ਸਰਕਾਰੀ ਬੱਸਾਂ ’ਚ ਵਿਦਿਆਰਥੀਆਂ ਨੂੰ ਮਿਲੇਗੀ ਮੁਫਤ ਬੱਸ ਸਫਰ ਦੀ ਸਹੂਲਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬੱਸ ਦੇ ਡਰਾਈਵਰ ਵੀ ਬਣ ਗਏ। ਧਿਆਨ ਰਹੇ ਕਿ ਪੰਜਾਬ ਸਰਕਾਰ ਨੇ ਅੱਜ 58 ਨਵੀਆਂ ਸਰਕਾਰੀ ਬੱਸਾਂ ਦੀ ਸ਼ੁਰੂਆਤ ਕੀਤੀ ਹੈ। ਇਹ ਬੱਸਾਂ ਉਦਘਾਟਨ ਲਈ ਸੀਐਮ ਚੰਨੀ ਦੀ ਮੁਹਾਲੀ ਰਿਹਾਇਸ਼ ਵਿਖੇ ਲਿਆਂਦੀਆਂ ਗਈਆਂ ਸਨ। ਇਥੋਂ ਇਨ੍ਹਾਂ ਬੱਸਾਂ ਨੂੰ ਸੀਐਮ ਚੰਨੀ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਚੰਨੀ ਅਤੇ ਵੜਿੰਗ ਨੇ ਖੁਦ ਵੀ ਬੱਸ ਨੂੰ ਥੋੜ੍ਹੀ ਦੂਰ ਤੱਕ ਚਲਾਇਆ।
ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਵਿਦਿਆਰਥੀਆਂ ਲਈ ਸਰਕਾਰੀ ਬੱਸਾਂ ’ਚ ਫਰੀ ਬੱਸ ਸਫਰ ਦੀ ਸਹੂਲਤ ਦਾ ਐਲਾਨ ਕੀਤਾ। ਸੀਐਮ ਨੇ ਕਿਹਾ ਫਰੀ ਬੱਸ ਪਾਸ ਦੀ ਸਹੂਲਤ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਮਿਲੇਗੀ। ਇਸ ਮੌਕੇ ਸੀਐਮ ਚੰਨੀ ਨੇ ਕਿਹਾ ਕਿ 3 ਮਹੀਨੇ ਵਿਚ ਹੀ ਅਸੀਂ 842 ਨਵੀਆਂ ਬੱਸਾਂ ਖਰੀਦੀਆਂ ਹਨ, ਜਿਸ ’ਤੇ 400 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 102 ਬੱਸ ਅੱਡਿਆਂ ਨੂੰ ਅਪਗਰੇਡ ਵੀ ਕੀਤਾ ਜਾਵੇਗਾ।
ਇਸ ਦੌਰਾਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਅਗਲਾ ਨਿਸ਼ਾਨਾ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਭੇਜਣਾ ਹੈ। ਇਸ ਲਈ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਮਿਲ ਚੁੱਕੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਚੱਲਣ ਵਾਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਦੀ ਜਾਂਚ ਵੀ ਕੀਤੀ ਜਾਵੇਗੀ।