Breaking News
Home / ਨਜ਼ਰੀਆ / ‘2ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’

‘2ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’

ਕਿਤਾਬ ਗਿਆਨ ਦਾ ਸਾਗਰ

ਰਿਵਿਊ ਕਰਤਾ

ਡਾ. ਡੀ ਪੀ ਸਿੰਘ

416-859-1856

‘ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’ ਕਿਤਾਬ ਦੇ ਲੇਖਕ ਸ. ਕੁਲਵੰਤ ਸਿੰਘ, ਜਿੱਥੇ ਕੈਨੇਡਾ ਦੇ ਉਨਟਾਰੀਓ ਸੂਬੇ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਹਨ, ਉਥੇ ਉਨਾਂ ਦਾ ਜਨ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਬਹੁਤ ਹੀ ਡੂੰਘਾ ਹੈ।

ਬਾਲਕ ਕੁਲਵੰਤ ਦਾ ਜਨਮ, ਸੰਨ 1946 ਵਿਚ, ਚੜਦੇ ਪੰਜਾਬ ਦੇ ਪਿੰਡ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਪਿਤਾ ਸ. ਗੁਰਬਖਸ਼ ਸਿੰਘ ਅਤੇ ਮਾਤਾ ਵਰਿਆਮ ਕੌਰ ਦੇ ਘਰ ਵਿਚ ਹੋਇਆ। ਮੁੱਢਲੀ ਸਿੱਖਿਆ ਆਪ ਨੇ ਸਰਕਾਰੀ ਸਕੂਲ, ਰਾਜਾਸਾਂਸੀ ਤੋਂ ਪ੍ਰਾਪਤ ਕੀਤੀ। ਉਪਰੰਤ ਆਪ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ.ਏ., ਅਤੇ ਬੀ.ਐਡ.ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਪੜਾਈ ਪੂਰੀ ਹੁੰਦਿਆਂ ਹੀ ਆਪ ਨੇ ਟੈਲੀਫੋਨ ਐਕਸਚੇਂਜ, ਅੰਮ੍ਰਿਤਸਰ ਵਿਖੇ ਸੇਵਾ ਸੰਭਾਲੀ। ਪੰਜਾਬੀ ਸਾਹਿਤ ਨਾਲ ਲਗਾਓ ਅਤੇ ਹੋਰ ਨਵਾਂ ਜਾਨਣ ਦੀ ਲਲਕ ਕਾਰਨ ਆਪ ਨੇ ਜਲਦੀ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਏ. (ਪੰਜਾਬੀ) ਦੀ ਪੜਾਈ ਵੀ ਪੂਰੀ ਕਰ ਲਈ।

ਬੀਬਾ ਰਾਣੀ ਕੌਰ ਨਾਲ ਸ਼ਾਦੀ ਹੋਣ ਦੇ ਜਲਦੀ ਹੀ ਪਿੱਛੋਂ ਆਪ ਕੈਨੇਡਾ ਆ ਕੇ ਵਸ ਗਏ। ਪਿਛਲੇ ਲਗਭਗ 45 ਸਾਲਾਂ ਤੋਂ ਕੈਨੇਡਾ ਵਿਚ ਵਸ ਰਹੇ ਸ. ਕੁਲਵੰਤ ਸਿੰਘ ਨੇ ਜੀਵਨ ਦੇ ਅਨੇਕ ਉਤਰਾਵਾਂ ਚੜਾਵਾਂ ਵਿਚੋਂ ਗੁਜ਼ਰਦਿਆਂ ਜਿੱਥੇ ‘ਸਿੰਘ ਫੋਮ’ ਦੇ ਨਾਂ ਹੇਠ ਸਫਲ ਬਿਜਨੈਸ ਦੀ ਸਥਾਪਨਾ ਕੀਤੀ ਹੈ, ਉਥੇ ਉਸ ਨੇ ਪੰਜਾਬੀ ਮਾਂ ਬੋਲੀ ਨਾਲ ਆਪਣੇ ਪਿਆਰ ਨੂੰ ਵੀ ਫਿੱਕਾ ਨਹੀਂ ਪੈਣ ਦਿੱਤਾ। ਉਸ ਨੇ ਹੁਣ ਤੱਕ ਤਿੰਨ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਈਆਂ ਹਨ। ਉਸ ਦੀ ਚੌਥੀ ਕਿਤਾਬ ਪ੍ਰਕਾਸ਼ਨ ਅਧੀਨ ਹੈ।

ਸ. ਕੁਲਵੰਤ ਸਿੰਘ ਇਕ ਅਜਿਹੀ ਵਿਲੱਖਣ ਸ਼ਖ਼ਸੀਅਤ ਹਨ, ਜਿਨਾਂ ਨੇ ਆਪਣਾ ਸਮੁੱਚਾ ਜੀਵਨ ਗੁਰਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਜਿਊਣ, ਪੰਜਾਬੀ ਮਾਂ ਬੋਲੀ ਵਿਚ ਜਨ ਸਾਹਿਤ ਰਚਨਾ ਕਾਰਜਾਂ ਤੇ ਸਮਾਜ ਭਲਾਈ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ। ਆਪ ਦੀ ਪ੍ਰੇਰਨਾ ਅਤੇ ਵਿੱਤੀ ਸਹਿਯੋਗ ਸਦਕਾ ਆਪ ਦੇ ਸਪੁੱਤਰ ਪ੍ਰੇਮ ਸਿੰਘ ਦੁਆਰਾ ਪਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਰਾਸ਼ਟਰੀ ਪੱਧਰ ਉਤੇ ਉਜਾਗਰ ਕਰਨ ਲਈ ਬਹੁਤ ਹੀ ਮਹੱਤਵਪੂਰਨ ਫਿਲਮ ‘ਟਾਈਗਰ’ (2018) ਬਣਾਈ ਗਈ ਹੈ। ਜੋ ਕੈਨੇਡਾ ਅਤੇ ਅਨੇਕ ਹੋਰ ਦੇਸ਼ਾਂ ਵਿਚ ਬਹੁਤ ਹੀ ਮਕਬੂਲ ਹੋਈ ਹੈ। ‘ਟਾਈਗਰ’ ਫਿਲਮ ਇਕ ਗੁਰਸਿੱਖ ਪਰਦੀਪ ਸਿੰਘ ਨਾਗਰਾ ਦੁਆਰਾ ਬਾਕਸਿੰਗ ਦੇ ਖੇਤਰ ਵਿਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜੱਦੋ ਜਹਿਦ ਕਰਨ ਦੀ ਸੱਚੀ ਕਹਾਣੀ ਨੂੰ ਪੇਸ਼ ਕਰਦੀ ਹੈ।

‘ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’ ਸ. ਕੁਲਵੰਤ ਸਿੰਘ ਦੀ ਤੀਸਰੀ ਪੁਸਤਕ ਹੈ। ਜਿਸ ਵਿਚ ਵਿਭਿੰਨ ਵਿਸ਼ਿਆਂ ਨਾਲ ਸਬੰਧਤ ਅਨੇਕ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਪੁਸਤਕ ਅਜੋਕੇ ਜੀਵਨ ਚਲਣ ਦੇ ਵਿਭਿੰਨ ਪਹਿਲੂਆਂ ਨੂੰ ਬੜੇ ਰੌਚਿਕ ਢੰਗ ਨਾਲ ਬਿਆਨ ਕਰਦੀ ਹੈ। ਲੇਖਕ ਨੇ ਕਿਤਾਬ ਦੇ ਸੰਪਾਦਕੀ ਲੇਖ ਵਿਚ ਕਿਤਾਬ ਦਾ ਮਕਸਦ ਵਰਨਣ ਕਰਦੇ ਲਿਖਿਆ ਹੈ ਕਿ ਇਸ ਕਿਤਾਬ ਦੇ ਲਫਜ਼, ਸਤਰਾਂ ਤੇ ਕਹਾਣੀਆਂ, ਜੋ ਵੀ ਮੈਨੂੰ ਚੰਗੀਆਂ ਲੱਗੀਆਂ, ਉਹ ਪਾਠਕਾਂ ਦੀ ਨਜ਼ਰ ਪੇਸ਼ ਕਰ ਰਿਹਾ ਹੈ। ਆਸ ਹੈ ਕਿ ਇਹ ਸਤਰਾਂ ਕਿਸੇ ਦੇ ਕੰਮ ਆ ਸਕਣ, ਕਿਸੇ ਨੂੰ ਸਕੂਨ ਮਿਲ ਸਕੇ, ਕਿਸੇ ਨੂੰ ਰਾਹ ਦਿਖਾ ਦੇਣ। ਲੇਖਕ, ਇਨਾਂ ਰਚਨਾਵਾਂ ਦੀ ਮੌਲਿਕਤਾ ਦਾ ਦਾਅਵਾ ਨਹੀਂ ਕਰਦਾ, ਸਿਰਫ ਆਪਣੀ ਮਨਪਸੰਦੀਗੀ ਕਾਰਨ ਹੋਰਨਾਂ ਨਾਲ ਇਨਾਂ ਨੂੰ ਸਾਂਝਾ ਕਰਨ ਦੀ ਖੁਸ਼ੀ ਲੈਣ ਦਾ ਜ਼ਿਕਰ ਕਰਦਾ ਹੈ।

ਕਿਤਾਬ ਵਿਚ ਛੋਹੇ ਗਏ ਵਿਸ਼ਿਆਂ ਦੀ ਵਿਭਿੰਨਤਾ ਤੇ ਵਿਸ਼ਾਲਤਾ ਬੇਮਿਸਾਲ ਹੈ। ਕਿਧਰੇ ਕਾਵਿਕ ਰਚਨਾਵਾਂ ਦਾ ਬੋਲਬਾਲਾ ਹੈ ਤਾਂ ਕਿਧਰੇ ਮਨੋਵਚਨੀ ਵਾਰਤਾਲਾਪ ਦਾ। ਕਿਧਰੇ ਬਜ਼ੁਰਗੀ ਭਰੀ ਨਸੀਅਤ ਦੀ ਦੱਸ ਪੈਂਦੀ ਹੈ ਤੇ ਕਿਧਰੇ ਦੋਸਤਾਂ ਮਿੱਤਰਾਂ ਨਾਲ ਸਜੀ ਮਹਿਫਲ ਵਿਚੋਂ ਉਠ ਰਹੀ ਹਾਸਿਆਂ ਦੀ ਛਣਹਾਰ ਸੁਣਾਈ ਦਿੰਦੀ ਹੈ। ਕਿਤਾਬ ਵਿਚ ਭਾਸ਼ਾਈ ਵੰਨਸੁਵੰਨਤਾ ਵੀ ਹੈ ਬੇਸ਼ੱਕ ਪੰਜਾਬੀ ਭਾਸ਼ਾ ਨੇ ਮਾਲੀ ਲੁੱਟੀ  ਹੈ, ਪਰ ਕਿਧਰੇ ਕਿਧਰੇ ਅੰਗਰੇਜ਼ੀ ਭਾਸ਼ਾ ਦੀ ਲੁਕਣਮੀਟੀ ਖੇਲਦੀ ਨਜ਼ਰ ਆਉਂਦੀ ਹੈ। ਕਿਤਾਬ ਦੇ ਤਿੰਨ ਭਾਗ ਹਨ। ਪਹਿਲਾ ਭਾਗ ਪ੍ਰਭੂ ਪਿਆਰ ਦੇ ਸੰਦੇਸ਼ ਨਾਲ ਸ਼ੁਰੂ ਹੁੰਦਾ ਹੈ ਅਤੇ ‘ਬਹੁਤ ਸੁੰਦਰ ਸ਼ਬਦ’ ਦੇ ਸਿਰਲੇਖ ਨਾਲ ਗੱਲਾਂ ਗੱਲਾਂ ਵਿਚ ਹੀ ਜ਼ਿੰਦਗੀ ਦੇ ਅਨੇਕ ਭੇਦ ਸਾਂਝੇ ਕਰ ਜਾਂਦਾ ਹੈ।

ਗਿਆਨ, ਦੌਲਤ ਤੇ ਵਿਸ਼ਵਾਸ ਦੇ ਰਾਹਾਂ ਦੀ ਦੱਸ ਪਾਉਂਦਾ ਹੈ। ਸਿਹਤਯਾਬ ਜ਼ਿੰਦਗੀ ਦੇ ਨੁਸਖੇ ਦੱਸਦਾ ਹੈ। ਕੁਲਵੰਤ ਸਿੰਘ, ਮਨੁੱਖੀ ਜ਼ਿੰਦਗੀ ਵਿਚ ਪਿਆਰ ਦੀ ਮਹੱਤਤਾ ਦਾ ਜ਼ਿਕਰ ਇੰਝ ਕਰਦੇ ਹਨ, ”ਬਹੁਤ ਆਸਾਨ ਹੈ, ਜਮੀਂ ਪਰ ਘਰ ਬਣਾ ਲੈਣਾ। ਜ਼ਿੰਦਗੀ ਗੁਜਰ ਜਾਤੀ ਹੈ ਕਿਸੀ ਕੇ ਦਿਲ ਮੇਂ ਘਰ ਬਨਾਣੇ ਕੇ ਲੀਏ।’ ‘ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’ ਕਿਤਾਬ ਦਾ ਦੂਜਾ ਭਾਗ ‘ਮਿੱਟੀ’ ਦੀ ਮਹੱਤਤਾ ਵਾਲੀ ਕਾਵਿ ਵੰਨਗੀ ਨਾਲ ਖੁੱਲਦਾ ਹੈ। ‘ਜ਼ਿੰਦਗੀ ਕੀ ਏ?’ ਦੇ ਸਿਰਲੇਖ ਵਾਲਾ ਇਹ ਭਾਗ, ਜੀਵਨ ਦੀਆਂ ਤਰਜੀਹਾਂ, ਜੀਵਨ ਦੇ ਕੌੜੇ ਸੱਚਾਂ, ਅਤੇ ਪਿਤਾ ਦੀ ਨਸੀਹਤ ਦਾ ਬਿਆਨ ਕਰਦੇ ਹੋਏ ਅਨੇਕ ਅਟੱਲ ਸੱਚਾਈਆਂ ਦੀ ਦੱਸ ਪਾ ਜਾਂਦਾ ਹੈ।

ਲੇਖਕ ਦਾ ਵਿਖਿਆਨ; ‘ਜਹਾਂ ਸਿਰ ਝੁਕ ਜਾਏ, ਵਹੀ ਖੁਦਾ ਕਾ ਘਰ ਹੈ। ਜਹਾਂ ਨਦੀ ਮਿਲ ਜਾਏ, ਵਹੀਂ ਸਮੁੰਦਰ ਹੈ। ਇਸ ਜ਼ਿੰਦਗੀ ਮੇਂ ਦਰਦ ਤੋ ਸਭ ਦੇਤੇ ਹੈਂ, ਜੋ ਦਰਦ ਕੋ ਸਮਝ ਸਕੇ ਵਹੀ ਹਮਦਰਦ ਹੈ।’ ਕਿਤਾਬ ਦਾ ਤੀਸਰਾ ਭਾਗ ‘ਵਹੁਟੀਆਂ ਨੂੰ ਖੁਸ਼ ਰੱਖਣ ਦੇ ਨੁਸਖੇ’ ਨਾਮੀ ਰਚਨਾ ਨਾਲ ਆਰੰਭ ਹੁੰਦਾ ਹੈ। ਜੋ ਬਹੁਤ ਹੀ ਰਸਭਰੀ ਰੌਚਕ ਕਾਵਿ ਰਚਨਾ ਹੈ। ਕੁਲਵੰਤ ਸਿੰਘ ਦਾ ਕਹਿਣਾ ਹੈ, ‘ਵਹੁਟੀ ਤੇ ਲਾੜਾ ਹੁੰਦੇ, ਪਹੀਏ ਇਕ ਗੱਡੀ ਦੇ। ਰਲ ਮਿਲ ਗੱਡੀ ਚਲਾ ਲਿਆ ਕਰੋ। ਇਕੱਠੇ ਭਾਂਡੇ ਰਹਿਣ ਸਦਾ ਖੜ ਖੜ ਕਰਦੇ। ਨਿੱਕੀ ਜਿਹੀ ਗੱਲ ਦਾ ਪਹਾੜ ਨਾ ਬਣਾ ਲਿਆ ਕਰੋ। … ‘ਰੁੱਸ ਜਾਏ ਵਹੁਟੀ ਤਾਂ ਮਨਾ ਲਿਆ ਕਰੋ। ਸ਼ੌਰੀ ਕਹਿ ਕੇ ਭੁੱਲ ਬਖਸ਼ਾ ਲਿਆ ਕਰੋ।’ ਅਨੇਕ ਵੰਨ ਸੁਵੰਨੇ ਵਿਚਾਰਾਂ ਨਾਲ ਸੁਸਜ਼ਿਤ ਇਹ ਭਾਗ, ਔਰਤ ਦੀ ਮਹੱਤਤਾ ਬਾਰੇ ਗੱਲ ਕਰਦੇ ਇਸ ਕਥਨ ਨਾਲ ਸੰਪੰਨ ਹੁੰਦਾ ਹੈ; ‘ਕੁਝ ਲੋਕ ਕਹਿੰਦੇ ਨੇ, ਔਰਤ ਦਾ ਕੋਈ ਘਰ ਨਹੀਂ ਹੁੰਦਾ। ਲੇਕਿਨ ਮੇਰਾ ਯਕੀਨ ਹੈ ਕਿ ਔਰਤ ਤੋਂ ਬਿਨਾ ਕੋਈ ਘਰ ਘਰ ਨਹੀਂ ਹੁੰਦਾ।’

ਕੁਲਵੰਤ ਸਿੰਘ ਦੀ ਲੇਖਣ ਸ਼ੈਲੀ ਸਰਲ ਅਤੇ ਸਪੱਸ਼ਟਤਾਪੂਰਨ ਹੈ। ਜੀਵਨ ਦੇ ਸਿੱਧਰੇ ਪੱਧਰੇ ਸੱਚਾਂ ਨੂੰ ਬੇਬਾਕੀ ਨਾਲ ਪੇਸ਼ ਕੀਤਾ ਗਿਆ ਹੈ। ਉਸ ਨੇ ਜੀਵਨ ਪ੍ਰਤੀ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ, ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਹ ਇਕ ਵਧੀਆ ਕਿਤਾਬ ਹੈ ਜੋ ਅਜੋਕੇ ਜੀਵਨ ਦੇ ਵਿਭਿੰਨ ਪਹਿਲੂਆਂ ਉਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦੀ ਹੈ। ਅਨੇਕ ਸਮਾਜਿਕ ਸੰਕਲਪਾਂ, ਧਾਰਨਾਵਾਂ ਤੇ ਵਰਤਾਰਿਆਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ।

ਕੁਲਵੰਤ ਸਿੰਘ, ਇਕ ਚੰਗੇ ਗੁਰਸਿੱਖ, ਸਫਲ ਬਿਜਨੈਸਮੈਨ, ਸਾਹਿਤਕ ਸਰਗਰਮੀਆਂ ਤੇ ਸਮਾਜ ਸੇਵਾ ਦਾ ਮਾਡਲ ਹਨ। ਉਨਾਂ ਦੀ ਇਹ ਰਚਨਾ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਨ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਨ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰੱਥ ਹੈ।

ਕੁਲਵੰਤ ਸਿੰਘ ਆਪਣੀ ਸੂਝ ਬੂਝ ਤੇ ਸਰਲਤਾ ਭਰੀ ਰਵਾਨਗੀ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਕਿਤਾਬ ਦਾ ਸਰਵਰਕ ਚਹੁ ਰੰਗਾ ਹੈ। ਡੀਲਕਸ ਬਾਇਡਿੰਗ ਵਾਲੀ ਅਤੇ ਵਧੀਆ ਗੁਣਤਾ ਵਾਲੇ ਕਾਗਜ਼ ਉਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਈਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉਦਮ ਪ੍ਰਸੰਸਾਯੋਗ ਹੈ। ਜੋ ਨੈਤਿਕਤਾ ਭਰਭੂਰ ਜੀਵਨ ਜਿਊਣ ਸਬੰਧਤ ਉਚਿਤ ਸਾਹਿਤ ਦੀ ਉਪਲਬਧੀ ਕਰਾਉਣ ਵਿਚ ਨਵੀਂ ਪਿਰਤ ਪਾਉਂਦਾ ਨਜ਼ਰ ਆਉਂਦਾ ਹੈ।

ਆਸ ਹੈ ਹੋਰ ਸਾਹਿਤ ਪ੍ਰੇਮੀ ਤੇ ਰਚਨਾਕਾਰ ਇਸ ਉਦਮ ਦਾ ਅਨੁਸਰਣ ਕਰਦੇ ਹੋਏ ਚੰਗੇਰੇ ਤੇ ਖੁਸ਼ਹਾਲ ਜੀਵਨ ਜੀਊਣ ਦੇ ਢੰਗਾਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਉਣਗੇ। ‘ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’ ਰੋਜ਼ਾਨਾ ਜੀਵਨ ਨਾਲ ਸਬੰਧਤ ਗਿਆਨ ਦਾ ਸਾਗਰ ਹੈ। ਇਹ ਇਕ ਅਜਿਹੀ ਕਿਤਾਬ ਹੈ ਜੋ ਹਰ ਪਿੰਡ ਦੇ ਥੜੇ ਉਤੇ ਲੱਗਦੀਆਂ ਮਹਿਫਲਾਂ ਦਾ ਸ਼ਿੰਗਾਰ ਬਣਨ ਦੀ ਹੱਕਦਾਰ ਹੈ। ਤਾਂ ਜੋ ਸਾਡੇ ਸਮਾਜ ਦਾ ਹਰ ਅੰਗ   ਬਜ਼ੁਰਗ, ਬੱਚੇ ਤੇ ਨੌਜਵਾਨ, ਚੰਗੇ ਸਫਲ ਤੇ ਖੁਸ਼ਹਾਲ ਜੀਵਨ ਦੇ ਆਸ਼ਿਆਂ ਤੇ ਭੇਤਾਂ ਦਾ ਸਹੀ ਰੂਪ ਸਮਝ, ਤੇ ਉਨਾਂ ਅਨੁਸਾਰ ਚਲ ਆਪਣਾ ਜੀਵਨ ਸਫਲ ਕਰ ਸਕਣ।

 

ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਜ਼ਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈਟ ਉਤੇ ਵੀ ਉਪਲਬਧ ਹਨ। ਅੱਜਕੱਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ਼ ਲਰਨਿੰਗ ਸੰਸਥਾ ਦੇ ਡਾਇਰੈਕਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ ਸੈਕੰਡਰੀ ਵਿਦਿਅਕ ਸੰਸਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।

ਈਮੇਲ :[email protected]

 

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …