Breaking News
Home / ਪੰਜਾਬ / ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਹੋਲੀ

ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਹੋਲੀ

ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ : ਡਾ. ਦਰਸ਼ਨ ਪਾਲ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਵੱਲੋਂ ‘ਹੋਲਿਕਾ ਦਹਿਨ’ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਸਿੰਘੂ ਧਰਨੇ ਵਿੱਚ ਸ਼ਾਮਲ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਦਫ਼ਤਰ ਕੋਲ ਇਕੱਠੇ ਹੋਏ ਤੇ ਉਨ੍ਹਾਂ ਮੋਰਚੇ ਦੇ ਆਗੂਆਂ ਨਾਲ ਮਿਲ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਇਸ ਤਿਉਹਾਰ ਨੂੰ ਬੁਰਾਈ ‘ਤੇ ਨੇਕੀ ਦੀ ਜਿੱਤ ਵਜੋਂ ਦੇਖਦਿਆਂ ਸਰਕਾਰ ਨੂੰ ਉਕਤ ਕਾਨੂੰਨ ਰੱਦ ਕਰਨੇ ਪੈਣਗੇ ਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣਾ ਪਵੇਗਾ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ 18 ਮਾਰਚ ਨੂੰ ਬਿੱਲ ਪਾਸ ਕਰਨ ਦੀ ਵੀ ਨਿਖੇਧੀ ਕੀਤੀ, ਜਿਸ ਤਹਿਤ ਜਨਤਕ ਜਾਇਦਾਦ ਦੇ ਨੁਕਸਾਨ ਦੀ ਭਰਪਾਈ ਲਈ ਸਖ਼ਤ ਧਾਰਾਵਾਂ ਜੋੜੀਆਂ ਗਈਆਂ ਹਨ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਕਾਨੂੰਨ ਕਿਸਾਨੀ ਅੰਦੋਲਨ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੋਂ ਬਚਣ ਲਈ ਬਣਾਇਆ ਗਿਆ ਹੈ ਜੋ ਲੋਕਤੰਤਰ ਲਈ ਵੀ ਘਾਤਕ ਹੋਵੇਗਾ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਕੀਮਤ ਤੇ ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਖਤਮ ਕਰਨ ਦੀਆਂ ਅਸਿੱਧੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸੇ ਕਰਕੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫਸੀਆਈ) ਦੇ ਬਜਟ ਵਿੱਚ ਕਟੌਤੀ ਕੀਤੀ ਜਾਂਦੀ ਰਹੀ ਤੇ ਇਸ ਬਜਟ ਵਿੱਚ ਫਿਰ ‘ਐੱਫਸੀਆਈ’ ਦੇ ਬਜਟ ‘ਤੇ ਕੁਹਾੜਾ ਚੱਲਿਆ। ਉਨ੍ਹਾਂ ਦੱਸਿਆ ਕਿ ਮੋਰਚੇ ਵੱਲੋਂ 5 ਅਪਰੈਲ ਨੂੰ ‘ਐੱਫਸੀਆਈ ਬਚਾਓ ਦਿਵਸ’ ਮਨਾਇਆ ਜਾਵੇਗਾ ਤੇ ਦੇਸ਼ ਦੇ ਐੱਫਸੀਆਈ ਦਫ਼ਤਰਾਂ ਨੂੰ ਸਵੇਰੇ 11 ਤੋਂ 5 ਵਜੇ ਸ਼ਾਮ ਤੱਕ ਘੇਰਿਆ ਜਾਵੇਗਾ।
ਟਿਕਰੀ ਤੇ ਗਾਜ਼ੀਪੁਰ ਬਾਰਡਰ ‘ਤੇ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਟਿਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਵੀ ਵਿਵਾਦਤ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਟਿੱਕਰੀ ਸਰਹੱਦ ‘ਤੇ ਬੀਬੀ ਗੁਲਾਬ ਕੌਰ ਸਟੇਜ ਨੇੜੇ ਪਕੌੜਾ ਚੌਕ ਵਿੱਚ ਕੇਂਦਰ ਸਰਕਾਰ ਨੂੰ ਜਗਾਉਣ ਲਈ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਸਰਕਾਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਤਰ੍ਹਾਂ- ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ਤੇ ਕਿਰਤੀ ਲੋਕਾਂ ਦੀ ਗੱਲ ਨਹੀਂ ਸੁਣ ਰਹੀ। ਇਸੇ ਤਰ੍ਹਾਂ ਗਾਜ਼ੀਪੁਰ ਮੋਰਚੇ ‘ਤੇ ਬੀਕੇਯੂ ਆਗੂ ਰਾਕੇਸ਼ ਟਿਕੈਤ ਵੱਲੋਂ ਕਿਸਾਨਾਂ ਨਾਲ ਮਿਲ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਕਿਸਾਨ ਚੌਕ ਦੇ ਵਿਚਕਾਰ ਰੱਖ ਕੇ ਸਾੜੀਆਂ ਗਈਆਂ। ਇਸ ਮੌਕੇ ਜਗਤਾਰ ਸਿੰਘ ਬਾਜਵਾ, ਬਲਜਿੰਦਰ ਸਿੰਘ ਮਾਨ, ਧਰਮਪਾਲ ਮਲਿਕ, ਤਰਾਈ ਇਲਾਕੇ ਦੇ ਕਿਸਾਨ ਤੇਜਿੰਦਰ ਸਿੰਘ ਵਿਰਕ, ਮਾਂਗੇ ਰਾਮ ਤਿਆਗੀ, ਰਾਜਬੀਰ ਸਿੰਘ ਜਾਦੋਂਨ ਤੇ ਆਮ ਵਰਕਰ ਹਾਜ਼ਰ ਸਨ। ਇਸ ਮੌਕੇ ਮੰਚ ਤੋਂ ਰਵਾਇਤੀ ਹੋਲੀ ਦੇ ਗੀਤ ਵੀ ਗਾਏ ਗਏ।
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਟਰਾਲੀਆਂ ਤੇ ਤੰਬੂਆਂ ‘ਚ ਏਸੀ ਨਾ ਲਾਉਣ ਦੀ ਦਿੱਤੀ ਸਲਾਹ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਨੇ ਮੋਰਚਿਆਂ ਵਿੱਚ ਹਿੱਸਾ ਲੈ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਟਰਾਲੀਆਂ ਜਾਂ ਆਰਜ਼ੀ ਤੰਬੂਆਂ ਵਿੱਚ ਏਅਰਕੰਡੀਸ਼ਨ ਨਾ ਲਾਉਣ ਤੇ ਨਾ ਹੀ ਪੱਕੀਆਂ ਉਸਾਰੀਆਂ ਕਰਨ। ਮੋਰਚੇ ਵੱਲੋਂ ਉਸਾਰੀਆਂ ਨਾ ਕਰਨ ਦੀ ਅਪੀਲ ਪਹਿਲਾਂ ਵੀ ਕੀਤੀ ਗਈ ਸੀ ਜਦੋਂ ਸੋਨੀਪਤ ਜ਼ਿਲ੍ਹਾ ਪ੍ਰਸ਼ਾਸਨ ਨੇ ਅਣਪਛਾਤੇ ਕਿਸਾਨਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਉਸਾਰੀਆਂ ਕਾਰਨ ਕੇਸ ਦਰਜ ਕਰ ਲਏ ਗਏ ਸਨ। ਕਿਸਾਨ ਆਗੂਆਂ ਨੇ ਸਿੰਘੂ ਬਾਰਡਰ ਦੇ ਮੋਰਚੇ ਦੇ ਮੁੱਖ ਮੰਚ ਤੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਰਾਲੀਆਂ ਵਿੱਚ ਏਸੀ ਨਾ ਲਾਉਣ।

 

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …