Home / ਹਫ਼ਤਾਵਾਰੀ ਫੇਰੀ / ਮਹਾਰਾਸ਼ਟਰ ‘ਚ ਭਾਜਪਾ ਦਾ ਟੁੱਟਿਆ ਹੰਕਾਰ

ਮਹਾਰਾਸ਼ਟਰ ‘ਚ ਭਾਜਪਾ ਦਾ ਟੁੱਟਿਆ ਹੰਕਾਰ

ਉਦਵ ਠਾਕਰੇ ਬਣੇ ਮੁੱਖ ਮੰਤਰੀ
ਮੁੁੰਬਈ/ਬਿਊਰੋ ਨਿਊਜ਼ : ਖੁਦ ਨੂੰ ਭਾਰਤੀ ਸਿਆਸਤ ਦਾ ਚਾਣਕਿਆ ਸਮਝਣ ਵਾਲੇ ਅਮਿਤ ਸ਼ਾਹ ਦੀ ਨੀਤੀ ਉਸ ਸਮੇਂ ਫੇਲ੍ਹ ਹੋ ਗਈ ਜਦੋਂ 88 ਘੰਟਿਆਂ ਵਿਚ ਹੀ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਦਾ ਅਹੁਦਾ ਤਿਆਗਣਾ ਪੈ ਗਿਆ। ਜਦੋਂ ਭਾਜਪਾ ਨੂੰ ਸਾਹਮਣੇ ਤੋਂ ਸਵਾ ਸੇਰ ਟੱਕਰਿਆ ਤਾਂ ਭਾਰਤੀ ਜਨਤਾ ਪਾਰਟੀ ਦਾ ਹੰਕਾਰ ਚਕਨਾਚੂਰ ਹੋ ਗਿਆ ਤੇ ਮਹਾਰਾਸ਼ਟਰ ਦੇ ਇਤਿਹਾਸ ਵਿਚ ਨਵਾਂ ਅਧਿਆਏ ਜੁੜ ਗਿਆ ਜਦੋਂ ਬਿਨਾ ਚੋਣ ਲੜੇ ਉਧਵ ਠਾਕਰੇ ਮੁੱਖ ਮੰਤਰੀ ਬਣ ਗਏ। ਇਹੋ ਨਹੀਂ ਠਾਕਰੇ ਪਰਿਵਾਰ ‘ਚੋਂ ਮੁੱਖ ਮੰਤਰੀ ਬਣਨ ਵਾਲੇ ਉਧਵ ਠਾਕਰੇ ਜਿੱਥੇ ਪਹਿਲੇ ਵਿਅਕਤੀ ਹਨ, ਉਥੇ ਇਸੇ ਪਰਿਵਾਰ ‘ਚੋਂ ਚੋਣ ਲੜ ਕੇ ਐਮ ਐਲ ਏ ਬਣਨ ਵਾਲੇ ਵੀ ਉਧਵ ਠਾਕਰੇ ਦੇ ਪੁੱਤਰ ਤੇ ਬਾਲ ਠਾਕਰੇ ਦੇ ਪੋਤਰੇ ਅਦਿੱਤਯ ਠਾਕਰੇ ਇਸ ਪਰਿਵਾਰ ਦੇ ਪਹਿਲੇ ਐਮ ਐਲ ਏ ਹਨ। ਉਦਵ ਠਾਕਰੇ ਨੇ ਵੀਰਵਾਰ ਸ਼ਾਮੀਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ ਅਤੇ ਉਨ੍ਹਾਂ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸਹੁੰ ਚੁਕਾਈ। ਇਸਦੇ ਨਾਲ ਹੀ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ, ਰਾਸ਼ਟਰਵਾਦੀ ਕਾਂਗਰਸ ਦੇ ਜਯੰਤ ਪਾਟਿਲ, ਛਗਨ ਭੁਜਵਲ ਅਤੇ ਕਾਂਗਰਸ ਦੇ ਆਗੂ ਬਾਲਾਸਾਹਿਬ ਥੋਰਾਟ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਧਿਆਨ ਰਹੇ ਕਿ ਰਾਜਪਾਲ ਨੇ 6 ਦਿਨਾਂ ਵਿਚ ਹੀ ਦੋ ਆਗੂਆਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਤੁਰੰਤ ਬਾਅਦ ਉਦਵ ਨੇ ਝੁਕ ਕੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਕਰੀਬ 70 ਹਜ਼ਾਰ ਸਮਰਥਕਾਂ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਭਾਜਪਾ ਆਗੂ ਦਵਿੰਦਰ ਫੜਨਵੀਸ, ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਵੀ ਹਾਜ਼ਰ ਰਹੇ। ਇਸ ਮੌਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਉਦਵ ਨੂੰ ਵਧਾਈ ਦਿੱਤੀ, ਪਰ ਉਹ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ। ਇਹ ਵੀ ਦੱਸਣਯੋਗ ਹੈ ਕਿ ਹੁਣ ਮਹਾਰਾਸ਼ਟਰ ਵਿਚ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਤੇ ਕਾਂਗਰਸ ਨੇ ਮਿਲ ਸਰਕਾਰ ਬਣਾਈ ਹੈ।

Check Also

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ’ਚਰੇਤਮਾਈਨਿੰਗਨੂੰਲੈ ਕੇ ਈਡੀ ਦੇ ਛਾਪੇ

ਚੰਨੀ ਦੇ ਭਾਣਜੇ ਕੋਲੋਂ ਮਿਲੀ 10 ਕਰੋੜ ਤੋਂ ਵੱਧ ਦੀ ਨਗਦੀ ਨੋਟ ਗਿਣਨ ਲਈ ਈਡੀ …