Breaking News
Home / ਪੰਜਾਬ / ਪੰਜਾਬ ਦੇ ਨਵੇਂ ਵਜ਼ੀਰਾਂ ਦੀ ਤਿੱਕੜੀ ਨੂੰ ਪਸੰਦ ਨਹੀਂ ਕੈਮਰੀ ਗੱਡੀਆਂ

ਪੰਜਾਬ ਦੇ ਨਵੇਂ ਵਜ਼ੀਰਾਂ ਦੀ ਤਿੱਕੜੀ ਨੂੰ ਪਸੰਦ ਨਹੀਂ ਕੈਮਰੀ ਗੱਡੀਆਂ

ਸੋਨੀ, ਰੰਧਾਵਾ ਤੇ ਬਲਬੀਰ ਸਿੱਧੂ ਨੇ ਥੋੜ੍ਹੇ ਦਿਨਾਂ ਬਾਅਦ ਹੀ ਵਾਪਸ ਮੋੜੀਆਂ ਸਰਕਾਰੀ ਗੱਡੀਆਂ
ਬਠਿੰਡਾ/ਬਿਊਰੋ ਨਿਊਜ਼
ਸਰਕਾਰੀ ਕੈਮਰੀ ਗੱਡੀਆਂ ਨਵੇਂ ਵਜ਼ੀਰਾਂ ਦੀ ਤਿੱਕੜੀ ਦੇ ਨੱਕ ਹੇਠਾਂ ਨਹੀਂ ਆਈਆਂ। ਨਵੇਂ ਨੌਂ ਵਜ਼ੀਰਾਂ ਵਿਚੋਂ ਤਿੰਨ ਵਜ਼ੀਰਾਂ ਨੇ ਸਰਕਾਰੀ ਗੱਡੀ ਵਾਪਸ ਕਰ ਦਿੱਤੀ ਹੈ। ਨਵੇਂ ਵਜ਼ੀਰਾਂ ਨੂੰ ਜਦੋਂ ਸਹੁੰ ਚੁਕਾਈ ਗਈ ਸੀ, ਉਦੋਂ ਤਾਂ ਇਨ੍ਹਾਂ ਨੇ ਝੰਡੀ ਵਾਲੀਆਂ ਕਾਰਾਂ ਪ੍ਰਵਾਨ ਕਰ ਲਈਆਂ ਸਨ, ਪਰ ਥੋੜ੍ਹੇ ਦਿਨਾਂ ਮਗਰੋਂ ਹੀ ਸਰਕਾਰੀ ਕੈਮਰੀ ਗੱਡੀਆਂ ਮੋੜ ਦਿੱਤੀਆਂ। ਪੰਜਾਬ ਦੇ ਕੁੱਲ 17 ਵਜ਼ੀਰਾਂ ਵਿਚੋਂ ਸਿਰਫ਼ ਅੱਠ ਹੀ ਸਰਕਾਰੀ ਗੱਡੀਆਂ ਵਰਤ ਰਹੇ ਹਨ। ਨਵੇਂ ਵਜ਼ੀਰ ਵੀ ਫਾਰਚੂਨਰ ਦੇ ਸ਼ੌਕੀਨ ਹਨ।
ਵੇਰਵਿਆਂ ਅਨੁਸਾਰ ਨਵੇਂ ਸਿੱਖਿਆ ਮੰਤਰੀ ਓ.ਪੀ.ਸੋਨੀ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਥੋੜ੍ਹੇ ਦਿਨਾਂ ਮਗਰੋਂ ਹੀ ਸਰਕਾਰੀ ਕੈਮਰੀ ਗੱਡੀਆਂ ਵਾਪਸ ਮੋੜ ਦਿੱਤੀਆਂ ਤੇ ਨਾਲ ਹੀ ਇਨ੍ਹਾਂ ਤਿੰਨਾਂ ਵਜ਼ੀਰਾਂ ਨੇ ਸਰਕਾਰੀ ਡਰਾਈਵਰਾਂ ਦੀ ਥਾਂ ਪ੍ਰਾਈਵੇਟ ਡਰਾਈਵਰ ਰੱਖਣ ਨੂੰ ਤਰਜੀਹ ਦਿੱਤੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਬਿਨਾਂ ਬਾਕੀ ਸਭ ਵਜ਼ੀਰਾਂ ਨੇ ਸੁਰੱਖਿਆ ਵਾਹਨ ਲਏ ਹੋਏ ਹਨ, ਜਿਨ੍ਹਾਂ ਵਿੱਚ ਜਿਪਸੀਆਂ ਅਤੇ ਇਨੋਵਾ ਗੱਡੀਆਂ ਸ਼ਾਮਲ ਹਨ। ਮਨਪ੍ਰੀਤ ਬਾਦਲ ਨੇ ਨਾ ਸਰਕਾਰੀ ਗੱਡੀ ਲਈ ਹੈ, ਨਾ ਹੀ ਸੁਰੱਖਿਆ ਵਾਹਨ ਤੇ ਨਾ ਹੀ ਸਰਕਾਰੀ ਡਰਾਈਵਰ।ઠਪਤਾ ਲੱਗਾ ਹੈ ਕਿ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੈਮਰੀ ਦੀ ਥਾਂ ਹੁਣ ਆਪਣੀ ਪ੍ਰਾਈਵੇਟ ਫਾਰਚੂਨਰ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ 17 ਵਜ਼ੀਰਾਂ ਵਿਚੋਂ ਸਾਧੂ ਸਿੰਘ ਧਰਮਸੋਤ, ਰਜ਼ੀਆ ਸੁਲਤਾਨਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ ਤੇ ਗੁਰਪ੍ਰੀਤ ਸਿੰਘ ਕਾਂਗੜ ਹੀ ਸਰਕਾਰੀ ਕੈਮਰੀ ਗੱਡੀ ਵਰਤ ਰਹੇ ਹਨ, ਜਦੋਂਕਿ ਬਾਕੀ ਵਜ਼ੀਰ ਪ੍ਰਾਈਵੇਟ ਵਾਹਨ ਵਰਤ ਰਹੇ ਹਨ। ਨਵਜੋਤ ਸਿੱਧੂ ਲੈਂਡ ਕਰੂਜ਼ਰ (ਡੀਜ਼ਲ 8 ਸੀਬੀਐਲ 0001) ਵਿੱਚ ਸਫ਼ਰ ਕਰਦੇ ਹਨ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਪ੍ਰਾਈਵੇਟ ਫਾਰਚੂਨਰ ਵਰਤਦੇ ਹਨ। ਸੂਤਰ ਦੱਸਦੇ ਹਨ ਕਿ ਕੈਮਰੀ ਕਾਰਾਂ ਹੁਣ ਕਾਫ਼ੀ ਪੁਰਾਣੀਆਂ ਹੋ ਗਈਆਂ ਹਨ, ਜਿਨ੍ਹਾਂ ਦੀ ਲਿੱਪਾਪੋਚੀ ਕਰਕੇ ਵਜ਼ੀਰਾਂ ਦੇ ਹਵਾਲੇ ਕੀਤਾ ਗਿਆ ਸੀ। ਜਦੋਂ ਅਕਾਲੀ ਵਜ਼ਾਰਤ (2007-12) ਸੀ ਤਾਂ ਉਸ ਦੌਰਾਨ 9.69 ਕਰੋੜ ਵਿੱਚ ਕੁੱਲ 120 ਗੱਡੀਆਂ ਦੀ ਖ਼ਰੀਦ ਕੀਤੀ ਗਈ ਸੀ, ਜਿਸ ਵਿੱਚ ઠ21 ਕੈਮਰੀ ਗੱਡੀਆਂ ਵੀ ਸ਼ਾਮਲ ਸਨ। ਸਰਕਾਰ ਨੇ ਪ੍ਰਾਈਵੇਟ ਵਾਹਨ ਵਰਤਣ ਦੀ ਖੁੱਲ੍ਹ ਦਿੱਤੀ ਹੋਈ ਹੈ, ਜਿਸ ਵਾਸਤੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਜ਼ੀਰ ਨੂੰ ਰਾਸ਼ੀ ਦੇ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ 20 ਅਪਰੈਲ 2016 ਤੋਂ ਪ੍ਰਾਈਵੇਟ ਗੱਡੀ ਦੇ ਪ੍ਰਤੀ ਕਿਲੋਮੀਟਰ 15 ਰੁਪਏ ਦਿੱਤੇ ਜਾਂਦੇ ਹਨ, ਜੋ ਪਹਿਲਾਂ ਪ੍ਰਤੀ ਕਿਲੋਮੀਟਰ 18 ਰੁਪਏ ਸੀ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਡਰਾਈਵਰ ਦੀ ਤਨਖ਼ਾਹ ਸਮੇਤ ਮੁਰੰਮਤ ਆਦਿ ਦੇ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕੈਮਰੀ ਗੱਡੀਆਂ ਕਾਫੀ ਪੁਰਾਣੀਆਂ ਸਨ ਅਤੇ ਨਿਯਮਾਂ ਅਨੁਸਾਰ ਵਜ਼ੀਰ ਪ੍ਰਾਈਵੇਟ ਵਾਹਨ ਵਰਤ ਸਕਦੇ ਹਨ, ਜਿਸ ਕਰਕੇ ਉਨ੍ਹਾਂ ਨੇ ਸਰਕਾਰੀ ਗੱਡੀ ਵਾਪਸ ਕੀਤੀ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …