ਡਾ. ਹਰਕੰਵਲ ਸਿੰਘ ਕੋਰਪਾਲ
ਫ਼ੋਨ: +1 647-854-3005
ਡਾ. ਸੁਖਦੇਵ ਸਿੰਘ ਝੰਡ ਰਚਿਤ ਸੱਜਰੀ ਪੁਸਤਕ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’ ਨੂੰ ਪੜ੍ਹਦਿਆਂ, ਮਾਣਦਿਆਂ ਤੇ ਸਮਝਦਿਆਂ ਮੈਨੂੰ ਇਉਂ ਮਹਿਸੂਸ ਹੋਇਆ ਕਿ ਇਹ ਰਚਨਾਕਾਰ ਦੇ ਪੁਰਖ਼ਿਆਂ ਦੀਆਂ ਪੈੜਾਂ ਦੀ ਪ੍ਰਮਾਣਿਕ ਨੀਤੀ ਦਾ ਸਫ਼ਰ ਹੈ। ਇਹ ਪਿਤਰੀ ਵਿਰਸੇ ਦੀਆਂ ਮੁੱਲਵਾਨ ਸਿਮਰਤੀਆਂ ਤੇ ਮੁੱਲ-ਪ੍ਰਬੰਧ ਦੀ ਮਨੁੱਖ ਲਈ ਵਿਸ਼ੇਸਤਾ ਅਤੇ ਲਹਿੰਦੇ ਤੇ ਚੜ੍ਹਦੇ ਦੋਵਾਂ ਪੰਜਾਬਾਂ ਦੇ ਆਵਾਮ ਦੇ ਧੁਰ ਅੰਦਰ ਕਿਤੇ ਲਰਜ਼ਦੀ ‘ਕੋਰ ਪੰਜਾਬੀਅਤ’ ਦੇ ਖ਼ਾਸੇ ਵਾਲ਼ੀ ਸਾਂਝ ਦੀ ਸਲਾਮਤੀ ਦੀ ਖ਼ੈਰ-ਸੁੱਖ ਮੰਗਦਾ; ਅਤੇ ਭਾਰਤ ਪਾਕਿਸਤਾਨ ਦੋਵਾਂ ਗਵਾਂਢੀ ਮੁਲਕਾਂ ਦਰਮਿਆਨ ਦੁਸਮਣੀ ਦੇ ਮਿਜ਼ਾਇਲੀ ਧੂੰਏਂ ਦੀ ਦੁਰਗੰਧ ਉੱਠਦੀ ਵੇਖਣ ਦੀ ਥਾਂ ਅਮਨ, ਨੇੜਤਾ ਅਤੇ ਸਦਭਾਵਨਾ ਦੀ ਕਾਇਮੀ ਲਈ ‘ਮੁਹੱਬਤਾਂ ਦਾ ਪੁਲ’ ਉਸਾਰਨ ਦੀ ਅਕਾਂਖਿਆ ਤੇ ਅਲਖ਼ ਜਗਾਉਂਦਾ ਯਾਤਰਾ-ਬ੍ਰਿਤਾਂਤ ਹੈ।
ਇਹ ਸਫ਼ਰਨਾਮਾ ਲਹਿੰਦੇ ਪੰਜਾਬ ਦੇ ‘ਨੀਲੀ ਬਾਰ’ ਦੇ ਖਿੱਤੇ ਵਿੱਚ ਸ਼ਹਿਰ ‘ਲਾਇਲਪੁਰ’ (ਹੁਣ, ਫ਼ੈਸਲਾਬਾਦ) ਨੇੜੇ ਪਿੰਡ ‘ਚੱਕ ਨੰਬਰ 202 ਗੱਟੀ ਤਲਾਵਾਂ’ (ਹੁਣ, ਗੱਟੀ ਸਕੂਲ ਵਾਲ਼ੀ) ਦੀ ਸਰ-ਜਮੀਂ ‘ਤੇ ਖੁਣੀਆਂ ਆਪਣੇ ਉਨ੍ਹਾਂ ਪੁਰਖ਼ਿਆਂ ਦੀਆਂ ਪੈੜਾਂ ਨੂੰ ਸਿਜਦਾ ਕਰਨ ਦੀ ਤੀਬਰ ਲੋਚਾ ਤੋਂ ਪ੍ਰੇਰਿਤ ਝੰਡ ਪਰਿਵਾਰ ਦੇ ਚਾਰ ਜੀਆਂ ਦੀ ਪਾਕਿਸਤਾਨ ਯਾਤਰਾ ਦਾ ਸਾਜਿੰਦਾ ਬ੍ਰਿਤਾਂਤ ਹੈ ਜਿਨ੍ਹਾਂ ਨੂੰ ਭਾਰਤ ਵੰਡ ਮੌਕੇ ਫਿਰਕੂ ਹਿੰਸਾ ਦੀ ਖ਼ੂਨੀ ਹਨੇਰੀ ਦੌਰਾਨ ਲਹਿਲਹਾਉਂਦੇ ਮੁਰੱਬੇ, ਠਾਠ-ਬਾਠ ਵਾਲੀ ਜ਼ਿੰਦਗੀ ਤੇ ਵੱਡੇ ਘਰ-ਬਾਰ ਛੱਡ ਕੇ ਬਲਦ ਜੋਤ ਕੇ ਦੋ ਗੱਡਿਆਂ (ਜਿਨ੍ਹਾਂ ਵਿੱਚੋਂ ਇੱਕ ਹੀ ਤੋੜ ਪਹੁੰਚ ਸਕਿਆ) ਉੱਪਰ ਥੋੜ੍ਹਾ ਜਿਹਾ ਸਮਾਨ ਲੱਦ ਕੇ ਲੱਗਭੱਗ ‘ਖ਼ਾਲੀ-ਹੱਥੀਂ’ ਉੱਥੋਂ ਜਲਾਵਤਨੀ ਜਿਹੇ ਰੂਹ ਚੀਰਵੇਂ ਇਹਸਾਸ ਨਾਲ ਤੁਰੰਤ ਉੱਜੜਨਾ ਪਿਆ।
ਇਸ ਤਰ੍ਹਾਂ ਇਹ ਕਿਤਾਬ, ਪਰਾਈ ਹੋ ਚੁੱਕੀ ਪੁਰਖ਼ਿਆਂ ਦੀ ਧਰਤੀ ‘ਤੇ ਉਨ੍ਹਾਂ ਦੀਆਂ ਅਜੇ ਵੀ ਸਰਸਬਜ ਨਿਸ਼ਾਨੀਆਂ ਤੱਕਣ ਅਤੇ ਆਪਣੀ ਵਿਰਾਸਤ ਦੀਆਂ ਜੜ੍ਹਾਂ ਦੀ ਤਲਾਸ ਵਿੱਚ ਗਏ ਉਨ੍ਹਾਂ ਸਬਦ ਸੱਭਿਆਚਾਰੀ ਸੈਲਾਨੀਆਂ ਦੀਆਂ ਯਾਦਾਂ ਦਾ ਕੀਮਤੀ ਸਰਮਾਇਆ ਹੈ, ਜਿਨ੍ਹਾਂ ਦੇ ਮਨਾਂ ਅੰਦਰ ਆਪਣੇ ਵਡੇਰਿਆਂ ਦਾ ਪਿੰਡ ਤੇ ਜੱਦੀ-ਘਰ ਵੇਖਣ ਦੀ ਘਣੀ ਸਿੱਕ, ਵਿਗੋਚੇ ਦੀ ਇੱਕ ਪੀੜਾ, ਭੂ-ਹੇਰਵੇ ਦੀ ਕਸਕ ਅਤੇ ਅਪਣੱਤ ਦੀਆਂ ਭਾਵਨਾਵਾਂ ‘ਚ ਗੜੁੱਚ ਗਹਿਰੀ ਹੁੱਬ ਠਾਠਾਂ ਮਾਰਦੀ ਹੈ। ਉਹ ਉੱਥੋਂ ਵਸਲਾਂ ਦੇ ਗੁਲਾਬਾਂ ਦੀ ਸੁਗੰਧ ਮਾਣਦੇ; ਆਪਣੇ ਤੋਂ ਵਿਛੜਨ ਵਾਲ਼ਿਆਂ ਦੀਆਂ ਮੁੜ-ਗਲਵੱਕੜੀਆਂ ਦੇ ਸਬੱਬ, ਸਿਲਸਿਲੇ ਦੀ ਮੁਸੱਲਸਲ ਬਰਕਰਾਰੀ ਹਿੱਤ ਦੋਵਾਂ ਮੁਲਕਾਂ ਵਿਚਾਲ਼ੇ ਸਾਜਗਾਰ ਸਬੰਧਾਂ ਦੀ ਸਥਾਪਤੀ ਦੀ ਕਾਮਨਾ ਕਰਦੇ ਅਤੇ 1989 ਵਿਚ ਢੱਠੀ ‘ਬਰਲਿਨ ਦੀ ਦੀਵਾਰ’ ਦੀ ਤਰਜ ‘ਤੇ ਭਾਰਤ-ਪਾਕਿਸਤਾਨ ਵਿਚਾਰਲੇ ‘ਨਫ਼ਰਤ ਦੀ ਦੀਵਾਰ’ ਡੇਗਣ ਦਾ ਸੁਨੇਹਾ ਦਿੰਦੇ ਹੋਏ ਵਾਪਸ ਪਰਤਦੇ ਹਨ।
ਸਫ਼ਰਨਾਮੇ ਅਨੁਸਾਰ ਝੰਡ ਪਰਿਵਾਰ ਦੀ ਇਸ 14 ਦਿਨਾਂ ਦੀ ਪਾਕਿਸਤਾਨ ਫੇਰੀ ਦਾ ਦੂਸਰਾ ਮੰਤਵ ਵੰਡ ਦੌਰਾਨ ਓਧਰ ਰਹਿ ਗਏ ਸਿੱਖੀ ਜੀਵਨ ਦੇ ਪ੍ਰੇਰਨਾ ਦੇ ਸੋਮੇਂ ਇਤਿਹਾਸਕ ਸਿੱਖ ਗੁਰਦੁਆਰਿਆਂ ਦੇ ਦਰਸਨ-ਦੀਦਾਰ ਤੋਂ ਇਲਾਵਾ ਕਦੇ ਸਿੱਖ ਰਾਜ ਦੀ ਰਾਜਧਾਨੀ ਰਹੇ ਰਾਂਗਲੇ ਸ਼ਹਿਰ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅਤੇ ਆਖ਼ਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵੱਡੀ ਰਾਜਕੁਮਾਰੀ ਬੰਬਾ ਦੀ ਕਬਰ ‘ਤੇ ਅਕੀਦਤ ਦੇ ਫੁੱਲ ਭੇਂਟ ਕਰਨਾ ਵੀ ਹੈ। ਸੋ ਕਿਹਾ ਜਾ ਸਕਦਾ ਹੈ ਕਿ ਡਾ. ਝੰਡ ਨੇ ਆਪਣੀ ਇਸ ਅਰਥਪੂਰਨ ਸਬਨਮੀ ਲਿਖਤ ਰਾਹੀਂ ਪੰਜਾਬੀ ਸਫ਼ਰਨਾਮਿਆਂ ਦੇ ਇਤਿਹਾਸ ਦੀ ਜ਼ਿਕਰਯੋਗ ਸੂਚੀ ਵਿੱਚ ਆਪਣੀ ਦੰਮਦਾਰ ਹਾਜ਼ਰੀ ਲਗਾਈ ਹੈ।
ਪੰਜਾਬੀ ਕਵਿਤਾ, ਵਾਰਤਕ ਅਤੇ ਪੱਤਰਕਾਰੀ ਦੇ ਸੁਮੇਲ ਇਸ ਲੇਖਕ ਦਾ ਰਚਨਾਤਮਿਕ ਸਫ਼ਰ ਕੋਈ ਢਾਈ ਦਹਾਕਿਆਂ ਦੇ ਸਮੇਂ ਤੀਕ ਫ਼ੈਲਿਆ ਹੋਇਆ ਹੈ। ਜ਼ਿੰਦਗੀ ਦੇ ਬਹੁ-ਪੱਖੀ ਰੰਗ ਤਮਾਸ਼ਿਆਂ ਤੇ ਅਨੁਭਵਾਂ ਨੂੰ ਲਫ਼ਜ਼ਾਂ ਵਿਚ ਢਾਲਦਿਆਂ ਉਸਨੇ ਵਿਚਾਰ ਅਧੀਨ ਪਾਕਿਸਤਾਨੀ ਸਫ਼ਰਨਾਮੇ ਤੋਂ ਪਹਿਲਾਂ ਨੌਂ ਹੋਰ ਕਿਤਾਬਾਂ ਪੰਜਾਬੀ ਮਾਂ-ਬੋਲੀ ਦੀ ਝੋਲ਼ੀ ਪਾਈਆਂ ਹਨ ਜਿਨ੍ਹਾਂ ਵਿੱਚ ਉਸ ਦੇ ਪਲੇਠੇ ਕਾਵਿ-ਸੰਗ੍ਰਹਿ ‘ਕਦੋਂ'(2015) ਅਤੇ ਦੋ ਚਰਚਿਤ ਪੁਸਤਕਾਂ – ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ : ਚੌਹਾਨ ਤੋਂ ਬਰੈਂਪਟਨ’ ਅਤੇ ਵਾਰਤਕ ਪੁਸਤਕ ‘ਸਰੋਕਾਰ ਤੇ ਸ਼ਖ਼ਸੀਅਤਾਂ’ ਤੋਂ ਇਲਾਵਾ ਰੁੱਖਾਂ ਪ੍ਰਤੀ ਤਿੰਨ ਪੁਸਤਕਾਂ ‘ਪੰਜਾਬ ਦੇ ਲੋਕ-ਰੁੱਖ’ (2000), ‘ਸਾਡੇ ਰੁੱਖ’ (2010) ਅਤੇ ‘ਉੱਤਰੀ ਅਮਰੀਕਨ ਰੁੱਖ’ (2015) ਸਮੇਤ ‘ਡਿਊਈ ਦਸਮਲਵ ਪ੍ਰਣਾਲੀ’ ਬਾਰੇ ਵਿਕੋਲਿਤਰੀ ਤਕਨੀਕੀ ਕਿਤਾਬ ‘ਡਿਊਈ ਡੈਸੀਮਲ ਕਲਾਸੀਫ਼ੀਕੇਸ਼ਨ: ਅਮਲੀ ਜਾਣ-ਪਛਾਣ’ (2011) ਸ਼ਾਮਲ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ‘ਭਾਈ ਗੁਰਦਾਸ ਲਾਇਬ੍ਰੇਰੀ’ ਵਿੱਚ ਲੰਮਾ ਅਰਸਾ ਅਸਿਸਟੈਂਟ ਲਾਇਬ੍ਰੇਰੀਅਨ ਤੇ ਡਿਪਟੀ ਲਾਇਬ੍ਰੇਰੀਅਨ ਰਹੇ ਡਾ. ਝੰਡ ਪੁਸਤਕਾਂ ਅਤੇ ਰਿਸਾਲੇ ਖ਼੍ਰੀਦਣ ਤੇ ਸੰਭਾਲਣ ਦੀ ਜ਼ਿੰਮੇਂਵਾਰੀ ਨਿਭਾਉਂਦਿਆਂ ਖ਼ੁਦ ਪੁਸਤਕ ਸਿਰਜਕ ਹੋਣ ਦੇ ਅਮਲ ‘ਤੇ ਪਹੁੰਚੇ ਹਨ। ਲਾਇਬ੍ਰੇਰੀ ਤੇ ਇਨਫ਼ਰਮੇਸਨ ਸਾਇੰਸ ਦੇ ਵਿਦਿਆਰਥੀਆਂ ਲਈ ਉਨ੍ਹਾਂ ਦੀਆਂ ਦੋ ਜਾਣਕਾਰੀ ਭਰਪੂਰ ਪੁਸਤਕਾਂ ‘ਏ ਗਾਈਡ ਟੂ ਰੈਫ਼ਰੈਂਸ ਬੁੱਕਸ ਇਨ ਪੰਜਾਬੀ’ (2011) ਅਤੇ ਉਨ੍ਹਾਂ ਦੇ ਪੀਐੱਚ. ਡੀ. ਥੀਸਿਸ ਦੇ ਆਧਾਰਿਤ ‘ਕੋਲਨ ਕਲਾਸੀਫ਼ੀਕੇਸਨ, ਓਰਿਜਨ, ਡਿਵੈੱਲਪਮੈਂਟ ਐਂਡ ਪ੍ਰਾਸਪੈਕਟਸ (2023) ਅੰਗਰੇਜ਼ੀ ਵਿੱਚ ਵੀ ਛਪੀਆਂ ਹਨ। ਟੋਰਾਂਟੋ ਤੋਂ ਛਪਦੇ ਰਹੇ ਪੰਜਾਬੀ ਅਖ਼ਬਾਰ ‘ਸਿੱਖ ਸਪੋਕਸਮੈਨ’ ਦੇ ਸੰਪਾਦਕੀ-ਮੰਡਲ ਵਿਚ ਸੰਮਲਿਤ ਰਹੇ ਡਾ. ਝੰਡ ਅੱਜਕੱਲ੍ਹ ਕੈਨੇਡਾ ਦੀਆਂ ਸਾਹਿਤਕ ਤੇ ਸੱਭਿਆਚਾਰਕ ਸਰਗ਼ਰਮੀਆਂ ਨੂੰ ਆਪਣੀ ਵਿਸਤ੍ਰਿਤ ਅਖ਼ਬਾਰੀ ਰਿਪੋਰਟਿੰਗ ਰਾਹੀਂ ਸੱਨਦਬੱਧ ਕਰਨ ਵਾਸਤੇ ਸਰਗਰਮੀ ਨਾਲ ਜੁਟੇ ਹੋਏ ਹਨ।
ਡਾ. ਝੰਡ ਦੇ ਇਸ ਯਾਤਰਾ ਬ੍ਰਿਤਾਂਤ ਦੀ ਆਮ ਸਫ਼ਰਨਾਮਿਆਂ ਨਾਲੋਂ ਵਿਲੱਖਣਤਾ ਇਸ ਤੱਥ ਵਿੱਚ ਨਿਹਤ ਹੈ ਕਿ ਇਹ ਪੁਰਖ਼ਿਆਂ ਦੀਆਂ ਪੈੜਾਂ ਨੂੰ ਪਛਾਨਣ ਤੇ ਰੇਖਾਂਕ੍ਰਿਤ ਕਰਨ ਦੀ ਪ੍ਰਕਿਰਿਆ ਵਿੱਚ ਲਹਿੰਦੇ ਤੇ ਚੜ੍ਹਦੇ ਦੋਹਾਂ ਪੰਜਾਬਾਂ ਵਿਚਾਲ਼ੇ ਸੰਸਕ੍ਰਿਤਕ ਸਾਂਝਾਂ ਦੇ ਸੂਤਰ ਨੂੰ ਰੁਸ਼ਨਾਉਦੀ ਅਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ, ਚੈਨ, ਕੂਟਨੀਤਕ ਅਤੇ ਦੁਵੱਲੇ ਵਪਾਰ ਸਬੰਧਾਂ ਦੀ ਪੁਨਰ-ਬਹਾਲੀ ਲਈ ਹੋਕਾ ਦਿੰਦੀ ਕਿਤਾਬ ਹੈ। ਇਸ ਲਿਖਤ ਵਿੱਚ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਮਿਲਣ ਦੀ ਆਗਿਆ ਦੇ ਕੇ ਪ੍ਰਸਪਰ ਤਾਲਮੇਲ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਵਧਾਏ ਜਾਣ, ਵੀਜ਼ਿਆਂ ਦੀਆਂ ਸਖ਼ਤ ਸਰਤਾਂ ਨਰਮ ਕਰਨ ਅਤੇ ਵਾਹਗਾ ਬਾਰਡਰ ‘ਤੇ ਸ਼ਾਮੀਂ ਹੁੰਦੀ ‘ਰੀਟਰੀਟ ਸੈਰੀਮਨੀ’ ਨੂੰ ਪਾਕਿਸਤਾਨੀ ਰੇਂਜਰਜ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਦੇ ਨਫ਼ਰਤੀ ਸੈਨਤ ਪ੍ਰਗਟਾਵੇ ਤੋਂ ਮੁਕਤ ਕਰਨ ਦੇ ਮੁੱਦੇ ਵੀ ਉਠਾਏ ਗਏ ਹਨ। ਇਸਦੀ ਇਸ ਮੰਤਵੀ ਸੁਰ ਕਾਰਨ ਇਸ ਕਿਤਾਬ ਦੇ ਮੁੱਢ ਵਿੱਚ ਅੰਕਿਤ ਬੰਦਨਵਾਰ ਭੂਮਿਕਾ ਵਿੱਚ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਇਸ ਨੂੰ ‘ਪਥਰਾਏ ਮਨਾਂ ਨੂੰ ਪਿਘਲਾਉਣ ਵਾਲੀ ਅਤੇ ਮਨਾਂ ਤੋਂ ਮਨਾਂ ਤੱਕ ਦੀ ਯਾਤਰਾ ਦੇ ਤਰਲ ਬਿਰਤਾਂਤ’ ਵਾਲੀ ਅਜਿਹੀ ਲਿਖਤ ਮੰਨਿਆਂ ਹੈ ਜੋ ਨਾਵਾਂ, ਥਾਵਾਂ ਤੇ ਇਮਾਰਤਾਂ ਦੇ ਦਰਸ਼ਨਾਂ ਦਾ ਵੇਰਵਾ ਦਿੰਦੇ ਪ੍ਰੰਪਰਿਕ ਸਫ਼ਰਨਾਮੇ ਤੋਂ ਵੱਖਰੀ ਹੈ। ‘ਮੁੱਖਬੰਦ’ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ ਇਸ ਨੂੰ ਅਮਨ ਦਾ ਹੋਕਾ ਦਿੰਦਾ ਸਫ਼ਰਨਾਮਾ ਮੰਨਦਿਆਂ ਲੇਖਕ ਦੀ ਸ਼ੈਲੀ ਨੂੰ ਸਰਲ, ਨਿਆਰੀ, ਆਪ-ਮੁਹਾਰੇ ਵਹਾਓ ਵਾਲੀ ‘ਵੇਗਮਈ’ ਕਹਿ ਕੇ ਸਲਾਹਿਆ ਹੈ।
ਡਾ. ਝੰਡ ਦੀ ਪਾਕਿਸਤਾਨ ਫੇਰੀ ਦੇ ਫੁਰਨੇ ਦਾ ਅਚੇਤ ਬੀਜ ਬਿੰਦੂ ਉਨ੍ਹਾਂ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’ ਵਿੱਚ ਪਿਆ ਹੈ, ਜਿਸ ਵਿੱਚ ਉਸ ਨੇ ਬਹੁਤ ਇਖ਼ਲਾਸ ਨਾਲ ‘ਲਾਇਲਪੁਰ’ (ਅੱਜਕੱਲ੍ਹ ਫ਼ੈਸਲਾਬਾਦ) ਵਿੱਚ ‘ਨੀਲੀ ਬਾਰ’ ਆਬਾਦ ਕਰਨ ਲਈ ਤਿੰਨ ਮੁਰੱਬਿਆਂ ਦੇ ਮਾਲਕ ਆਪਣੇ ਪੁਰਖ਼ਿਆਂ ਦੇ ਸਖ਼ਤ ਸੰਘਰਸ ਅਤੇ ਫਿਰ ਰਾਜ ਭਾਗ ਭੋਗਦੀ ਉਨ੍ਹਾਂ ਦੀ ਜ਼ਿੰਦਗੀ ਦਾ ਢਾਂਚਾ 1947 ਦੀ ਭਾਰਤ ਦੀ ਵੰਡ ਨਾਲ ਤਹਿਸ-ਨਹਿਸ ਹੋਣ ਅਤੇ ‘ਰੈੱਡਕਿਫ਼’ ਦੀ ਵਾਹੀ ਹੋਈ ‘ਲੀਕ’ ਦੇ ਨਾਲ ਸਾਹ ਦੀ ਲੀਕ ਜਿਹੀ ਧਰਤੀ ਦੇ ਯਕਦੰਮ ਬਿਗਾਨੀ ਹੋਣ ਦਾ ਜ਼ਿਕਰ ਕੀਤਾ ਹੈ। ਇਸ ਇਹਸਾਸ ਦੀ ਜਰਖ਼ੇਜ ਧਰਾਤਲ ਤੋਂ ਪ੍ਰਸਫੁਟਿਤ ‘ਭੂ-ਹੇਰਵੇ’ ਨੂੰ ਛੰਡਣ ਅਤੇ ਇਕੇਰਾਂ ਪੁਰਖ਼ਿਆਂ ਦੀ ਮੁਬਾਰਕ ਜ਼ਮੀਂ ਦੀ ਦੀਦ ਕਰਕੇ ਰੂਹਾਂ ਤ੍ਰਿਪਤ ਕਰਨ ਦੀ ਇੱਛਾ ਤੋਂ ਸਿਰਜਤ ਯਾਤਰਾ ਦੇ ਅਮਲ ਤੇ ਸਬਦ ਸੰਵੇਦਨਾਂ ਦੀ ਇਬਾਰਤੀ ਮੋਹਰ ਲਾਉਂਦਾ ਹੈ, ਇਹ ਸਫ਼ਰਨਾਮਾ।
ਇਹ ਸਫ਼ਰਨਮਾ ਲੇਖਕ ਦੇ ਪਰਿਵਾਰ ਦੇ ਚਾਰ ਜੀਆਂ ਜਿਨ੍ਹਾਂ ਵਿੱਚ ਉਸਦੀ ਪਤਨੀ, ਉਸਦੀ ਪੱਤਰਕਾਰ ਭੈਣ ਅਤੇ ਭੋਂ-ਵਿਗਿਆਨੀ ਜੀਜਾ ਸ਼ਾਮਲ ਹਨ, ਵੱਲੋਂ ਫ਼ਰਵਰੀ 2023 ਵਿੱਚ 14 ਦਿਨਾਂ ਲਈ ਕੀਤੀ ਪਾਕਿਸਤਾਨ ਦੀ ਯਾਤਰਾ ਦਾ ਮਾਰਮਿਕ ਵਿਵਰਣ ਹੈ ਜਿੱਥੇ ਉਹ ਲਹਿੰਦੇ ਪੰਜਾਬ ਵਿੱਚ ਫ਼ੈਸਲਾਬਾਦ (ਉਦੋਂ ਲਾਇਲਪੁਰ) ਨੇੜੇ ਪੈਂਦੇ ਆਪਣੇ ਪੁਰਖ਼ਿਆਂ ਦੇ ਪਿੰਡ ‘ਚੱਕ ਨੰਬਰ 202 ਗੱਟੀ ਤਲਾਵਾਂ’ (ਹੁਣ, ਗੱਟੀ ਸਕੂਲ ਵਾਲੀ) ਪੁੱਜ ਕੇ ਆਪਣੇ ਉਸ ਵੱਡੇ ਜੱਦੀ ਘਰ ਨੂੰ ਨੀਝਾਂ ਲਾ ਕੇ ਵੇਖਦੇ ਹਨ ਜਿਸ ਵਿੱਚ ਹੁਣ ਪੰਜ ਪਰਿਵਾਰ ਵੱਸਦੇ ਹਨ। ਉਨ੍ਹਾਂ ਦੇ ਪੁਰਖਿਆਂ ਨੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਤਲਾਵਾਂ (ਅੱਜਕੱਲ੍ਹ ਤਾਰਾਗੜ੍ਹ) ਤੋਂ ਉੱਠ ਕੇ ਇਹ ਪਿੰਡ ‘ਗੱਟੀ ਤਲਾਵਾਂ’ ਵਸਾਇਆ ਸੀ, ਪਰੰਤੂ 1947 ਦੀ ਭਾਰਤ ਵੰਡ ਮੌਕੇ ਆਜ਼ਾਦੀ ਦੇ ਇਵਜ ਵਿੱਚ ਜ਼ਿੰਦਗੀ ਦੇ ਪਟੜਿਉਂ ਲਹਿ ਜਾਣ ਦੀ ‘ਬਰਬਾਦੀ’ ਤੇ ‘ਉਜਾੜੇ’ ਦਾ ਭਾਵ ਲੈ ਕੇ ਉਹ ਮੁੜ ਪੁਰਾਣੇ ਪਿੰਡ ਤਲਾਵਾਂ ਗਏ ਦੀਆਂ ਭਾਵਪੂਰਤ ਯਾਦਾਂ ਉਨ੍ਹਾਂ ਦੇ ਇਸ ਸਫ਼ਰ ਦੇ ਅੰਗਸੰਗ ਹਨ।
ਝੰਡ ਪਰਿਵਾਰ ਆਪਣੇ ਮੇਜਬਾਨ ਜ਼ਹੂਰ ਹੁਸੈਨ ਤੇ ਮੁਨੱਵਰ ਹੁਸੈਨ ਭਰਾਵਾਂ ਦੇ ਘਰ ਦੇ ਸਾਹਮਣੇ ਦੂਸਰੇ ਬੰਨੇ ਸ਼ਾਨਦਾਰ ਮਸਜਿਦ ਵੇਖਦਾ ਹੈ ਜਿਸ ਬਾਰੇ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਮਸਜਿਦ ਦੀ ਥਾਂਓਂ ਉਨ੍ਹਾਂ ਦੇ ਦਾਦਾ ਨੰਬਰਦਾਰ ਠਾਕਰ ਸਿੰਘ ਨੇ ਆਪਣੇ ਪੱਲਿਉਂ ਮੁੱਲ ਖ਼ਰੀਦੀ ਸੀ ਅਤੇ ਇਸ ਵਿਚ ਮਸਜਿਦ ਦੀ ਪਹਿਲੀ ਕੱਚੀ ਇਮਾਰਤ ਵੀ ਤਾਮੀਰ ਕਰਵਾਈ ਸੀ। ਸਫ਼ਰਨਾਮੇ ਵਿੱਚ ਦਰਜ ਤੀਸਰੇ ਦਿਨ ਵਾਲੇ ਅਧਿਆਇ ਅਨੁਸਾਰ ਝੰਡ ਪਰਿਵਾਰ ਹੁਣ ‘ਮਾਡਰਨ ਵਿਲੇਜ ਸਕੀਮ’ ਤਹਿਤ ਆਏ ਆਧੁਨਿਕ ਸਹੂਲਤਾਂ ਨਾਲ ਲੈਸ ਆਪਣੇ ਪੁਰਖ਼ਿਆਂ ਦੇ ਪਿੰਡ ਘੁੰਮਦਾ, ਇਸ ਦੇ ਵਸਨੀਕਾਂ ਅਤੇ ਸੈਕੰਡਰੀ ਸਕੂਲ ਵੱਲੋਂ ਰੱਖੇ ਗਏ ਸੁਆਗ਼ਤੀ ਸਮਾਗਮ ਵਿੱਚ ਗੁਲਾਬ ਦੇ ਫੁੱਲਾਂ ਦੇ ਹਾਰਾਂ ਦੀ ਸੁਗੰਧ ਮਾਣਦਾ, ਪ੍ਰਾਇਮਰੀ ਤੇ ਸੈਕੰਡਰੀ ਦੋਹਾਂ ਸਕੂਲਾਂ ਨੂੰ ਆਪਣੇ ਵੱਲੋਂ ਪੰਜਾਹ-ਪੰਜਾਹ ਹਜ਼ਾਰ ਦੀ ਰਾਸ਼ੀ ਦਾਨ ਕਰਦਾ ਤੇ ਮੁਹੱਬਤਾਂ ਦੇ ਬੋਲ ਸਾਂਝੇ ਕਰਦਾ, ਉਥੋਂ ਵਿਦਾ ਹੁੰਦਾ ਹੈ।
ਇਉਂ ਮਨੁੱਖੀ ਮਨਾਂ ਨੂੰ ਦ੍ਰਵਿਤ ਕਰਨ ਵਾਲੇ ਅਜਿਹੇ ਕਥਾ ਪ੍ਰਸੰਗਾਂ, ਅਪਣੱਤ ਦੀ ਖ਼ੁਸਬੋ ਵਿਚ ਪੁਲਕਿਤ ਮਿਲਣੀਆਂ ਦੀਆਂ ਯਾਦਾਂ, ਇਤਿਹਾਸਕ ਸਿੱਖ ਗੁਰਧਾਮਾਂ ਤੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਦੇ ਦਰਸ਼ਨ-ਦੀਦਾਰੇ ਅਤੇ ਅਹਿਮ ਪੁਰਾਤੱਤਵੀ ਸਮਾਰਕਾਂ ਦੇ ਜਲਵੇ ਨਾਲ ਭਰਪੂਰ 14 ਦਿਨਾਂ ਦੀ ਆਪਣੀ ਪਾਕਿਸਤਾਨ ਫੇਰੀ ‘ਤੇ ਆਧਾਰਿਤ ਇਸ ਸਫਰਨਾਮੇ ਨੂੰ ਸਿਰਜਦਿਆਂ ਤੇ ਵਿਉਂਤਦਿਆਂ ਡਾ. ਝੰਡ ਨੇ ਦਿਨਾਂ ਦੇ ਹਿਸਾਬ ਨਾਲ ਅਧਿਆਏ ਬਣਾ ਕੇ ਹਰ ਰੋਜ਼ ਦੀਆਂ ਸਫਰ ਸਰਗਰਮੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਵਿਸਥਾਰ ਨਾਲ ਬਿਆਨਿਆ ਹੈ। ‘ਚੇਤਨਾ ਪ੍ਰਕਾਸਨ ਲੁਧਿਆਣਾ’ ਵੱਲੋਂ ਪ੍ਰਕਾਸ਼ਿਤ 163 ਪੰਨਿਆਂ ਦੀ ਵਾਲੀ ਇਸ ਕਿਤਾਬ ਵਿੱਚ 32 ਸਫ਼ੇ ਹੋਰ ਵੀ ਰੰਗਦਾਰ ਤਸਵੀਰਾਂ ਦੇ ਅੰਕਿਤ ਹਨ। ਪੁਰਖ਼ਿਆਂ ਦੀ ਧਰਤੀ ‘ਤੇ ਉਨ੍ਹਾਂ ਦੇ ਵਾਰਿਸਾਂ ਵੱਲੋਂ ਗੁਜ਼ਾਰੇ ਚੰਦ ਰਾਂਗਲੇ ਯਾਦਗਾਰੀ ਛਿਣਾਂ ਨੂੰ ਭਲੀ-ਭਾਂਤ ਮੁਨੱਵਰ ਕਰਦੀਆਂ ਇਹ ਤਸਵੀਰਾਂ ਪ੍ਰਮਾਣਿਤ ਕਰਦੀਆਂ ਹਨ ਕਿ ਕਈ ਵਾਰ ਉਹ ਘਟਨਾ ਜਿਸ ਨੂੰ ਇੱਕ ਹਜ਼ਾਰ ਸਬਦ ਵੀ ਬਾਖ਼ੂਬੀ ਬਿਆਨ ਨਹੀਂ ਕਰ ਸਕਦੇ, ਉਸ ਨੂੰ ਇੱਕੋ ਤਸਵੀਰ ਸਹਿਜੇ ਹੀ ਕਹਿ ਦਿੰਦੀ ਹੈ। ਮਸਲਣ, ਇਨ੍ਹਾਂ ਵਿੱਚੋਂ ਪਹਿਲੀ ਤਸਵੀਰ ਝੰਡ ਪਰਿਵਾਰ ਦੇ ਮੈਂਬਰਾਂ ਦੀ ਵਾਹਗਾ ਬਾਰਡਰ ‘ਤੇ ਪੰਜਾਬੀ ਪ੍ਰਚਾਰ ਟੀ.ਵੀ. ਦੇ ਸੰਚਾਲਕ ਅਹਿਮਦ ਰਜ਼ਾ ਨਾਲ ਹੈ ਜਿਸ ‘ਰੱਬ-ਰੂਪ’ ਬੰਦੇ ਨੇ ‘ਰਾਹਦਾਰੀ’ ਭੇਜ ਕੇ ਪੁਰਖ਼ਿਆਂ ਦਾ ਦੇਸ ਵੇਖਣ ਲਈ ਨਾ ਸਿਰਫ ਉਨ੍ਹਾਂ ਦੀ ਹਸਰਤ ਨੂੰ ਅਮਲੀ ਰੂਪ ਦਿੱਤਾ, ਸਗੋਂ ਉਹ ਇੱਕ ਸੁਹਿਰਦ ਗਾਈਡ ਵਾਂਗ ਯਾਤਰਾ ਦੇ ਹਰ ਪੜਾਅ ‘ਤੇ ਹਮਸਫ਼ਰ ਬਣ ਕੇ ਵਿਚਰਿਆ।
ਲੇਖਕ ਨੇ ਆਪਣੇ ਯਾਤਰਾ ਬ੍ਰਿਤਾਂਤ ਵਿੱਚ ਪਾਕਿਸਤਾਨੀ ਪੰਜਾਬ ਦੇ ਸੂਬੇ ਦੀ ਰਾਜਧਾਨੀ ਤੇ ਅਮੀਰ ਸੰਸਕ੍ਰਿਤਕ ਵਿਰਾਸਤ ਦਾ ਧੁਰਾ ਮੰਨੇ ਜਾਂਦੇ ਸਹਿਰ ਲਾਹੌਰ ਤੋਂ ਲੈ ਕੇ ਬਾਬਾ ਬੁਲ੍ਹੇ ਸ਼ਾਹ ਦੇ ਇਤਿਹਾਸਕ ਸਹਿਰ ਕਸੂਰ, ਗੁਰੂ ਨਾਨਕ ਦੇਵ ਜੀ ਦੀ ਦੈਵੀ ਕਿਰਤ ਕਮਾਈ ਦੇ ਵਰੋਸਾਏ ਸ਼ਹਿਰ ਕਰਤਾਰਪੁਰ, ਜਨਮ-ਅਸਥਾਨ ਨਨਕਾਣਾ ਸਾਹਿਬ, ਫ਼ਰੂਕਾਬਾਦ, ਹਸਨ ਅਬਦਾਲ, ਰਾਵਲਪਿੰਡੀ, ਫ਼ੈਸਲਾਬਾਦ (ਪੁਰਾਣਾ ਲਾਇਲਪੁਰ), ਅਤੇ ਪਾਕਿਸਤਾਨ ਦੀ ਰਾਜਧਾਨੀ ਦੇ ਮਾਡਰਨ ਸਹਿਰ ਇਸਲਾਮਾਬਾਦ ਅਤੇ ਆਪਣੇ ਵਡੇਰਿਆਂ ਦੇ ਪਿੰਡ ਚੱਕ ਨੰਬਰ 202 ਗੱਟੀ ਤਲਾਵਾਂ ਤੋਂ ਇਲਾਵਾ, ਬਸਤੀ ਦਾਨਿਸ਼ਮੰਦਾਂ ਤੇ ਭਡਿਆਰ ਜਿਹੇ ਛੋਟੇ ਪਿੰਡਾਂ ਨੂੰ ਵੀ ਨੇੜਿਉਂ ਹੋ ਕੇ ਵੇਖਿਆ। ਲੇਖਕ ਨੇ ਇਸ ਫੇਰੀ ਦੌਰਾਨ ਉੱਥੋਂ ਦੇ ਇਤਿਹਾਸਕ ਗੁਰਦੁਆਰਿਆਂ ਜਿਨ੍ਹਾਂ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ, ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ, ਨਨਕਾਣਾ ਸਾਹਿਬ ਸਥਿਤ ਜਨਮ ਅਸਥਾਨ ਗੁਰੂ ਨਾਨਕ ਦੇਵ ਜੀ, ਤੰਬੂ ਸਾਹਿਬ, ਸੱਚਾ ਸੌਦਾ ਸਾਹਿਬ, ਅਤੇ ਹਸਨ ਅਬਦਾਲ ਵਿਖੇ ਸਥਿਤ ਗੁਰਦੁਆਰਾ ਪੰਜਾ ਸਾਹਿਬ, ਆਦਿ ਸ਼ਾਮਲ ਹਨ, ਦੇ ਦਰਸਨ-ਦੀਦਾਰ ਦਾ ਸਮੁੱਚਾ ਜ਼ਿਕਰ ਕਰਦਿਆਂ ਆਪਣੀ ਅੰਤਰਦ੍ਰਿਸ਼ਟੀ ਦੀ ਝਾਤ ਪੁਆਈ ਹੈ।
ਲੇਖਕ ਗੁਰਦੁਆਰਾ ਪੰਜਾ ਸਾਹਿਬ ਦੀ ਯਾਤਰਾ ਸਮੇਂ ਚਸਮੇਂ ਦੇ ਉਪਰਲੇ ਪਾਸੇ ਪੱਥਰ ‘ਤੇ ਪਾਏ ਪੰਜੇ ਦੇ ਨਿਸ਼ਾਨ ਨੂੰ ਨੇੜਿਉਂ ਵੇਖ ਕੇ ਇਸ ਨੂੰ ਗੁਰੂ ਨਾਨਕ ਦੇਵ ਜੀ ਦਾ ਪੰਜਾ ਮੰਨਣ ਤੋਂ ਇਨਕਾਰ ਕਰਦਾ ਹੈ, ਜਦਕਿ ਉਸ ਦਾ ‘ਮਿੱਥ-ਭੰਜਕ ਸਾਥੀ’ ਇਸ ਦੇ ਹੱਕ ਵਿੱਚ ਨੈਰੇਟਿਵ ਉਸਾਰਨਾ ਚਾਹੁੰਦਾ ਹੈ। ਲੇਖਕ ਨੂੰ ਸਮਝਣ ਦੀ ਲੋੜ ਹੈ ਕਿ ‘ਸਾਖੀ’ ਇਤਿਹਾਸ ਨਹੀਂ ਹੁੰਦੀ, ਪਰੰਤੂ ਇਹ ਇਤਿਹਾਸ ਤੋਂ ਘੱਟ ਵੀ ਨਹੀਂ ਹੈ। ਜਿੱਥੇ ਸੱਚ ਤੀਕ ਕਈ ਵੇਰਾਂ ਇਤਿਹਾਸ ਨਹੀਂ ਪਹੁੰਚ ਸਕਦਾ, ਉੱਥੇ ਸਾਖੀ ਪਹੁੰਚਦੀ ਹੈ। ਸਾਖੀ ਦਾ ਆਪਣਾ ਇੱਕ ਚਿੰਨ੍ਹ-ਸ਼ਾਸਤਰ ਹੈ ਜਿਸ ਵਿੱਚ ਸੱਚ ਤੇ ਸੁਨੇਹਾ ਪਿਆ ਹੁੰਦਾ ਹੈ। ਸਾਖੀ ਨੂੰ ‘ਡੀਕੋਡਿੰਗ’ ਕਰਕੇ ਹੀ ਗਿਆਨ ਤੱਕ ਪਹੁੰਚਿਆ ਜਾ ਸਕਦਾ ਹੈ।
ਸਫ਼ਰਨਾਮਾ ਪੜ੍ਹ ਕੇ ਇਹ ਤੱਥ ਵੀ ਸਾਹਮਣੇ ਆਉਂਦਾ ਹੈ ਕਿ ਪੁਰਾਣੀ ਲਾਹੌਰ ਜੇਲ੍ਹ ਜਿੱਥੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ, ਵਾਲੀ ਥਾਂ ਨੂੰ ਢਾਹ ਕੇ ਉੱਥੇ ਹੁਣ ਇੱਕ ਚੌਂਕ ਅਤੇ ਉਸ ਦੇ ਸਾਹਮਣੇ ਇੱਕ ਸੁੰਦਰ ਪਲਾਜ਼ਾ ਬਣ ਚੁੱਕਾ ਹੈ ਅਤੇ ਉਸ ਚੌਂਕ ਦਾ ਨਾਂ ‘ਸ਼ਾਦਮਨ ਚੌਕ’ (ਖ਼ੁਸ਼ੀਆਂ ਨਾਲ ਭਰਪੂਰ ਚੌਂਕ) ਰੱਖਿਆ ਗਿਆ ਹੈ, ਜਿਸ ਨੂੰ ਬਦਲਣ ਲਈ ਉੱਠੇ ਵਿਰੋਧ ਪਿੱਛੋਂ ਇਸ ਦਾ ਨਾਂ ‘ਸ਼ਹੀਦ ਭਗਤ ਸਿੰਘ ਚੌਂਕ’ ਰੱਖ ਦਿੱਤਾ ਗਿਆ, ਪਰ ਵਿਰੋਧੀਆਂ ਦੁਆਰਾ ਲਾਹੌਰ ਹਾਈਕੋਰਟ ਵਿੱਚ ਦਾਇਰ ‘ਰਿਟ’ ਦੇ ਆਧਾਰ ‘ਤੇ ਕਈ ਸਾਲ ਪਿੱਛੋਂ ਇਸ ਚੌਂਕ ਦਾ ਨਾਂ ਮੁੜ ‘ਸ਼ਾਦਮਨ ਚੌਂਕ’ ਕਰ ਦਿੱਤਾ ਗਿਆ। ਫੇਰ 2018 ਵਿੱਚ ਆਏ ਕੋਰਟ ਦੇ ਫ਼ੈਸਲੇ ਨੇ ਪੰਜਾਬ ਸਰਕਾਰ ਨੂੰ ਉਸਦਾ ਨਾਂ ‘ਸਹੀਦ ਭਗਤ ਸਿੰਘ ਚੌਂਕ’ ਕਰਨ ਲਈ ਨਿਰਦੇਸ ਦਿੱਤਾ ਪਰ ਸਰਕਾਰ ਵਿਰੋਧੀਆਂ ਦੇ ਪ੍ਰਭਾਵ ਹੇਠ ਟਾਲਮਟੋਲ ਦੀ ਨੀਤੀ ਅਪਨਾਅ ਰਹੀ ਹੈ ਅਤੇ ‘ਸ਼ਹੀਦ ਭਗਤ ਸਿੰਘ ਮੈਮੋਰੀਅਲ ਫ਼ਾਂਊਂਡੇਸਨ ਪਾਕਿਸਤਾਨ’ ਇਸ ਦੇ ਲਈ ਨਿਰੰਤਰ ਕਾਨੂੰਨੀ ਸੰਘਰਸ ਕਰ ਰਹੀ ਹੈ।
ਲੇਖਕ ਇਸ ਯਾਤਰਾ ਦੌਰਾਨ ਲਾਹੌਰ ਵਿੱਚ ਸ਼ਾਹੀ ਕਿਲ੍ਹਾ, ਸ਼ਾਲੀਮਾਰ ਬਾਗ ਅਤੇ ਅਨਾਰਕਲੀ ਬਾਜ਼ਾਰ ਨੂੰ ਵੇਖਦਿਆਂ ਇਨ੍ਹਾਂ ਦੇ ਇਤਿਹਾਸਕ ਪਿਛੋਕੜ ਤੇ ਵਰਤਮਾਨ ਨੁਹਾਰ ਨੂੰ ਉਲੇਖਿਤ ਕਰਦਾ ਹੈ। 50 ਏਕੜਾਂ ਵਿੱਚ ਫ਼ੈਲੇ ਸ਼ਾਹੀ ਕਿਲ੍ਹੇ ਦੇ ‘ਦੀਵਾਨ-ਏ-ਆਮ’ ਵਿੱਚ ਉਹ ਆਪਣੇ ਸਾਥੀਆਂ ਨਾਲ ਬਰਛਿਆਂ ਵਾਲੇ ਦੋ ਚੋਬਦਾਰਾਂ ਹੱਥੋਂ ਮੁਗਲਈ ਅੰਦਾਜ਼ ਦੀ ਸਲਾਮੀ ਵੀ ਲੈਂਦਾ ਹੈ। ਉਹ ਚਾਰੇ ਅਨਾਰਕਲੀ ਵਿੱਚ ਜਾ ਕੇ ਖ਼ਰੀਦਦਾਰੀ ਵੀ ਕਰਦੇ ਹਨ। ਮੁਗਲ ਬਾਦਸ਼ਾਹ ਸ਼ਾਹ ਜਹਾਨ ਵੱਲੋਂ 1642 ਵਿੱਚ ਬਣਾਏ ਗਏ ‘ਸ਼ਾਲੀਮਾਰ ਬਾਗ’ ਜਿਸਦਾ ਨਾਂ ਮਹਾਰਾਜਾ ਰਣਜੀਤ ਸਿੰਘ ਨੇ ਕਦੇ ‘ਸ਼ਾਹਲਾ ਬਾਗ’ ਰੱਖਿਆ ਸੀ, ਵੀ ਆਪਣੇ ਸਾਥੀਆਂ ਨਾਲ ਘੁੰਮ ਫਿਰ ਕੇ ਵੇਖਦੇ ਹਨ। ਅਮੀਰ ਸ਼ੇਖ ‘ਫ਼ੈਸਲ’ ਦੇ ਨਾਂ ‘ਤੇ 1905 ਵਿੱਚ ਬਣੇ ਸ਼ਹਿਰ ਫ਼ੈਸਲਾਬਾਦ (ਪੁਰਾਣਾ ਨਾਂ ਲਾਇਲਪੁਰ) ਜਾ ਕੇ ਉੱਥੋਂ ਦਾ ਮਸਹੂਰ ‘ਘੰਟਾਘਰ’ ਨੀਝ ਨਾਲ ਵੇਖਦੇ ਹਨ ਅਤੇ ਇੱਥੋਂ ਦੀ ‘ਫ਼ੈਸਲਾਬਾਦ ਐਗਰੀਕਲਚਰ ਯੂਨੀਵਰਸਿਟੀ’ ਦੇ ਭੂਮੀ-ਵਿਗਿਆਨ ਵਿਭਾਗ ਅਤੇ ਇਸ ਦੀ ਲਾਇਬ੍ਰੇਰੀ ਦਾ ਵੀ ਚੱਕਰ ਲਗਾਉਂਦੇ ਹਨ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਜਾ ਕੇ ਉੱਥੋਂ ਦੀ ਖ਼ੂਬਸੂਰਤ ਮਸਜਿਦ ਵੇਖਦੇ ਹਨ ਜਿਸਦਾ ਨਾਮਕਰਨ ‘ਫ਼ੈਸਲ ਮਸਜਿਦ’ ਫ਼ੈਸਲਾਬਾਦ ਵਾਲੇ ਅਮੀਰ ਸ਼ੇਖ ‘ਫ਼ੈਸਲ’ ਦੇ ਨਾਂ ‘ਤੇ ਕੀਤਾ ਗਿਆ ਹੈ।
ਸਫ਼ਰਨਾਮੇ ਦੇ ਬਾਰਵੇਂ ਅਧਿਆਇ ਅਨੁਸਾਰ ਰਾਵਲਪਿੰਡੀ ਜ਼ਿਲੇ ਵਿੱਚ ਪੈਂਦੇ ਸਹਿਰ ਤਕਸ਼ਿਲਾ ਦੀ ਯਾਤਰਾ ਦਾ ਜ਼ਿਕਰ ਹੈ। ਤਕਸ਼ਿਲਾ ਸਹਿਰ ਜੋ ਗੰਧਾਰ ਰਾਜ ਦੀ ਰਾਜਧਾਨੀ ਹੋਣ ਸਮੇਂ ਸਿੱਖਿਆ ਦਾ ਮੁੱਖ ਕੇਂਦਰ ਰਿਹਾ, ਵਿੱਚ 250 ਪੌੜੀਆਂ ਚੜ੍ਹ ਕੇ ਲੇਖਕ ਤੇ ਉਸ ਦੇ ਸਾਥੀ 700 ਬੀ.ਸੀ. ਵਿਚ ਨਿਰਮਤ ਵਿਸਵ ਦੀ ਪਹਿਲੀ ਯੂਨੀਵਰਸਿਟੀ ਦੇ ਪ੍ਰਾਚੀਨ ਖੰਡਰਾਤ ਵੇਖਣ ਤੋਂ ਇਲਾਵਾ ਤਕਸ਼ਿਲਾ ਮਿਊਜ਼ੀਅਮ ਅਤੇ ਪੁਰਾਣੇ ਸ਼ਹਿਰ ‘ਸਿਰਕੱਪ’ ਦੀਆਂ ਨੀਹਾਂ ਵੀ ਤੱਕਦੇ ਹਨ।
ਸਫ਼ਰਨਾਮੇ ਮੁਤਾਬਿਕ ਡਾ. ਝੰਡ ਨੂੰ ਏਸ਼ੀਆ ਦੇ ਅਜ਼ੀਮ ਉਰਦੂ ਸ਼ਾਇਰ ਫ਼ੈਜ ਅਹਿਮਦ ਫ਼ੈਜ ਦੀ ਯਾਦ ਵਿਚ ਲਾਹੌਰ ਵਿੱਚ ਲੱਗਦੇ ‘ਫ਼ੈਜ ਅਹਿਮਦ ਫ਼ੈਜ ਮੇਲੇ’ ਅਤੇ ‘ਪੰਜਾਬੀ ਮਾਂ-ਬੋਲੀ ਦਿਵਸ’ ਸਮਾਗ਼ਮਾਂ ਵਿੱਚ ਵੀ ਸਮੂਲੀਅਤ ਕਰਨ ਤੋਂ ਇਲਾਵਾ ਕਈ ਸਾਹਿਤਕ ਮਹਿਫ਼ਲਾਂ, ਦਾਅਵਤਾਂ ਅਤੇ ਹੋਰ ਨਿੱਜੀ ਮਿਲਣੀਆਂ ਦੇ ਮੌਕੇ ਮਿਲੇ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਮਾਇਆਨਾਜ ਪੰਜਾਬੀ ਅਦੀਬਾਂ ਬਾਬਾ ਨਜਮੀ, ਏਹਸਾਨ ਬਾਜਵਾ, ‘ਪੰਜਾਬੀ ਲਹਿਰ’ ਟੀ.ਵੀ. ਦੇ ਸੰਚਾਲਕ ਨਾਸਿਰ ਢਿੱਲੋਂ, ਸਮਾਜ-ਸੇਵਿਕਾ ਦੀਪ ਸਈਦਾ, ਸਮਾਜ-ਸੇਵਕ ਤਾਰਿਕ ਜਟਾਲਾ, ਸ਼ਾਇਰ ਤੇ ਚਿੰਤਕ ਪ੍ਰੋ. ਆਸ਼ਿਕ ਰਹੀਲ, ‘ਖੋਜਗੜ੍ਹ’ ਵਾਲੇ ਇਕਬਾਲ ਕੈਸਰ ਅਤੇ ਅਬਦੁਲ ਮਜੀਦ ਰਾਣਾ ਵਰਗੀਆਂ ਮਹਾਨ ਹਸਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ।
ਲਾਹੌਰ ਦੀ ਮਸਹੂਰ ਡਿਸ ‘ਹਲੀਮ’, ਕਸੂਰ ਦੇ ਫ਼ਲੂਦੇ ਵਾਲੇ ਕੁਲਫ਼ੇ, ਬਦਾਮਾਂ ਵਾਲੀ ਖੀਰ ਅਤੇ ਪੰਜਾਬੀ ਪ੍ਰਾਹੁਣਚਾਰੀ ਵਿੱਚ ਤਰ੍ਹਾਂ-ਤਰ੍ਹਾਂ ਦੇ ਸੁਆਦਲੇ ਪਕਵਾਨਾਂ ਦਾ ਅਨੰਦ ਮਾਣਦਿਆਂ ਹੋਇਆਂ ਲੇਖਕ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਮੇਜਬਾਨੀ ਦੀ ਅਮੀਰ ਪ੍ਰਥਾ ਨੂੰ ਦਿਲੋਂ ਵਡਿਆਉਂਦਾ ਹੈ। ਇਸ ਸਫ਼ਰਨਾਮੇ ਵਿੱਚੋਂ ਰਾਵੀ ਦੇ ਪਾਰਲੇ ਬੰਨੇ ਵਗਦੇ ਝਨਾਂ ਤੇ ਸੁਹਾਂ ਵਰਗੇ ਦਰਿਆਵਾਂ, ਨਹਿਰਾਂ, ਰਜਬਾਹਿਆਂ, ਮੋਘਿਆਂ ਦੇ ਦਰਸਨ ਵੀ ਹੁੰਦੇ ਹਨ; ਗੁਰਦੁਆਰਾ ਸਾਹਿਬ ਵਿੱਚ ਤਪ ਰਹੇ ‘ਚੁੰਭੇ’ ਉੱਪਰ ਕੜਾਹੇ ਵਿਚ ਉਬਾਲੇ ਮਾਰਦੀ ‘ਪੱਤ’ ਵਿੱਚੋਂ ਗੁੜ ਦੀ ਮਿੱਠੀ-ਮਿੱਠੀ ਖ਼ੁਸਬੋ ਵੀ ਅਨੁਭਵ ਹੁੰਦੀ ਹੈ; ਖੇਤਾਂ ‘ਚ ਬਣੇ ਡੇਰਿਆਂ ਵਿੱਚ ਅੰਬਾਂ ਦੇ ਦਰੱਖਤਾਂ ਦੀ ਠੰਡੀ ਛਾਂ ਦੇ ਨਜ਼ਾਰੇ ਵੀ ਲੱਭਦੇ ਹਨ; ਹਰੀਆਂ ਕਚੂਰ ਕਣਕਾਂ ਤੇ ਛਟਾਲੇ ਵਿਚੋਂ ਵੀ ਹਰਿਆਵਲ ਦੀਆਂ ਲੂਹੀਆਂ ਉੱਠਦੀਆਂ ਦਿਸਦੀਆਂ ਹਨ; ਕਸੂਰੀ ਜੁੱਤਿਆਂ ਤੇ ਖੁੱਸਿਆਂ ਦਾ ਟਸਨ ਮੜਕਦਾ ਹੈ ਅਤੇ ‘ਦੋ ਘੋੜਾ ਬੋਸਕੀ’ ਦੀ ਅਸਲੀ-ਨਕਲੀ ਪਛਾਣ ਦੇ ‘ਨੁਸਖ਼ੇ’ ਵੀ ਮਿਲਦੇ ਹਨ।
ਡਾ. ਝੰਡ ਦੇ ਇਸ ਸਫ਼ਰਨਾਮੇ ਨੂੰ ਪੜ੍ਹਦਿਆਂ ਇਹ ਪ੍ਰਸਨ ਮੇਰੇ ਮਨ ਵਿਚ ਉੱਠਦਾ ਰਿਹਾ ਹੈ ਕਿ ਭਾਰਤੀ ਪੰਜਾਬ ਦੇ ਪੰਜਾਬੀ ਲੇਖਕਾਂ ਨੇ ਪਾਕਿਸਤਾਨ ਬਾਰੇ ਬਥੇਰੇ ਸਫ਼ਰਨਾਮੇ ਲਿਖੇ ਹਨ, ਪਰੰਤੂ ਉੱਧਰੋਂ ਕਿਸੇ ਲੇਖਕ ਨੇ ਭਾਰਤ ਦਾ ਸਫ਼ਰਨਾਮਾ ਕਿਉਂ ਨਹੀਂ ਲਿਖਿਆ। ਲਹਿੰਦੇ ਪੰਜਾਬ ਦੇ ਵੱਡੇ ਲੇਖਕਾਂ ਵਿੱਚੋਂ ਫ਼ਖ਼ਰ ਜ਼ਮਾਂ, ਅਫ਼ਜਲ ਅਹਿਸਨ ਰੰਧਾਵਾ, ਸਿਬੁਤਲ ਹਸਨ ਜ਼ੈਗਮ, ਆਦਿ ਕਈ ਵੱਡੇ ਲੇਖਕ ਏਧਰ ਪੰਜਾਬ ਆਉਂਦੇ ਰਹੇ ਹਨ, ਪਰੰਤੂ ਕਿਸੇ ਦਾ ਕੋਈ ਵੀ ਸਫ਼ਰਨਾਮਾ ਨਹੀਂ ਲੱਭਦਾ।
ਪਾਕਿਸਤਾਨੀ ਲੇਖਕਾਂ ਨੇ ਜੇਕਰ ਸਫ਼ਰਨਾਮਾ ਸਾਹਿਤ ਰੂਪ ਤੋਂ ਟਾਲ਼ਾ ਵੱਟਿਆ ਹੈ ਤਾਂ ਕੀ ਇਸ ਦੀ ਵਜ੍ਹਾ ਕਿਤੇ ਸੱਤਾ ‘ਤੇ ਫ਼ੌਜ ਦੇ ਗਲਬੇ ਕਾਰਨ ਬੌਧਿਕ ਆਜ਼ਾਦੀ ਦੀ ਘਾਟ ਤਾਂ ਨਹੀਂ? ਕੀ ਇਹ ਧਰਮ ਨਿਰਪੇਖਵਾਦ ਲਈ ਉੱਥੇ ਕੋਈ ਵਿਸ਼ੇਸ ਸਥਾਨ ਦੀ ਘਾਟ ਹੈ? ਸੁਆਲ ਇਹ ਵੀ ਹੈ ਕਿ ਵੰਡ ਮੌਕੇ ਦੋਵੇਂ ਪਾਸੇ 15 ਲੱਖ ਤੋਂ ਵੱਧ ਲੋਕ ਵੱਢੇ-ਟੁੱਕੇ ਗਏ ਪੰਜਾਬੀਆਂ ਦੇ ਸ਼ਰਮਨਾਕ ਕਾਂਡ ਜਿਸ ਵਿੱਚ ਪੰਜਾਬੀ ਹੀ ਪੰਜਾਬੀ ਦੇ ਖ਼ੂਨ ਦੇ ਪਿਆਸੇ ਹੋ ਗਏ, ਕੀ ਇਹ ‘ਕਬੀਲਾਈ ਚੇਤਨ’ ਦੀ ‘ਮਨੋ-ਗ੍ਰੰਥੀ’ ਦਾ ਨਤੀਜਾ ਸੀ? ਇਸ ਲਈ ਪੰਜਾਬੀਆਂ ਨੇ ਦੋਹਾਂ ਪਾਸਿਆਂ ਤੋਂ ਕਦੇ ਕੋਈ ਮੁਆਫ਼ੀ ਕਿਉਂ ਨਹੀਂ ਮੰਗੀ? ਅਜਿਹੇ ਹੀ ਪ੍ਰਸ਼ਨਾਂ ਲਈ ਵਿਚਾਰਾਂ ਦੀ ਜ਼ਮੀਨ ਸਿਰਜਦੀ ਡਾ. ਝੰਡ ਦੀ ਇਸ ਮੁੱਲਵਾਨ ਲਿਖ਼ਤ ਦਾ ਜੇਕਰ ਮੈਂ ਪੁਰਜ਼ੋਰ ਸੁਆਗ਼ਤ ਕਰਦਾ ਹਾਂ ਤਾਂ ਇਹ ਬਿਲਕੁਲ ਬਣਦਾ ਹੈ।
‘ਪੁਰਖ਼ਿਆਂ ਦਾ ਦੇਸ’ – ਪੁਰਖ਼ਿਆਂ ਦੀ ਪ੍ਰਮਾਣਿਕ ਨੀਤੀ ਦਾ ਸਫ਼ਰਨਾਮਾ
RELATED ARTICLES



