5 C
Toronto
Friday, November 21, 2025
spot_img
Homeਪੰਜਾਬਪਾਣੀ ਤੇ ਸਹਿਕਾਰੀ ਸਭਾਵਾਂ ਦੀ ਰਾਖੀ ਲਈ ਕਿਸਾਨ ਲਾਉਣਗੇ ਮੋਰਚੇ

ਪਾਣੀ ਤੇ ਸਹਿਕਾਰੀ ਸਭਾਵਾਂ ਦੀ ਰਾਖੀ ਲਈ ਕਿਸਾਨ ਲਾਉਣਗੇ ਮੋਰਚੇ

ਸਰਕਾਰਾਂ ਦੀ ਅਣਗਹਿਲੀ ਕਾਰਨ ਪੰਜਾਬ ਦਾ ਪਾਣੀ ਖਤਮ ਅਤੇ ਸਹਿਕਾਰੀ ਸਭਾਵਾਂ ਤਬਾਹ ਹੋਣ ਕੰਢੇ : ਬਲਬੀਰ ਸਿੰਘ ਰਾਜੇਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਾਣੀਆਂ ਅਤੇ ਸਹਿਕਾਰੀ ਸਭਾਵਾਂ ਦੀ ਰਾਖੀ ਲਈ ਜਲਦ ਹੀ ਪੰਜਾਬ ਵਿੱਚ ਮੋਰਚਾ ਲਾਇਆ ਜਾਵੇਗਾ।
ਇਹ ਮੋਰਚਾ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਪਹਿਲੇ ਹਫ਼ਤੇ ਲਗਾਇਆ ਜਾਵੇਗਾ। ਇਹ ਐਲਾਨ ਰਾਜੇਵਾਲ ਤੇ ਹੋਰਨਾਂ ਕਿਸਾਨ ਆਗੂਆਂ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਰਕੇ ਪੰਜਾਬ ਦਾ ਪਾਣੀ ਖਤਮ ਹੋਣ ਅਤੇ ਸਹਿਕਾਰੀ ਸਭਾਵਾਂ ਤਬਾਹ ਹੋਣ ਕੰਢੇ ਪਹੁੰਚ ਚੁੱਕੀਆਂ ਹਨ। ਇਨ੍ਹਾਂ ਦੀ ਰਾਖੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁਟ ਹੋ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ।
ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਖਤਮ ਹੋਣ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਲਈ ਖੇਤੀ ਖਾਤਰ ਧਰਤੀ ਹੇਠਲਾ ਪਾਣੀ ਛੱਡ ਕੇ ਨਹਿਰੀ ਪਾਣੀ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮਸਲੇ ‘ਤੇ ਸਾਰੀਆਂ ਸਿਆਸੀ ਪਾਰਟੀਆਂ ਸਿਆਸਤ ਕਰਨ ਲੱਗੀਆਂ ਹੋਈਆਂ ਹਨ, ਪਰ ਕੋਈ ਵੀ ਇਸ ਮੁੱਦੇ ਨੂੰ ਸੰਜੀਦਗੀ ਨਾਲ ਨਹੀਂ ਚੁੱਕ ਰਿਹਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ-ਹਰਿਆਣਾ ਦੀ ਵੰਡ ਸਮੇਂ ਹੋਏ ਸਾਰੇ ਸਮਝੌਤਿਆਂ ‘ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਪਾਣੀ ਦੀ ਵੰਡ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਰਾਜਸਥਾਨ ਵੱਲੋਂ ਪਾਣੀ ਲੈਣ ‘ਤੇ ਪੰਜਾਬ ਨੂੰ ਬਣਦਾ ਭੁਗਤਾਨ ਕੀਤਾ ਜਾਂਦਾ ਸੀ, ਪਰ ਪਿਛਲੇ ਲੰਬੇ ਸਮੇਂ ਤੋਂ ਉਹ ਵੀ ਬੰਦ ਪਿਆ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਵਿਧਾਨ ਸਭਾ ਵਿੱਚ ਡੈਮ ਸੇਫ਼ਟੀ ਐਕਟ ਰੱਦ ਕਰਨ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਪੰਜਾਬ ਸਰਕਾਰ ‘ਤੇ ਬੀਬੀਐੱਮਬੀ ਵਿੱਚ ਪੰਜਾਬ ਦੇ ਬਣਦੇ ਮੈਂਬਰ ਪਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਬਨਾਉਣ ਦੀ ਅਪੀਲ ਕੀਤੀ। ਰਾਜੇਵਾਲ ਨੇ ਸਹਿਕਾਰੀ ਸਭਾਵਾਂ ਵਿੱਚ ਹੋਏ ਘਪਲਿਆਂ ਦੀ ਜਾਂਚ ਲਈ ਵੀ ਮੁੱਖ ਮੰਤਰੀ ਮਾਨ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਨ੍ਹਾਂ ਘਪਲਿਆਂ ਦੀ ਜਾਂਚ ਦੀ ਮੰਗ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ।
ਗ੍ਰਿਫਤਾਰ ਕਾਰਕੁਨਾਂ ਦੀ ਰਿਹਾਈ ਮੰਗੀ
ਕਿਰਤੀ ਕਿਸਾਨ ਯੂਨੀਅਨ ਨੇ ਸੰਗਰੂਰ ਜ਼ਿਲ੍ਹੇ ‘ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਗ੍ਰਿਫਤਾਰ ਕੀਤੇ ਸੈਂਕੜੇ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਗ੍ਰਿਫਤਾਰੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਆਪ’ ਦਿੱਲੀ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਹਰ ਜਮਹੂਰੀ ਸੰਘਰਸ਼ ਨੂੰ ਪੁਲੀਸ ਜਬਰ ਰਾਹੀਂ ਕੁਚਲਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਬੇਗਮਪੁਰਾ ਵਸਾਉਣ ਲਈ ਆ ਰਹੇ ਜਥਿਆਂ ਨੂੰ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

RELATED ARTICLES
POPULAR POSTS