Breaking News
Home / ਪੰਜਾਬ / ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ‘ਚ ਵੱਡੀ ਰੈਲੀ

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ‘ਚ ਵੱਡੀ ਰੈਲੀ

ਕਿਸਾਨੀ ਸੰਘਰਸ਼ ਲਈ ਪੰਜਾਬ ਦੀ ਜਨਤਾ ਕੋਲੋਂ ਮੰਗਿਆ ਹੋਰ ਸਹਿਯੋਗ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਹੋਲਾ ਮਹੱਲਾ ਮੌਕੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸਹਿਯੋਗ ਨਾਲ ਸਥਾਨਕ ਮਾਤਾ ਨਾਨਕੀ ਚੇਰੀਟੈਬਲ ਹਸਪਤਾਲ ਦੇ ਨਜ਼ਦੀਕ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ।
ਕਾਨਫਰੰਸ ‘ਚ ਕੁਝ ਬੁਲਾਰਿਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸਿਆਸੀ ਲੜਾਈ ਲੜ ਕੇ ਆਪਣੀ ਸਰਕਾਰ ਬਣਾ ਕੇ ਕਿਸਾਨੀ ਮਸਲਿਆਂ ਦਾ ਹੱਲ ਲਈ ਲੋਕਾਂ ਦੇ ਇਕੱਠ ਤੋਂ ਸਹਿਯੋਗ ਮੰਗਿਆ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਹੋਰਨਾਂ ਨੇ ਸਿਆਸੀ ਲੜਾਈ ‘ਚ ਪੈਣ ਤੋਂ ਕਿਨਾਰਾ ਕਰਦਿਆਂ ਕਿਸਾਨੀ ਸੰਘਰਸ਼ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਰਾਜੇਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨਾ ਜਾਣਦੇ ਹਨ ਪਰ ਇਸ ਵੇਲੇ ਉਨ੍ਹਾਂ ਦੀ ਖੇਤੀ ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਪਹਿਲੀ ਤਰਜੀਹ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਵੇਂ ਕਿ ਕੇਂਦਰ ਨੇ ਖੇਤੀ ਸਬੰਧੀ ਕਾਨੂੰਨ ਕੁਝ ਕੁ ਮਹੀਨੇ ਪਹਿਲਾਂ ਬਣਾਏ ਹਨ ਪਰ ਉਨ੍ਹਾਂ ਨੂੰ ਸਰਕਾਰ ਦੀ ਮਨਸ਼ਾ ਦਾ ਕਰੀਬ ਦੋ ਕੁ ਸਾਲ ਪਹਿਲਾਂ ਹੀ ਪਤਾ ਲੱਗ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਦੇ ਸਹਾਰੇ ਖੇਤੀ ਦੇ ਕਿੱਤੇ ਨੂੰ ਕਾਰਪੋਰੇਟਾਂ ਹਵਾਲੇ ਕਰਨ ‘ਤੇ ਤੁਲੀ ਹੋਈ ਹੈ। ਜੋ ਦੇਸ਼ ਦੇ ਕਿਸੇ ਵਰਗ ਦੇ ਹਿੱਤ ‘ਚ ਨਹੀਂ।
ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੱਜ ਦੇ ਹਾਕਮ ਅੰਗਰੇਜ਼ਾਂ ਤੋਂ ਵੀ ਵੱਡੇ ਲੁਟੇਰੇ ਬਣ ਬੈਠੇ ਹਨ। ਜੋ ਆਪਣੇ ਚਹੇਤੇ ਸਰਮਾਏਦਾਰਾਂ ਨੂੰ ਦੇਸ਼ ਦੇ ਕੀਮਤੀ ਸਾਧਨਾਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਦੇ ਰਾਹ ਪੈ ਗਏ ਹਨ।
ਉਨ੍ਹਾਂ ਕਿਹਾ ਕਿ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਬਦੌਲਤ ਦੇਸ਼ ਭੁੱਖਮਰੀ ਵਾਲੇ ਦੇਸ਼ਾਂ ‘ਚ 102ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਅੱਜ ਦਾ ਕਿਸਾਨ ਅੰਦੋਲਨ ਜਿਉਂਦੇ ਰਹਿਣ ਦੀ ਲੜਾਈ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ, ਮਨਜੀਤ ਸਿੰਘ ਰਾਏ ਆਦਿ ਨੇ ਕਿਹਾ ਕਿ ਅੱਜ ਲੜਾਈ ਦੋ ਜਮਾਤਾਂ ਦੀ ਰਹਿ ਗਈ ਹੈ ਇਕ ਪਾਸੇ ਕਿਸਾਨ ਅਤੇ ਆਮ ਲੋਕ ਹਨ ਜੋ ਆਪਣੀ ਰੋਜ਼ੀ ਰੋਟੀ ਦੀ ਲੜਾਈ ਲੜ ਰਹੇ ਹਨ ਦੂਜੇ ਪਾਸੇ ਰਾਜਨੀਤਕ ਲੋਕ ਸਰਮਾਏਦਾਰ ਪੱਖੀ ਹੋ ਕੇ ਉਨ੍ਹਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਬਦੌਲਤ ਅੱਜ ਭਾਜਪਾ ਦੇਸ਼ ਅੰਦਰ ਰਾਜਨੀਤਕ ਮੌਤ ਮਰ ਚੁੱਕੀ ਹੈ। ਕਾਨਫਰੰਸ ਨੂੰ ਹਰਿੰਦਰ ਸਿੰਘ ਲੱਖੋਵਾਲ, ਸੁਰਜੀਤ ਸਿੰਘ ਫੂਲ, ਅਵਿਮੰਨਿਊ ਕੋਹਾਰ, ਨੌਜਵਾਨ ਨਵਦੀਪ ਹਰਿਆਣਾ, ਹਰਜਿੰਦਰ ਸਿੰਘ ਟਾਂਡਾ, ਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਯੋਗਰਾਜ ਸਿੰਘ ਨੇ ਸਿਆਸੀ ਲੜਾਈ ਦਾ ਵਜਾਇਆ ਬਿਗਲ
ਕਾਨਫ਼ਰੰਸ ‘ਚ ਸਿਆਸੀ ਜੰਗ ਦਾ ਐਲਾਨ ਕਰਦਿਆਂ ਫਿਲਮੀ ਸਿਤਾਰੇ ਯੋਗਰਾਜ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ‘ਚ ਕਿਸਾਨਾਂ ਮਜ਼ਦੂਰਾਂ ਦੇ ਆਗੂ ਖੜ੍ਹੇ ਕਰਨ ਅਤੇ ਸਿਆਸੀ ਲੜਾਈ ‘ਚ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀ ਆਪਣੀ ਸਰਕਾਰ ਬਣਾ ਕੇ ਕਿਸਾਨੀ ਤੇ ਹੋਰ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਅਤੇ ਇਸ ਮੌਕੇ ਉਨ੍ਹਾਂ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ ਸਿਆਸੀ ਲੜਾਈ ਲਈ ਸਹਿਮਤੀ ਵੀ ਲਈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …