹੈ, ਫਸਲ ਨੂੰ ਪਾਣੀ ਦੇਣਾ, ਖਾਦ ਪਾਉਣਾ ਅਤੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰਨਾ। ਉਹ ਕਹਿੰਦੀ ਹੈ ਕਿ ਪਤੀ ਦੇਸ਼ ਸੇਵਾ ‘ਚ ਹੈ ਸਹੁਰਾ ਆਪਣੀ ਜ਼ਮੀਨ ਬਚਾਉਣ ਦੇ ਲਈ ਦਿੱਲੀ ‘ਚ ਖੇਤੀ ਕਾਨੂੰਨਾਂ ਦੇ ਖਿਲਾਫ਼ ਲੜ ਰਿਹਾ ਹੈ। ਇਹ ਕਾਨੂੰਨ ਸਾਨੂੰ ਫਿਰ ਵੱਡੇ ਘਰਾਣਿਆਂ ਦੇ ਗੁਲਾਮ ਬਣਾ ਦੇਵੇਗਾ।
ਖੇਤੀ ਸਾਡੀ ਤਾਕਤ ਹੈ ਅਸੀਂ ਕਿਸੇ ਵੀ ਹਾਲਤ ‘ਚ ਹੱਥੋਂ ਖੁੱਸਣ ਨਹੀਂ ਦੇਵਾਂਗੇ। ਦਲਜੀਤ ਕੌਰ ਪੰਜਾਬ ਦੇ ਇਕ ਪਿੰਡ ਦੀ ਉਦਾਹਰਣ ਮਾਤਰ ਹੈ। ਇਨ੍ਹੀਂ ਦਿਨੀਂ ਪੰਜਾਬ ਦੇ 22 ਜ਼ਿਲ੍ਹਿਆਂ ਦੇ 12797 ਪਿੰਡਾਂ ਦਾ ਹਾਲ ਕੁੱਝ ਇਸ ਤਰ੍ਹਾਂ ਹੀ ਹੈ। 3500 ਤੋਂ ਜ਼ਿਆਦਾ ਅਜਿਹੇ ਪਿੰਡ ਹਨ ਜਿੱਥੇ ਕੇਵਲ 10 ਫੀਸਦੀ ਪੁਰਸ਼ ਹੀ ਬਚੇ ਹਨ, ਬਾਕੀ ਸਾਰੇ ਦਿੱਲੀ ਅੰਦੋਲਨ ‘ਚ ਪਹੁੰਚੇ ਹੋਏ ਹਨ।
ਦੌਣ ਕਲਾਂ ਤੋਂ ਇਲਾਵਾ ਧਰੇੜੀ ਜੱਟਾਂ, ਚਮਾਰਹੇੜੀ, ਆਲਮਪੁਰ, ਬੋਹੜਪੁਰ ਜਨਹੇੜੀ ਸਮਤ ਆਸ-ਪਾਸ ਦੇ ਕਈ ਪਿੰਡਾਂ ‘ਚ ਮਹਿਲਾਵਾਂ ਨੇ ਨਾ ਸਿਰਫ਼ ਖੇਤੀ ਸੰਭਾਲੀ ਹੈ ਬਲਕਿ ਧਰਨਿਆਂ ਦਾ ਕ੍ਰਮ ਵੀ ਨਹੀਂ ਟੁੱਟਣ ਦੇ ਰਹੀਆਂ। ਘਰ ਅਤੇ ਖੇਤਾਂ ਦਾ ਕੰਮ ਪੂਰਾ ਕਰਨ ਤੋਂ ਬਾਅਦ ਖੁਦ ਟਰੈਕਟਰ ਚਲਾ ਕੇ ਪ੍ਰਦੇਸ ‘ਚ ਪੱਕੇ ਰੂਪ ‘ਚ ਲਗਭਗ 150 ਧਰਨਿਆਂ ‘ਚ ਸ਼ਾਮਲ ਹੋ ਰਹੀਆਂ ਹਨ। ਉਹ ਇਥੇ ਬੋਲੀਆਂ ਪਾਉਂਦੀਆਂ ਹਨ, ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦੀਆਂ ਹਨ। ਦਿੱਲੀ ‘ਚ ਡਟੇ ਕਿਸਾਨਾਂ ਨੂੰ ਇਹੀ ਸੰਦੇਸ਼ ਦਿੰਦੀਆਂ ਹਨ ਤੁਸੀਂ ਪਿੱਛੇ ਨਹੀਂ ਹਟਣਾ, ਇਥੇ ਅਸੀਂ ਸਭ ਸੰਭਾਲ ਲਵਾਂਗੀਆਂ।
ਦੁਆਬਾ, ਮਾਲਵਾ ਅਤੇ ਮਾਝਾ ਖੇਤਰ ਤੇ 3500 ਤੋਂ ਜ਼ਿਆਦਾ ਅਜਿਹੇ ਪਿੰਡ ਹਨ ਉਥੇ ਕੇਵਲ 10 ਫੀਸਦੀ ਪੁਰਸ਼ ਹੀ ਪਿੰਡਾਂ ‘ਚ ਬਚੇ ਹਨ, ਬਾਕੀ ਸਾਰੇ ਹੀ ਦਿੱਲੀ ਅੰਦੋਲਨ ਲਈ ਕੂਚ ਕਰ ਗਏ ਹਨ। ਅਜਿਹੇ ਜ਼ਿਆਦਾ ਪਿੰਡ ਮਾਲਵਾ ਅਤੇ ਪਟਿਆਲਾ ਖੇਤਰ ਦੇ ਹਨ। ਇਹ ਬਚੇ ਹੋਏ ਪੁਰਸ਼ ਵੀ ਜ਼ਿਆਦਾ ਸੂਬੇ ‘ਚ ਚੱਲ ਰਹੇ ਧਰਨਿਆਂ ‘ਚ ਭਾਗ ਲੈਂਦੇ ਹਨ। ਇਕ ਵੱਡਾ ਬਦਲਾਅ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਪਹਿਲਾਂ ਪਿੰਡਾਂ ਦੇ ਜਿਸ ਦਰਵਾਜ਼ੇ ਅਤੇ ਬੈਠਕ ‘ਤੇ ਬਜ਼ੁਰਗ ਗੱਪਸ਼ੱਪ ਕਰਦੇ ਦਿਖਾਈ ਦਿੰਦੇ ਸਨ, ਹੁਣ ਉਥੇ ਮਹਿਲਾਵਾਂ ਚਰਚਾ ਕਰਦੀਆਂ ਦਿਖਾਈ ਦਿੰਦਿੀਆਂ ਹਨ। ਇਥੋਂ ਤੱਕ ਕਿ ਟਰੈਕਟਰ ‘ਤੇ ਸੰਗੀਤ ਲਗਾ ਕੇ ਖੇਤਾਂ ਵੱਲ ਜਾਂਦੀਆਂ ਵੀ ਬੀਬੀਆਂ ਹੀ ਨਜ਼ਰ ਆਉਂਦੀਆਂ ਹਨ। ਪਸ਼ੂਆਂ ਦਾ ਦੁੱਧ ਕੱਢਣਾ ਅਤੇ ਡੇਅਰੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰ ਵੀ ਬੀਬੀਆਂ ਹੀ ਸੰਭਾਲ ਰਹੀਆਂ ਹਨ।
ਖਾਦ ਪਾਉਣ ਜਾਂ ਸਪਰੇ ਕਰਨਾ ਹੋਵੇ ਸਭ ਕੰਮ ਬੀਬੀਆਂ ਦੇ ਮੋਢਿਆਂ ‘ਤੇ
ਸੰਗਰੂਰ ਦੇ ਪਿੰਡ ਸੇਖੂਵਾਸ ਦੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਪਰਿਵਾਰ ‘ਚੋਂ 3 ਪੁਰਸ਼ ਦਿੱਲੀ ਗਏ ਹਨ। ਘਰ ‘ਚ ਉਹ, ਸੱਸ ਅਤੇ ਬੱਚੇ ਹਨ। ਸਵੇਰੇ ਸੱਸ ਅਤੇ ਬੇਟੇ ਦੇ ਨਾਲ ਖੇਤ ਜਾਂਦੀ ਹਾਂ। ਉਥੇ ਖਾਦ, ਸਪਰੇ ਕਰਦੀ ਹਾਂ। ਉਹ ਅਕਸਰ ਫੋਨ ‘ਤੇ ਪਤੀ ਨੂੰ ਕਹਿੰਦੀ ਹੈ ਕਿ ਕੋਈ ਟੈਨਸ਼ਨ ਨਹੀਂ। ਦਿੱਲੀ ਮੋਰਚਾ ਫਤਹਿ ਕਰਕੇ ਹੀ ਪਰਤਣਾ।
ਕਦੇ ਸ਼ੌਕ ਦੇ ਲਈ ਟਰੈਕਟਰ ਚਲਾਇਆ ਸੀ ਅੱਜ ਜ਼ਰੂਰਤ ਬਣ ਗਿਆ
55 ਸਾਲ ਦੀ ਹਰਜੀਤ ਕੌਰ ਨੇ ਪਤੀ ਅਵਤਾਰ ਸਿੰਘ ਅਤੇ ਬੇਟੇ ਨੂੰ ਅੰਦੋਲਨ ‘ਚ ਹਿੱਸਾ ਲੈਣ ਲਈ ਦਿੱਲੀ ਭੇਜ ਦਿੱਤਾ, ਪਿੱਛੇ 10 ਏਕੜੀ ਦੀ ਖੇਤੀ ਨੂੰ ਨੁਕਸਾਨ ਨਾ ਹੋਵੇ ਇਸ ਲਈ ਖੁਦ ਟਰੈਕਟਰ ਦਾ ਸਟੇਰਿੰਗ ਸੰਭਾਲ ਲਿਆ। ਕਹਿੰਦੀ ਹੈ ਕਿ ਟਰੈਕਟਰ ਦਾ ਸ਼ੌਕ ਪਹਿਲਾਂ ਤੋਂ ਹੀ ਸੀ ਪ੍ਰੰਤੂ ਹੁਣ ਜ਼ਰੂਰਤ ਬਣ ਗਿਆ। ਪਤੀ ਅਤੇ ਬੇਟੇ ਨੂੰ ਕਿਹਾ ਕਿ ਜਿੱਤ ਕੇ ਹੀ ਆਉਣਾ।

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …