ਕੇਂਦਰ ਦੇ ਅਧਿਕਾਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਬੈਠਕ ਰਹੀ ਬੇਸਿੱਟਾ
ਕੇਂਦਰ ਦੇ ਰਵੱਈਏ ਤੋਂ ਖਫ਼ਾ ਹੋ ਫਾੜੀਆਂ ਨਵੇਂ ਖੇਤੀ ਕਾਨੂੰਨ ਦੀਆਂ ਕਾਪੀਆਂ
ਹੁਣ ਗੱਲਬਾਤ ਕਰਨ ਦਿੱਲੀ ਨਹੀਂ ਆਵਾਂਗੇ, ਦਿੱਲੀ ਨੂੰ ਘੇਰਨ ਆਵਾਂਗੇ : ਕਿਸਾਨ ਆਗੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਵਾਦਿਤ ਖੇਤੀਬਾੜੀ ਕਾਨੂੰਨਾਂ ਬਾਰੇ ਕੇਂਦਰ ਨਾਲ ਗੱਲਬਾਤ ਕਰਨ ਦਿੱਲੀ ਆਈਆਂ ਕਿਸਾਨ ਜਥੇਬੰਦੀਆਂ ਨੇ ਮੀਟਿੰਗ ‘ਚ ਖੇਤੀਬਾੜੀ ਮੰਤਰੀ ਦੇ ਗ਼ੈਰ-ਹਾਜ਼ਰ ਰਹਿਣ ‘ਤੇ ਰੋਹ ਦਾ ਪ੍ਰਗਟਾਵਾ ਕਰਦਿਆਂ ਮੀਟਿੰਗ ‘ਚੋਂ ਵਾਕਆਊਟ ਕਰ ਦਿੱਤਾ। ਖੇਤੀਬਾੜੀ ਮੰਤਰਾਲੇ ‘ਚ ਸਵੇਰੇ ਸਾਢੇ 11 ਵਜੇ ਸ਼ੁਰੂ ਹੋਈ ਮੀਟਿੰਗ ‘ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਤਕਰੀਬਨ 50 ਨੁਮਾਇੰਦੇ ਸ਼ਾਮਿਲ ਹੋਏ, ਜਿਨ੍ਹਾਂ ਨਾਲ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਨੇ ਪਹਿਲਾਂ ਵੱਖੋ-ਵੱਖ, ਫਿਰ ਇਸ ਗੱਲਬਾਤ ਲਈ ਉਚੇਚੇ ਤੌਰ ‘ਤੇ ਗਠਿਤ ਕੀਤੀ 7 ਮੈਂਬਰੀ ਕਮੇਟੀ ਨਾਲ ਸਾਂਝੇ ਤੌਰ ‘ਤੇ ਬੈਠਕ ਕੀਤੀ। ਪਹਿਲਾਂ ਇਸ ਬੈਠਕ ‘ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੀ ਸ਼ਾਮਿਲ ਹੋਣ ਦੀ ਚਰਚਾ ਸੀ। ਹਲਕਿਆਂ ਮੁਤਾਬਿਕ ਤੋਮਰ ਨੇ ਦੁਪਹਿਰ 1 ਵਜੇ ਮੀਟਿੰਗ ‘ਚ ਸ਼ਾਮਿਲ ਹੋਣਾ ਸੀ ਪਰ ਕਿਸਾਨ ਨੁਮਾਇੰਦਿਆਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਅਤੇ ਸਰਕਾਰੀ ਖ਼ਰੀਦ ਨੂੰ ਚਾਲੂ ਰੱਖਣ ਨੂੰ ਕਾਨੂੰਨ ‘ਚ ਸ਼ਾਮਿਲ ਕੀਤੇ ਜਾਣ ਦੀ ਮੰਗ ‘ਤੇ ਬਾਜ਼ਿੱਦ ਵੇਖਦਿਆਂ ਖੇਤੀਬਾੜੀ ਮੰਤਰੀ ਇਸ ਮੀਟਿੰਗ ‘ਚ ਸ਼ਾਮਿਲ ਨਹੀਂ ਹੋਏ।
ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੇਂਦਰ ਵਲੋਂ ਸੱਦੀ ਇਸ ਮੀਟਿੰਗ ਨੂੰ ਕਿਸਾਨਾਂ ਨਾਲ ਕੀਤਾ ਧੋਖਾ ਕਰਾਰ ਦਿੱਤਾ। ਮੀਟਿੰਗ ‘ਚ ਸ਼ਾਮਿਲ ਹੋਏ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਇਕ ਪਾਸੇ ਕਿਸਾਨਾਂ ਨੂੰ ਗੱਲਬਾਤ ਲਈ ਦਿੱਲੀ ਆਉਣ ਦਾ ਸੱਦਾ ਦਿੰਦੀ ਹੈ ਅਤੇ ਦੂਜੇ ਪਾਸੇ 9 ਮੰਤਰੀਆਂ ਨੂੰ ਕਾਨੂੰਨਾਂ ਦੇ ਹੱਕ ‘ਚ ਪ੍ਰਚਾਰ ਕਰਨ ਲਈ ਪੰਜਾਬ ਭੇਜ ਦਿੰਦੀ ਹੈ। ਉਨ੍ਹਾਂ ਸਰਕਾਰ ਦੀ ਮਨਸ਼ਾ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਏਨੀ ਹੀ ਇਮਾਨਦਾਰੀ ਨਾਲ ਮਸਲਾ ਸੁਲਝਾਉਣਾ ਚਾਹੁੰਦੀ ਹੈ ਤਾਂ ਸਾਡੇ ਨਾਲ ਗੱਲਬਾਤ ਲਈ ਇਕ ਵੀ ਮੰਤਰੀ ਮੌਜੂਦ ਨਹੀਂ, ਜਦਕਿ ਕਾਨੂੰਨਾਂ ਦੇ ਹੱਕ ‘ਚ ਪ੍ਰਚਾਰ ਲਈ ਕਈ ਮੰਤਰੀ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 8 ਤਰੀਕ ਨੂੰ ਵੀ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ ਪਰ ਉਸ ਸੱਦੇ ‘ਚ ਵਿਸ਼ੇ ਵਜੋਂ ਸਿਰਫ਼ ਕਾਨੂੰਨਾਂ ਦੇ ਫ਼ਾਇਦੇ ਸਮਝਾਉਣਾ ਸ਼ਾਮਿਲ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ। 14 ਤਰੀਕ ਦੀ ਮੀਟਿੰਗ ਦੇ ਸੱਦੇ ‘ਚ ਕੇਂਦਰ ਨੇ ਜਥੇਬੰਦੀਆਂ ਨੂੰ ਕਿਸਾਨ ਅੰਦੋਲਨਾਂ ‘ਤੇ ਗੱਲਬਾਤ ਲਈ ਬੁਲਾਇਆ ਪਰ ਕਿਸਾਨ ਉਸ ਵੇਲੇ ਭੜਕ ਗਏ ਜਦ ਉਨ੍ਹਾਂ ਵੇਖਿਆ ਕਿ ਮੀਟਿੰਗ ‘ਚ ਫ਼ੈਸਲਾ ਲੈਣ ਦਾ ਅਧਿਕਾਰ ਰੱਖਣ ਵਾਲਾ ਕੋਈ ਆਗੂ ਹੀ ਸ਼ਾਮਿਲ ਨਹੀਂ ਹੈ। ਇਸ ਤੋਂ ਬਾਅਦ ਕਿਸਾਨ ਆਗੂ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ ਅਤੇ ਮੀਟਿੰਗ ਬੇਸਿੱਟਾ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਕਰਨ ਲਈ ਦਿੱਲੀ ਨਹੀਂ ਆਉਣਗੇ ਬਲਕਿ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਪੰਜਾਬ ਆਉਣਾ ਪਵੇਗਾ। ਕਿਸਾਨ ਸਿਰਫ਼ ਨੂੰ ਹੁਣ ਦਿੱਲੀ ਨੂੰ ਘੇਰਨ ਲਈ ਹੀ ਦਿੱਲੀ ਆਉਣਗੇ।
ਪੰਜਾਬ ‘ਚ ਰਾਸ਼ਟਰਪਤੀ ਰਾਜ ਲੱਗਣ ਦਾ ਖਤਰਾ!
ਪੰਜਾਬ ‘ਚ ਮੁੜ ਵਾਪਰੀ ਬੇਅਦਬੀ ਦੀ ਘਟਨਾ, ਕਿਸਾਨ ਅੰਦੋਲਨ ਦਾ ਹੋਰ ਤਿੱਖਾ ਹੋਣਾ, ਰੇਲ ਰੋਕੋ ਦਾ ਜਾਰੀ ਰਹਿਣਾ, ਕੇਂਦਰ ਨਾਲ ਗੱਲਬਾਤ ਦਾ ਟੁੱਟਣਾ, ਭਾਜਪਾ ਆਗੂਆਂ ਦਾ ਘਿਰਾਓ, ਪੰਜਾਬ ਦੇ ਰਾਜਨੀਤਿਕ ਦਲਾਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਜਿੱਥੇ ਜਾਰੀ ਹੈ, ਉਥੇ ਇਹ ਚਰਚਾ ਜ਼ੋਰ ਫੜਨ ਲੱਗੀ ਕਿ ਕਿਸੇ ਆਧਾਰ ‘ਤੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਹੈ। ਕਿਸੇ ਸ਼ਰਾਰਤੀ ਘਟਨਾ ਦੇ ਖਦਸ਼ਿਆਂ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਵੀ ਪੂਰੀ ਤਰ੍ਹਾਂ ਚੌਕਸ ਹਨ।
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਸ਼ੇਸ਼ ਇਜਲਾਸ 19 ਨੂੰ
ੰਪੰਜਾਬ ਮੰਤਰੀ ਮੰਡਲ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਅਸਰਹੀਣ ਕਰਨ ਲਈ 19 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫ਼ੈਸਲਾ ਲਿਆ ਹੈ। ਕਈ ਦਿਨਾਂ ਦੀ ਜਕੋਤੱਕੀ ਮਗਰੋਂ ਪੰਜਾਬ ਕੈਬਨਿਟ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਬਿੱਲ ਲਿਆਉਣ ਦੇ ਫ਼ੈਸਲੇ ‘ਤੇ ਬੁੱਧਵਾਰ ਨੂੰ ਮੋਹਰ ਲਾ ਦਿੱਤੀ ਹੈ।
ਕੇਂਦਰ ਸਰਕਾਰ ਗੱਲਬਾਤ ਲਈ ਤਿਆਰ: ਜਾਵੇੜਕਰ
ਨਵੀਂ ਦਿੱਲੀ : ਦਿੱਲੀ ‘ਚ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਨਾਲ ਬੈਠਕ ਦਾ ਬਾਈਕਾਟ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਸਰਕਾਰ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹੈ। ਕਿਸਾਨ ਜਥੇਬੰਦੀਆਂ ਵਲੋਂ ਬੈਠਕ ‘ਚ ਕਿਸੇ ਮੰਤਰੀ ਦੇ ਸ਼ਾਮਿਲ ਨਾ ਹੋਣ ‘ਤੇ ਬੈਠਕ ਦਾ ਬਾਈਕਾਟ ਕੀਤੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਜਾਵੜੇਕਰ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਇਸ ਮੁੱਦੇ ‘ਤੇ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨਾਲ ਪਹਿਲੇ ਦੌਰ ਦੀ ਗੱਲਬਾਤ ਕਰ ਚੁੱਕੇ ਹਨ। ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਵੜੇਕਰ ਨੇ ਕਿਹਾ ਕਿ ਜੇਕਰ ਕੋਈ ਹੋਰ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਅਸੀਂ ਹਰੇਕ ਨੂੰ ਮਿਲਣ ਲਈ ਤਿਆਰ ਹਾਂ, ਪਰ ਤੋਮਰ ਨੂੰ ਬੁੱਧਵਾਰ ਕਿਸੇ ਜ਼ਰੂਰੀ ਕੰਮ ‘ਚ ਰੁੱਝੇ ਹੋਣ ਕਰਕੇ ਜਾਣਾ ਪਿਆ। ਜਦੋਂ ਵੀ ਉਹ ਵਿਹਲੇ ਹੋਣਗੇ ਸਭ ਨੂੰ ਮਿਲਣਗੇ, ਇਸ ‘ਚ ਕੋਈ ਸਮੱਸਿਆ ਨਹੀਂ।
ਦਿੱਲੀ ‘ਚ ਲੱਗੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ
ਮੀਟਿੰਗ ਤੋਂ ਖ਼ਫ਼ਾ ਹੋ ਕੇ ਨਿਕਲੇ ਕਿਸਾਨ ‘ਮੋਦੀ ਸਰਕਾਰ ਮੁਰਦਾਬਾਦ’ ਅਤੇ ‘ਸਾਡਾ ਹੱਕ ਇੱਥੇ ਰੱਖ’ ਦੇ ਨਾਅਰੇ ਲਾਉਂਦੇ ਨਜ਼ਰ ਆਏ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਤਰਾਲੇ ਦੇ ਬਾਹਰ ਹੀ ਤਿੰਨੋਂ ਵਿਵਾਦਿਤ ਕਾਨੂੰਨਾਂ ਦੀਆਂ ਕਾਪੀਆਂ ਪਾੜੀਆਂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹਤਿਆਤੀ ਤੌਰ ‘ਤੇ ਇਲਾਕੇ ‘ਚ ਧਾਰਾ 144 ਵੀ ਲਾਈ ਗਈ ਸੀ। ਵੀਰਵਾਰ ਨੂੰ ਚੰਡੀਗੜ੍ਹ ‘ਚ ਬੈਠਕ ਕਰਕੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਹੁਣ ਅਸੀਂ ਦਿੱਲੀ ਬੈਠਕ ਲਈ ਨਹੀਂ ਜਾਵਾਂਗੇ, ਕੇਂਦਰ ਨੇ ਜੇਕਰ ਗੱਲਬਾਤ ਕਰਨੀ ਹੈ ਤਾਂ ਉਹ ਚੰਡੀਗੜ੍ਹ ਆ ਜਾਵੇ। ਜਥੇਬੰਦੀਆਂ ਨੇ ਆਖਿਆ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਹੁਣ ਛੇਤੀ ਹੀ ਦਿੱਲੀ ਦਾ ਘਿਰਾਓ ਕਰਾਂਗੇ।
ਹੁਣ ਪੰਜਾਬ ਵਿਚ ਹਰ ਭਾਜਪਾਈ ਆਗੂ ਦੇ ਘਿਰਾਓ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਨਾਲ ਮੀਟਿੰਗ ਦਾ ਬਾਈਕਾਟ ਕਰਨ ਮਗਰੋਂ 30 ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ਰੇਲ ਰੋਕੋ ਅੰਦੋਲਨ ਅਣਮਿਥੇ ਸਮੇਂ ਤੱਕ ਵਧਾਉਣ ਅਤੇ ਭਾਜਪਾ ਆਗੂਆਂ ਤੇ ਕੇਂਦਰੀ ਮੰਤਰੀਆਂ ਦਾ ਪੰਜਾਬ ਆਉਣ ‘ਤੇ ਘਿਰਾਓ ઠਕਰਨ ਦਾ ਐਲਾਨ ਕੀਤਾ। ਵੀਰਵਾਰ ਨੂੰ ਇਥੇ ਹੋਈ ਇਹਨਾਂ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਪ੍ਰੈਸ ਕਾਨਫਰੰਸ ਵਿਚ ਕਿਸਾਨ ਆਗੂਆਂ ਨੇ ਦੱਸਿਆ ਕਿ ਰੇਲ ਰੋਕੋ ਅੰਦੋਲਨ ਅਣਮਿਥੇ ਸਮੇਂ ਲਈ ਵਧਾਇਆ ਗਿਆ ਪਰ 20 ਅਕਤੂਬਰ ਨੂੰ ਮੁੜ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਇਸਦੀ ਸਮੀਖਿਆ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਆਉਣ ਵਾਲੇ ਕੇਂਦਰੀ ઠਮੰਤਰੀਆਂ ਅਤੇ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ। ਜਥੇਬੰਦੀਆਂ ਨੇ ਵਿਧਾਨ ਸਭਾ ਸੈਸ਼ਨ ਸੱਦਣ ਬਾਰੇ ਅਮਰਿੰਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ ਵਾਪਸ ਲੈ ਲਿਆ ਕਿਉਂਕਿ ਸਰਕਾਰ ਨੇ ਪਹਿਲਾਂ ਹੀ 19 ਅਕਤੂਬਰ ਨੂੰ ਸੈਸ਼ਨ ਸੱਦ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …