Breaking News
Home / ਹਫ਼ਤਾਵਾਰੀ ਫੇਰੀ / ਟਰੈਵਲ ਏਜੰਟਾਂ ਦੇ ਕੰਮਕਾਜ ‘ਤੇ ਨਿਗਰਾਨੀ ਲਈ ਰੈਗੂਲੇਟਰੀ ਬਾਡੀ ਸਮੇਂ ਦੀ ਮੰਗ : ਹਾਈਕੋਰਟ

ਟਰੈਵਲ ਏਜੰਟਾਂ ਦੇ ਕੰਮਕਾਜ ‘ਤੇ ਨਿਗਰਾਨੀ ਲਈ ਰੈਗੂਲੇਟਰੀ ਬਾਡੀ ਸਮੇਂ ਦੀ ਮੰਗ : ਹਾਈਕੋਰਟ

ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਟਰੈਵਲ ਏਜੰਟਾਂ ਦੇ ਕੰਮਕਾਜ ‘ਤੇ ਨਿਗਰਾਨੀ ਦੇ ਲਈ ਰੈਗੂਲੇਟਰੀ ਬਾਡੀ ਸਮੇਂ ਦੀ ਮੰਗ ਹੈ। ਇਸ ਸਬੰਧ ਵਿਚ ਦਾਖਲ ਜਨਹਿਤ ਪਟੀਸ਼ਨ ‘ਤੇ ਉਕਤ ਟਿੱਪਣੀ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਕਾਰਜਕਾਰੀ ਚੀਫ ਜਸਟਿਸ ਰਿੱਤੂ ਬਾਹਰੀ ਅਤੇ ਜਸਟਿਸ ਨਿਧੀ ਗੁਪਤਾ ਦੀ ਬੈਂਚ ਨੇ ਮਾਮਲੇ ‘ਤੇ 12 ਦਸੰਬਰ ਦੇ ਲਈ ਸੁਣਵਾਈ ਤੈਅ ਕੀਤੀ ਹੈ। ਪਿਛਲੇ ਦਿਨੀਂ ਸੁਣਵਾਈ ਦੌਰਾਨ ਪਟੀਸ਼ਨ ਕਰਤਾ ਦੇ ਵਕੀਲ ਐਚ.ਸੀ. ਅਰੋੜਾ ਨੇ ਸਾਲ 2019 ਵਿਚ ਪੰਜਾਬ ਵਿਧਾਨ ਸਭਾ ਵਿਚ ਉਸ ਸਮੇਂ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਦਿੱਤੀ ਗਈ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 17 ਮਾਰਚ 2017 ਤੋਂ 10 ਫਰਵਰੀ 2019 ਦੇ ਦੌਰਾਨ ਪੰਜਾਬ ਵਿਚ ਵੱਖ-ਵੱਖ ਅਪਰਾਧਾਂ ਵਿਚ ਟਰੈਵਲ ਏਜੰਟਾਂ ਦੇ ਖਿਲਾਫ 2140 ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ ਹਰਿਆਣਾ ਦੇ ਡੀਜੀਪੀ ਕ੍ਰਾਈਮ ਵਲੋਂ 10 ਅਕਤੂਬਰ 2019 ਨੂੰ ਨੋਟੀਫਾਈ ਲਿਸਟ ਦੇ ਮੁਤਾਬਕ 190 ਟਰੈਵਲ ਏਜੰਟਾਂ ‘ਤੇ ਅਪਰਾਧਿਕ ਮਾਮਲੇ ਵਿਚਾਰ ਅਧੀਨ ਹਨ। ਇਸ ‘ਤੇ ਹਾਈਕੋਰਟ ਨੇ ਕਿਹਾ ਕਿ ਟਰੈਵਲ ਏਜੰਟਾਂ ‘ਤੇ ਰੈਗੂਲੇਟਰੀ ਬਾਡੀ ਹੋਣਾ ਜ਼ਰੂਰੀ ਹੈ, ਲਿਹਾਜ਼ਾ ਇਸ ‘ਤੇ ਕੇਂਦਰ ਅਤੇ ਰਾਜ ਸਰਕਾਰਾਂ ਜਵਾਬ ਦੇਣ।
ਰਾਜ ਸਭਾ ‘ਚ ਵੀ ਗੂੰਜਿਆ ਧੋਖੇਬਾਜ਼ ਟਰੈਵਲ ਏਜੰਟਾਂ ਦਾ ਮੁੱਦਾ
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾੜੀ ਦੇਸ਼ਾਂ ਵਿੱਚ ਪੰਜਾਬ ਦੀਆਂ ਮਹਿਲਾਵਾਂ ਦੀ ਹੋ ਰਹੀ ਖਰੀਦੋ-ਫਰੋਖਤ ਦਾ ਮਾਮਲਾ ਰਾਜ ਸਭਾ ਵਿਚ ਗੰਭੀਰਤਾ ਨਾਲ ਉਠਾਇਆ ਹੈ। ਉਨ੍ਹਾਂ ਸਦਨ ਨੂੰ ਦੱਸਿਆ ਕਿ ਟਰੈਵਲ ਏਜੰਟ ਪੰਜਾਬ ਦੀਆਂ ਮਹਿਲਾਵਾਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਉੱਥੇ ਵੇਚ ਰਹੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਉਹ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਖਾੜੀ ਦੇਸ਼ਾਂ ਵਿੱਚੋਂ ਕਰੀਬ 60 ਮਹਿਲਾਵਾਂ ਨੂੰ ਭਾਰਤ ਵਾਪਸ ਲਿਆ ਚੁੱਕੇ ਹਨ, ਜਿਨ੍ਹਾਂ ਮਹਿਲਾਵਾਂ ਨੂੰ ਉਥੇ ਵੇਚ ਦਿੱਤਾ ਗਿਆ ਸੀ। ਸੰਤ ਸੀਚੇਵਾਲ ਹੋਰਾਂ ਨੇ ਦੱਸਿਆ ਕਿ ਧੋਖੇਬਾਜ਼ ਟਰੈਵਲ ਏਜੰਟ ਗਰੀਬ ਘਰਾਂ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਵਿਜ਼ਟਰ ਵੀਜ਼ੇ ‘ਤੇ ਖਾੜੀ ਦੇਸ਼ਾਂ ਵਿਚ ਲਿਜਾ ਕੇ ਵੇਚ ਰਹੇ ਹਨ। ਜਿੱਥੇ ਉਨ੍ਹਾਂ ਮਹਿਲਾਵਾਂ ਦਾ ਸ਼ੋਸ਼ਣ ਹੁੰਦਾ ਹੈ। ਉਨ੍ਹਾਂ ਨੂੰ ਘਰ ਜਾਂ ਰੈਸਟੋਰੈਂਟ ਵਿੱਚ ਕੰਮ ਕਰਨ ਦਾ ਝਾਂਸਾ ਦਿੱਤਾ ਜਾਂਦਾ ਹੈ ਅਤੇ 35 ਤੋਂ 40 ਹਜ਼ਾਰ ਰੁਪਏ ਤੱਕ ਤਨਖਾਹ ਦਾ ਝੂਠਾ ਭਰੋਸਾ ਦਿੱਤਾ ਜਾਂਦਾ ਹੈ। ਫਿਰ ਉੱਥੇ, ਉਨ੍ਹਾਂ ਔਰਤਾਂ ਨੂੰ ਅਰਬੀ ਭਾਸ਼ਾ ਵਿੱਚ ਲਿਖੇ ਇੱਕ ਸਮਝੌਤੇ ‘ਤੇ ਦਸਤਖਤ ਕਰਨ ਲਈ ਕਿਹਾ ਜਾਂਦਾ ਹੈ। ਇਸੇ ਦੌਰਾਨ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਹੋਰਾਂ ਨੇ ਸਦਨ ਦੇ ਮਾਧਿਅਮ ਰਾਹੀਂ ਵਿਦੇਸ਼ ਮੰਤਰਾਲੇ ਨੂੰ ਵੀ ਬੇਨਤੀ ਕੀਤੀ ਕਿ ਅਜਿਹੇ ਧੋਖੇਬਾਜ਼ ਟਰੈਵਲ ਏਜੰਟ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਵੇ ਅਤੇ ਦੇਸ਼ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਵਿਦੇਸ਼ਾਂ ਵਿੱਚ ਵੇਚਣ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਜਾਣ।

 

Check Also

ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ

45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …