ਜਲੰਧਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਤੋਂ ਇਲਾਵਾ ਅੰਮ੍ਰਿਤ ਭਾਰਤ ਯੋਜਨਾ ਤਹਿਤ 554 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸੇ ਲੜੀ ਤਹਿਤ ਜਲੰਧਰ ਵਿਚ ਵੀ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸ਼ਾਮਲ ਹੋਏ।
ਇਸ ਦੌਰਾਨ ਸੰਸਦ ਮੈਂਬਰ ਸੁਸ਼ੀਲ ਰਿੰਕੂ ਸਣੇ ‘ਆਪ’ ਆਗੂਆਂ ਨੇ ਸ਼ਿਰਕਤ ਕਰਨੀ ਸੀ ਪਰ ‘ਆਪ’ ਦਾ ਕੋਈ ਵੀ ਆਗੂ ਇਸ ਸਮਾਗਮ ਵਿਚ ਸ਼ਾਮਲ ਨਾ ਹੋਇਆ। ਪੁਰੋਹਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਪ੍ਰਤੀ ਸਮਰਪਿਤ ਹਨ ਤੇ ਉਹ ਕਿਸਾਨਾਂ ਲਈ ਸਭ ਕੁਝ ਕਰਨਗੇ ਕਿਉਂਕਿ ਉਹ ਪੰਜਾਬ ਦੀ ਮਹੱਤਤਾ ਅਤੇ ਪੰਜਾਬ ਦੇ ਕਿਸਾਨਾਂ ਦੀ ਅਹਿਮੀਅਤ ਨੂੰ ਜਾਣਦੇ ਹਨ। ਕਿਸਾਨਾਂ ਨੂੰ ਆਪਣੇ ਮਨ ਵਿੱਚ ਕਿਸੇ ਕਿਸਮ ਦਾ ਸ਼ੱਕ ਨਹੀਂ ਹੋਣਾ ਚਾਹੀਦਾ। ਪੁਰੋਹਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਨੂੰ 41 ਹਜ਼ਾਰ ਕਰੋੜ ਰੁਪਏ ਦਾ ਤੋਹਫਾ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੋਹਰੀ ਹੋ ਕੇ ਪੰਜਾਬ ਦਾ ਵਿਕਾਸ ਕਰਵਾਇਆ ਹੈ। ਜਲੰਧਰ ਰੇਲਵੇ ਸਟੇਸ਼ਨ ਭਾਰਤ ਦੇ ਵਿਕਸਤ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੋਵੇਗਾ। ਪ੍ਰਧਾਨ ਮੰਤਰੀ ਨੇ ਭਾਰਤੀ ਰੇਲਵੇ ਨੂੰ ਵੰਦੇ ਭਾਰਤ ਵਰਗੀ ਰੇਲ ਗੱਡੀ ਤੋਹਫੇ ਵਜੋਂ ਦਿੱਤੀ ਸੀ ਜੋ ਅੱਜ ਭਾਰਤ ਦੇ ਕੋਨੇ-ਕੋਨੇ ਵਿੱਚ ਚੱਲ ਰਹੀ ਹੈ।