ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੀ ਖੁੱਲ੍ਹੀ ਪੋਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਗੈਰਕਾਨੂੰਨੀ ਸ਼ਰਾਬ ਦੇ ਮੁੱਦੇ ‘ਤੇ ਪੰਜਾਬ ਸਰਕਾਰ ਕਸੂਤੀ ਘਿਰੀ ਹੋਈ ਹੈ। ਵਿਰੋਧੀ ਧਿਰਾਂ ਵੀ ਇਸ ਦਾ ਪੂਰਾ ਸਿਆਸੀ ਲਾਹਾ ਲੈ ਰਹੀਆਂ ਹਨ। ਰਾਜਪੁਰਾ ਤੇ ਖੰਨਾ ‘ਚ ਫੜੀਆਂ ਗਈਆਂ ਗੈਰਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਨੇ ਸਰਕਾਰ ਦੇ ਨਾਲ-ਨਾਲ ਆਬਕਾਰੀ ਵਿਭਾਗ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਰਾਬ ਦੀਆਂ ਫੈਕਟਰੀਆਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ ਤੇ ਪੁਲਿਸ ਵਿਭਾਗ ਸਵਾਲਾਂ ਦੇ ਘੇਰੇ ‘ਚ ਹੈ ਕਿ ਆਖਰ ਪੁਲਿਸ ਨੂੰ ਇਸ ਦੀ ਭਿਣਕ ਕਿਉਂ ਨਹੀਂ ਲੱਗੀ।ਗੈਰਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਦੇ ਮਾਮਲੇ ‘ਚ ਅਕਾਲੀ ਦਲ ਕਾਂਗਰਸ ਨੂੰ ਬੁਰੀ ਤਰ੍ਹਾਂ ਘੇਰ ਰਿਹਾ ਹੈ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ, ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਖ਼ਿਲਾਫ਼ ਕਾਰਵਾਈ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ।