Breaking News
Home / ਪੰਜਾਬ / ਕਿਸਾਨਾਂ ਦਾ ਗੁਆਚਿਆ ਸਾਮਾਨ 24 ਘੰਟੇ ‘ਚ ਲੱਭ ਕੇ ਦਿਆਂਗਾ : ਸੇਖੋਂ

ਕਿਸਾਨਾਂ ਦਾ ਗੁਆਚਿਆ ਸਾਮਾਨ 24 ਘੰਟੇ ‘ਚ ਲੱਭ ਕੇ ਦਿਆਂਗਾ : ਸੇਖੋਂ

ਘਿਰਾਓ ਮੌਕੇ ਸਵਾਲ ਪੁੱਛਣ ‘ਤੇ ਵਿਧਾਇਕ ਨੇ ਦਿੱਤਾ ਜਵਾਬ
ਫਰੀਦਕੋਟ/ਬਿਊਰੋ ਨਿਊਜ਼ : ਫਰੀਦਕੋਟ ਤੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਿੰਡ ਨੱਥਲਵਾਲਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਫੇਰੀ ਦੌਰਾਨ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਸਵਾਲ ਪੁੱਛੇ। ਸਵਾਲਾਂ ਦੇ ਜਵਾਬ ਵਿੱਚ ਸੇਖੋਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਦਾ ਖਨੌਰੀ ਮੋਰਚੇ ‘ਤੇ ਸਾਮਾਨ ਗੁੰਮ ਹੋਇਆ ਹੈ, ਉਹ ਉਸਦੀ ਲਿਸਟ ਪਹੁੰਚਦੀ ਕਰ ਦੇਣ ਅਤੇ ਉਹ ਅਗਲੇ 24 ਘੰਟਿਆਂ ਵਿੱਚ ਕਿਸਾਨਾਂ ਦੇ ਗੁਆਚੇ ਹੋਏ ਸਾਮਾਨ ਨੂੰ ਲੱਭ ਕੇ ਦੇਣਗੇ ਜਾਂ ਉਸਦੀ ਭਰਪਾਈ ਕਰਵਾਉਣਗੇ।
ਕਿਸਾਨਾਂ ਨੇ ਵਿਧਾਇਕ ਨੂੰ ਸਵਾਲ ਕੀਤਾ ਕਿ ਖਨੌਰੀ ਮੋਰਚੇ ‘ਤੇ ਸਰਕਾਰ ਦੀ ਸ਼ਹਿ ‘ਤੇ ਉਨ੍ਹਾਂ ਦੀਆਂ ਟਰਾਲੀਆਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋਇਆ ਸੀ। ਇਸੇ ਦੌਰਾਨ ਜਦੋਂ ਕੁਝ ਕਿਸਾਨ ਜਥੇਬੰਦੀਆਂ ਨੇ ਵਿਧਾਇਕ ਸੇਖੋਂ ਦਾ ਪਿੰਡ ਨੱਥਲਵਾਲਾ ਵਿੱਚ ਘਿਰਾਓ ਕੀਤਾ ਤਾਂ ਇਸ ਘਿਰਾਓ ਦਾ ਪਿੰਡ ਦੇ ਦਲਿਤ ਪਰਿਵਾਰਾਂ ਨੇ ਵਿਰੋਧ ਕੀਤਾ। ਪਰਿਵਾਰਾਂ ਨੇ ਇਤਰਾਜ਼ ਕੀਤਾ ਕਿ ਉਹ ਵਿਧਾਇਕ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਮਿਲਣਾ ਚਾਹੁੰਦੇ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਪਿੰਡ ਵਿੱਚ ਸਮਾਗਮ ਨਹੀਂ ਹੋ ਸਕਿਆ ਅਤੇ ਵਿਧਾਇਕ ਜਲਦੀ ਵਾਪਸ ਚਲੇ ਗਏ। ਇਸ ਕਰਕੇ ਉਹ ਆਪਣੀਆਂ ਸਮੱਸਿਆਵਾਂ ਨਹੀਂ ਦੱਸ ਸਕੇ। ਉਨ੍ਹਾਂ ਕਿਹਾ ਕਿ ਜੇ ਵਿਧਾਇਕ ਸਮਾਗਮ ਵਿੱਚ ਆਉਂਦੇ ਤਾਂ ਉਹ ਆਪਣੇ ਮਸਲੇ ਉਨ੍ਹਾਂ ਸਾਹਮਣੇ ਰੱਖਦੇ ਪਰ ਉਹ ਆਪਣੀ ਮੰਗ ਵਿਧਾਇਕ ਨੂੰ ਨਹੀਂ ਦੱਸ ਸਕੇ। ਇਸੇ ਦਰਮਿਆਨ ਵਿਧਾਇਕ ਸੇਖੋਂ ਨੇ ਕਿਹਾ ਕਿ ਉਹ ਦਲਿਤ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਦੁਬਾਰਾ ਫਿਰ ਪਿੰਡ ਵਿੱਚ ਜਲਦ ਜਾਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।

 

Check Also

ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ

  ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …