ਸਾਲ ਵਿਚ 22 ਡਰੋਨ ਸੁੱਟਣ ਦਾ ਕੀਤਾ ਦਾਅਵਾ ਤਾਂ ਲੋਕਾਂ ਨੇ ਕੀਤਾ ਵਿਰੋਧ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਪੁਲਿਸ ਦਾ ਰਿਪੋਰਟ ਕਾਰਡ ਜਾਰੀ ਕਰਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜੰਮ ਕੇ ਟਰੋਲ ਹੋ ਰਹੀ ਹੈ। ਪੰਜਾਬ ਦੇ ਲੋਕਾਂ ਨੇ ‘ਆਪ’ ਸਰਕਾਰ ਦੇ ਦਾਅਵਿਆਂ ਨੂੰ ਗਲਤ ਠਹਿਰਾਇਆ ਹੈ। ਬੀਐਸਐਫ ਦੇ ਜਵਾਨਾਂ ਦੇ ਕ੍ਰੇਡਿਟ ਨੂੰ ਪੰਜਾਬ ਸਰਕਾਰ ਆਪਣੇ ਨਾਮ ਕਰ ਰਹੀ ਹੈ ਅਤੇ ਇਸ ਨੂੰ ਲੈ ਕੇ ਲੋਕਾਂ ਨੇ ‘ਆਪ’ ਸਰਕਾਰ ਨੂੰ ਘੇਰਿਆ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਸੀਂ 22 ਡਰੋਨ ਹੇਠਾਂ ਸੁੱਟੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਲੋਂ ਆਉਣ ਵਾਲੇ ਡਰੋਨਾਂ ਨੂੰ ਬੀਐਸਐਫ ਦੇ ਜਵਾਨਾਂ ਨੇ ਹੇਠਾਂ ਸੁੱਟਿਆ ਹੈ। ਇਸ ਵਿਚ ਪੰਜਾਬ ਪੁਲਿਸ ਦਾ ਕੋਈ ਯੋਗਦਾਨ ਨਹੀਂ ਰਿਹਾ। ਪਰ ਇਸਦੇ ਬਾਵਜੂਦ ਵੀ ਪੰਜਾਬ ਸਰਕਾਰ ਇਸਦਾ ਕਰੈਡਿਟ ਲੈ ਰਹੀ ਹੈ। ਮੀਡੀਆ ਵਿਚ ਆਈ ਜਾਣਕਾਰੀ ਮੁਤਾਬਕ ਬੀਐਸਐਫ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਇਸ ਸਾਲ ਸਿਰਫ 4 ਡਰੋਨ ਬਰਾਮਦ ਕੀਤੇ ਹਨ। ਜਦਕਿ ਬੀਐਸਐਫ ਦੇ ਜਵਾਨਾਂ ਨੇ 9 ਡਰੋਨ ਹੇਠਾਂ ਸੁੱਟਣ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ 12 ਡਰੋਨਾਂ ਨੂੰ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਅਭਿਆਨ ਦੌਰਾਨ ਬਰਾਮਦ ਕੀਤਾ ਹੈ। ਇਹ ਵੀ ਦੱਸਿਆ ਗਿਆ ਕਿ ਇਹ ਅੰਕੜਾ 1 ਜਨਵਰੀ 2022 ਤੋਂ 28 ਦਸੰਬਰ 2022 ਤੱਕ ਦਾ ਹੈ।