Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ

ਹਿਜਪ੍ਰੀਤ ਮਾਂਗਟ ਨਾਲ ਕਰਵਾਇਆ ਰੂਬਰੂ, ਹਰਭਜਨ ਸਿੰਘ ਬਰਾੜ ਦੀ ਪੁਸਤਕ ‘ਸਾਂਝਾਂ ਦਾ ਵਗਦਾ ਦਰਿਆ’ ਲੋਕ-ਅਰਪਿਤ
ਬਰੈਂਪਟਨ/ਡਾ.ਝੰਡ : ਲੰਘੇ ਸ਼ਨੀਵਾਰ 21 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਮਾਸਿਕ ਸਮਾਗ਼ਮ 470 ਕਰਾਈਸਲਰ ਰੋਡ ਵਿਖੇ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 4.30 ਵਜੇ ਤੱਕ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬ ਤੋਂ ਆਏ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਨਵੇਂ ਚੁਣੇ ਗਏ ਉੱਪ-ਪ੍ਰਧਾਨ ਸਹਿਜਪ੍ਰੀਤ ਮਾਂਗਟ ਨਾਲ ਰੂ-ਬ-ਰੂ ਰਚਾਇਆ ਗਿਆ, ਹਰਭਜਨ ਸਿੰਘ ਬਰਾੜ ਦੀ ਭਾਰਤ ਅਤੇ ਪਾਕਿਸਤਾਨ ਦੀ 1947 ਵਿਚ ਹੋਈ ਵੰਡ ਦੇ ਬਾਵਜੂਦ ਦੋਹਾਂ ਪਾਸਿਆਂ ਦੇ ਆਮ ਲੋਕਾਂ ਵਿਚਕਾਰ ਆਪਸੀ ਸਾਂਝ ਨੂੰ ਦਰਸਾਉਂਦੀ ਸਵੈ-ਜੀਵਨੀ ਦੇ ਰੂਪ ਵਿਚ ਨਵ-ਪ੍ਰਕਾਸ਼ਿਤ ਪੁਸਤਕ ‘ਸਾਂਝਾਂ ਦਾ ਵਗਦਾ ਦਰਿਆ’ ਲੋਕ-ਅਰਪਿਤ ਕੀਤੀ ਗਈ ਅਤੇ ਸਭਾ ਦੇ ਸੁਹਿਰਦ ਤੇ ਮਿਹਨਤੀ ਮੈਂਬਰ ਪਰਮਜੀਤ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਤੋਂ ਇਲਾਵਾ ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ, ਉੱਘੀ ਕਹਾਣੀਕਾਰ ਮਿੰਨੀ ਗਰੇਵਾਲ ਅਤੇ ਸਭਾ ਦੇ ਚੇਅਰਪਰਸਨ ਬਲਰਾਜ ਚੀਮਾ ਸੁਸ਼ੋਭਿਤ ਸਨ। ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ ਦੇ ਰਸਮੀ-ਸੁਆਗ਼ਤ ਤੋਂ ਬਾਅਦ ਆਪਣੀ ਗੱਲ ਸ਼ੁਰੂ ਕਰਦਿਆਂ ਸਹਿਜਪ੍ਰੀਤ ਨੇ ਕਿਹਾ ਕਿ ਲੁਧਿਆਣੇ ਜ਼ਿਲੇ ਦੇ ਪਿੰਡ ਕਟਾਣੀ ਦੇ ਵਸਨੀਕ ਹਨ ਅਤੇ ਪੇਸ਼ੇ ਵਜੋਂ ਭਾਵੇਂ ਉਹ ਇੰਜੀਨੀਅਰ ਹਨ ਪਰ ਕਵਿਤਾ ਉਨ੍ਹਾਂ ਦੇ ਵਿਚ ਰਚੀ ਹੋਈ ਲੱਗਦੀ ਹੈ। ਉਪਰੰਤ, ਹਰਭਜਨ ਸਿੰਘ ਬਰਾੜ ਦੀ ਪੁਸਤਕ ‘ਸਾਂਝਾਂ ਵਗਦਾ ਦਾ ਦਰਿਆ’ ਬਾਰੇ ਹਰਜਸਪ੍ਰੀਤ ਗਿੱਲ ਅਤੇ ਸੁੰਦਰਪਾਲ ਰਾਜਾਸਾਂਸੀ ਨੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਹ ਸਵੈ-ਜੀਵਨੀ ਵੀ ਹੈ ਅਤੇ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਪਿਆਰ, ਮਿਲਵਰਤਣ ਅਤੇ ਸਾਂਝ ਦਾ ਖ਼ੂਬਸੂਰਤ ਦਸਤਾਵੇਜ਼ ਵੀ ਹੈ। ਪ੍ਰਧਾਨਗੀ-ਮੰਡਲ ਵਿੱਚੋਂ ਬਲਰਾਜ ਚੀਮਾ ਨੇ ਹਰਭਜਨ ਸਿੰਘ ਬਰਾੜ ਅਤੇ ਉਨ੍ਹਾਂ ਦੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲੇਖਕ ਵੱਲੋਂ ਸੱਚਾਈ ਨੂੰ ਬੇਬਾਕੀ ਨਾਲ ਪੇਸ਼ ਕਰਨਾ ਹੀ ਅਸਲੀ ਸਾਹਿਤ ਹੈ ਅਤੇ ਜਿਹੜਾ ਲੇਖਕ ਸਹੀ ਮਾਅਨਿਆਂ ਵਿਚ ਇੰਜ ਕਰਦਾ ਹੈ। ਸਮਾਗ਼ਮ ਦੇ ਇਸ ਹਿੱਸੇ ਦਾ ਸੰਚਾਲਨ ਡਾ. ਸੁਖਦੇਵ ਸਿੰਘ ਝੰਡ ਵੱਲੋਂ ਕੀਤਾ ਗਿਆ। ਸਮਾਗ਼ਮ ਦੇ ਦੂਸਰੇ ਭਾਗ ਵਿਚ ਪੰਜਾਬ ਤੋਂ ਬੀਤੇ ਦਿਨੀਂ ਵਾਪਸ ਪਰਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਰਗ਼ਰਮ ਮੈਂਬਰਾਂ ਕਰਨ ਅਜਾਇਬ ਸਿੰਘ ਸੰਘਾ ਅਤੇ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਉੱਥੇ ਗ਼ੁਜਾਰੇ ਤਿੰਨ-ਚਾਰ ਮਹੀਨਿਆਂ ਦੌਰਾਨ ਆਪਣੀਆਂ ਸਾਹਿਤਕ ਸਰਗ਼ਰਮੀਆਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਉਪਰੰਤ, ਸਭਾ ਦੇ ਸੁਹਿਰਦ ਅਤੇ ਅਣਥੱਕ ਮੈਂਬਰ ਜੋ ਕਿ ਕੈਂਬਰਿੱਜ ਤੋਂ ਲੰਮਾ ਪੈਂਡਾ ਮਾਕ ਕੇ ਇਸ ਦੀਆਂ ਸਰਗ਼ਰਮੀਆਂ ਵਿਚ ਬਹੁਮੁੱਲਾ ਯੋਗਦਾਨ ਪਾਉਂਦੇ ਹਨ, ਨੂੰ ਸਭਾ ਦੇ ਮੈਂਬਰਾਂ ਵੱਲੋਂ ਸ਼ਾਨਦਾਰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਕਵੀ-ਦਰਬਾਰ ਹੋਇਆ ਜਿਸ ਵਿਚ ਇਕਬਾਲ ਬਰਾੜ ਦੇ ਖ਼ੂਬਸੂਰਤ ਗੀਤਾਂ ਤੋਂ ਇਲਾਵਾ ਜਨਾਬ ਮਕਸੂਦ ਚੌਧਰੀ, ਅਮਰਜੀਤ ਕੌਰ ਪੰਛੀ, ਬਲਰਾਜ ਧਾਲੀਵਾਲ ਅਤੇ ਕਈ ਹੋਰਨਾਂ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਸੁਣਾਈਆਂ। ਸਮਾਗ਼ਮ ਦੇ ਇਸ ਭਾਗ ਨੂੰ ਤਲਵਿੰਦਰ ਮੰਡ ਅਤੇ ਪਰਮਜੀਤ ਢਿੱਲੋਂ ਨੇ ਬਾਖ਼ੂਬੀ ਨਿਭਾਇਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …