-2.8 C
Toronto
Friday, December 19, 2025
spot_img
Homeਪੰਜਾਬਚੰਡੀਗੜ੍ਹ ਵਿਚ ਜਲਦੀ ਖੁੱਲ੍ਹ ਰਿਹੈ ਸੈਂਸਰ ਬੋਰਡ ਦਾ ਖੇਤਰੀ ਦਫ਼ਤਰ

ਚੰਡੀਗੜ੍ਹ ਵਿਚ ਜਲਦੀ ਖੁੱਲ੍ਹ ਰਿਹੈ ਸੈਂਸਰ ਬੋਰਡ ਦਾ ਖੇਤਰੀ ਦਫ਼ਤਰ

ਫ਼ਿਲਮ ਨਿਰਮਾਤਾਵਾਂ ਨੂੰ ਸੈਂਸਰ ਸਰਟੀਫ਼ਿਕੇਟ ਲੈਣ ਲਈ ਦਿੱਲੀ ਤੇ ਮੁੰਬਈ ਜਾਣ ਦੀ ਲੋੜ ਨਹੀਂ ਪਵੇਗੀ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਫ਼ਿਲਮ ਨਿਰਮਾਤਾਵਾਂ ਨੂੰ ਹੁਣ ਇਨ੍ਹਾਂ ਖੇਤਰਾਂ ਵਿੱਚ ਬਣਨ ਵਾਲੀਆਂ ਫ਼ਿਲਮਾਂ ਦੇ ਸੈਂਸਰ ਸਰਟੀਫ਼ਿਕੇਟ ਲੈਣ ਲਈ ਦਿੱਲੀ ਅਤੇ ਮੁੰਬਈ ਨਹੀਂ ਜਾਣਾ ਪਵੇਗਾ। ਕੇਂਦਰ ਸਰਕਾਰ ਵੱਲੋਂ ਜਲਦੀ ਹੀ ਚੰਡੀਗੜ੍ਹ ਵਿਖੇ ਰਿਜਨਲ ਫੈਸਿਲੀਟੇਸ਼ਨ (ਫ਼ਿਲਮ ਸੈਂਸਰ ਬੋਰਡ) ਦਾ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ। ਇਹ ਦਾਅਵਾ ਪੰਜਾਬੀ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਵੱਲੋਂ ਕੀਤਾ ਗਿਆ।
ਫਿਲਮੀ ਅਦਾਕਾਰ ਬਿੰਨੂ ਢਿੱਲੋਂ ਦੀ ਅਗਵਾਈ ਹੇਠ ਮੁਹਾਲੀ ਵਿੱਚ ਹੋਈ ਮੀਟਿੰਗ ਦੌਰਾਨ ਕਲਾਕਾਰਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨੁਰਾਗ ਠਾਕੁਰ ਨੇ ਇਸ ਸਬੰਧੀ ਬਾਕਾਇਦਾ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਪਫ਼ਟਾ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਸੈਂਸਰ ਬੋਰਡ ਦਾ ਖੇਤਰੀ ਦਫ਼ਤਰ ਖੁਲ੍ਹਵਾਉਣ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਬਿੰਨੂ ਢਿੱਲੋਂ ਦੀ ਅਗਵਾਈ ਹੇਠ ਗੁਰਪ੍ਰੀਤ ਘੁੱਗੀ, ਐਸ. ਮਾਹਲ, ਦੇਵ ਖਰੌੜ, ਮਲਕੀਤ ਰੌਣੀ, ਰੌਸ਼ਨ ਪ੍ਰਿੰਸ, ਮਨੀ ਔਜਲਾ, ਜੱਗੀ ਧੂਰੀ, ਸਰਬ ਪ੍ਰਿਯ ਅੱਤਰੀ ਦੀ ਅਗਵਾਈ ਹੇਠ ਵਫ਼ਦ ਨੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ।
ਇਸ ਦੌਰਾਨ ਪਫ਼ਟਾ ਵੱਲੋਂ ਪੰਜਾਬੀ ਫ਼ਿਲਮਾਂ ਅਤੇ ਸਿਨੇਮਾ ਨਾਲ ਸਬੰਧਤ ਹੋਰ ਮੁਸ਼ਕਿਲਾਂ ਦੇ ਹੱਲ ਲਈ ਰਾਜ ਅਤੇ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਕਰਨ ਦਾ ਅਹਿਦ ਵੀ ਲਿਆ ਗਿਆ।

RELATED ARTICLES
POPULAR POSTS