6.7 C
Toronto
Thursday, November 6, 2025
spot_img
Homeਪੰਜਾਬਨਵਜੋਤ ਸਿੱਧੂ ਦੀ ਮਾਈਨਿੰਗ ਬਾਰੇ ਨੀਤੀ ਨੂੰ ਖੁੱਡੇ ਲਾਉਣ ਦੀ ਤਿਆਰੀ

ਨਵਜੋਤ ਸਿੱਧੂ ਦੀ ਮਾਈਨਿੰਗ ਬਾਰੇ ਨੀਤੀ ਨੂੰ ਖੁੱਡੇ ਲਾਉਣ ਦੀ ਤਿਆਰੀ

ਸਿੱਧੂ ਵਲੋਂ ਪੇਸ਼ ਕੀਤੀ ਨੀਤੀ ਨੂੰ ਹੂਬਹੂ ਲਾਗੂ ਨਹੀਂ ਕੀਤਾ ਜਾ ਸਕਦਾ : ਬਾਜਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮਾਈਨਿੰਗ ਬਾਰੇ ਪੇਸ਼ ਨਵੀਂ ਨੀਤੀ ਨੂੰ ਖੁੱਡੇ ਲਾਉਂਦਿਆਂ ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਲਿਆਉਣ ਦੀ ਸੰਭਾਵਨਾ ਹੈ। ਸਿੱਧੂ ਵੱਲੋਂ ਦਿੱਤੇ ਗਏ ਕਈ ਸੁਝਾਵਾਂ ਨਾਲ ਉਨ੍ਹਾਂ ਦੇ ਕੈਬਨਿਟ ਸਾਥੀ ਰਾਜ਼ੀ ਨਹੀਂ ਹਨ ਜਿਨ੍ਹਾਂ ਵਿਚ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਸਥਾਪਤ ਕਰਨ ਅਤੇ ਪੂਰਾ ਮਾਈਨਿੰਗ ਕਾਰੋਬਾਰ ਸਰਕਾਰ ਵੱਲੋਂ ਆਪਣੇ ਅਧੀਨ ਲੈਣ ਆਦਿ ਸੁਝਾਅ ਸ਼ਾਮਲ ਹਨ।
ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਵੱਲੋਂ ਪੇਸ਼ ਕੀਤੀ ਗਈ ਨੀਤੀ ਨੂੰ ਹੂਬਹੂ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵਿਚ ਉਨ੍ਹਾਂ (ਸਿੱਧੂ) ਦੇ ਨਿੱਜੀ ਵਿਚਾਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਭਾਵੇਂ ਨੀਤੀ ਤਿਆਰ ਕਰਨ ਵਾਲੀ ਸਬ ਕਮੇਟੀ ਵਿਚ ਸ਼ਾਮਲ ਸਨ ਪਰ ਉਨ੍ਹਾਂ ਰਿਪੋਰਟ ਨਹੀਂ ਦੇਖੀ ਹੈ। ਬਾਜਵਾ ਨੇ ਕਿਹਾ ਕਿ ਨੀਤੀ ਤਿਆਰ ਕਰਨ ਲਈ ਸਾਂਝੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਸਿੱਧੂ ਦੀ ਤਜਵੀਜ਼ ਵਿਰੁੱਧ ਸਰਕਾਰ ਵੱਲੋਂ ਸ਼ੁਰੂ ਵਿਚ ਰੇਤ ਅਤੇ ਬੱਜਰੀ ਦੀਆਂ ਪੰਜ ਖੱਡਾਂ ਨੂੰ ਹੀ ਆਪਣੇ ਅਧੀਨ ਲਏ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਖੱਡਾਂ ਦੀ ਸਫ਼ਲਤਾ ਦੇ ਆਧਾਰ ‘ਤੇ ਹੀ ਸਰਕਾਰ ਕੋਈ ਅਗਲਾ ਫ਼ੈਸਲਾ ਲਏਗੀ। ਖਾਣਾਂ ਅਤੇ ਭੂਵਿਗਿਆਨ ਸਬੰਧੀ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਉਨ੍ਹਾਂ ਪੰਜ ਖੱਡਾਂ ਦੀ ਮਾਈਨਿੰਗ ਸ਼ੁਰੂ ਕਰਨ ਦੀ ਤਜਵੀਜ਼ ਦਿੱਤੀ ਹੈ। ‘ਅਸੀਂ ਪੂਰੇ ਮਾਈਨਿੰਗ ਕਾਰੋਬਾਰ ਨੂੰ ਫ਼ੌਰੀ ਆਪਣੇ ਅਧੀਨ ਨਹੀਂ ਕਰ ਸਕਦੇ।’ ਪਿਛਲੇ ਹਫ਼ਤੇ ਸਿੱਧੂ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਰਿਪੋਰਟ ਵਿਚ ਕਮਾਈ ਬਾਰੇ ਦਿੱਤੇ ਅੰਕੜਿਆਂ ਨਾਲ ਵੀ ਮੰਤਰੀ ਇਤਫ਼ਾਕ ਨਹੀਂ ਰੱਖਦੇ ਹਨ। ਸਿੱਧੂ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਮਾਈਨਿੰਗ ਨੀਤੀ ਨੂੰ ਲਾਗੂ ਕਰ ਦਿੱਤਾ ਗਿਆ ਤਾਂ ਇਸ ਨਾਲ ਸਰਕਾਰ ਨੂੰ 5 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋਵੇਗੀ। ਇਕ ਹੋਰ ਮੰਤਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਸਾਲਾਨਾ ਔਸਤਨ 1.60 ਕਰੋੜ ਟਨ ਰੇਤ ਦੀ ਮੰਗ ਹੈ ਅਤੇ ਜੇਕਰ 100 ਕਿਊਬਿਕ ਫੁੱਟ ਰੇਤ ਦੀ ਕੀਮਤ ਇਕ ਹਜ਼ਾਰ ਰੁਪਏ ਤੈਅ ਕਰ ਦਿੱਤੀ ਜਾਂਦੀ ਹੈ ਤਾਂ ਟਰਾਂਸਪੋਰਟ ਅਤੇ ਮਜ਼ਦੂਰਾਂ ਦੀ ਲਾਗਤ ਮਿਲਾ ਕੇ ਇਸ ਦੀ ਕੀਮਤ 2 ਹਜ਼ਾਰ ਰੁਪਏ ਬਣ ਜਾਵੇਗੀ। ਇਸ ਨਾਲ ਸਰਕਾਰ ਨੂੰ ਮਹਿਜ਼ 100 ਤੋਂ 200 ਰੁਪਏ ਪ੍ਰਤੀ 100 ਕਿਊਬਿਕ ਫੁੱਟ ਜਾਂ 225 ਤੋਂ 250 ਕਰੋੜ ਰੁਪਏ ਸਾਲਾਨਾ ਕਮਾਈ ਹੋਵੇਗੀ।
ਖੱਡਾਂ ਦੇ ਠੇਕੇਦਾਰਾਂ ਵਲੋਂ ਸਮਰਪਣ
ਸਰਕਾਰ ਅੰਦਰਲੇ ਸੂਤਰਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਰੇਤ ਅਤੇ ਬੱਜਰੀ ਦੀਆਂ 39 ਖੱਡਾਂ ਦੇ ਠੇਕੇਦਾਰਾਂ ਨੇ ਸਮਰਪਣ ਕਰ ਦਿੱਤਾ ਹੈ। ਨਵੀਆਂ 171 ਖੱਡਾਂ ‘ਤੇ ਕੰਮ ਪੰਜਾਬ ਕੈਬਨਿਟ ਵੱਲੋਂ ਨਵੀਂ ਮਾਈਨਿੰਗ ਨੀਤੀ ਨੂੰ ਮਨਜ਼ੂਰੀ ਦਿੱਤੇ ਜਾਣ ਮਗਰੋਂ ਹੀ ਸ਼ੁਰੂ ਹੋਵੇਗਾ। ਉਸ ਸਮੇਂ ਤਕ ਰੇਤ ਅਤੇ ਬੱਜਰੀ ਦੀਆਂ ਕੀਮਤਾਂ ਚੜ੍ਹੀਆਂ ਰਹਿਣਗੀਆਂ।

RELATED ARTICLES
POPULAR POSTS