ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਆਸੀ ਮਾਹੌਲ ਨੂੰ ਭਖਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਕੱਲੇ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 8 ਦਸੰਬਰ ਨੂੰ ਗਿੱਦੜਬਾਹਾ ਵਿਚ ਪਾਰਟੀ ਦਫਤਰ ਖੋਲ੍ਹਣ ਮੌਕੇ ਐਲਾਨ ਕੀਤਾ ਸੀ ਕਿ ਉਹ ਅਗਾਮੀ ਵਿਧਾਨ ਸਭਾ ਚੋਣ ਗਿੱਦੜਬਾਹਾ ਹਲਕੇ ਤੋਂ ਲੜਨਗੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਇਹ ਸਪਸ਼ਟ ਨਹੀਂ ਕੀਤਾ ਸੀ ਕਿ ਕੀ ਉਹ ਇੱਕੋ ਹਲਕੇ ਗਿੱਦੜਬਾਹਾ ਤੋਂ ਚੋਣ ਲੜਨਗੇ ਜਾਂ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਦੀ ਤਿਆਰੀ ‘ਚ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰੀਬ ਇੱਕ ਮਹੀਨੇ ਮਗਰੋਂ ਸੁਖਬੀਰ ਸਿੰਘ ਬਾਦਲ ਦੀ ਗਿੱਦੜਬਾਹਾ ਤੋਂ ਚੋਣ ਲੜਨ ਦੀ ਚੁਣੌਤੀ ਨੂੰ ਸਵੀਕਾਰ ਵੀ ਕੀਤਾ ਹੈ ਅਤੇ ਨਾਲ ਨਵੀਂ ਚੁਣੌਤੀ ਵੀ ਦੇ ਦਿੱਤੀ ਹੈ।

