ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀ ਅਮਰੀਕਾ ਦਾ ‘ਗੋਲਡਨ ਡੋਮ’ ਪਸੰਦ ਆਇਆ ਹੈ। ਪੀਐਮ ਕਾਰਨੀ ਨੇ ਲੰਘੇ ਬੁੱਧਵਾਰ ਨੂੰ ਇਸ ਸਬੰਧੀ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ ਉਸਦੇ ਪ੍ਰਸਤਾਵਿਤ ‘ਗੋਲਡਨ ਡੋਮ’ ਮਿਜ਼ਾਈਲ ਰੱਖਿਆ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗੱਲਬਾਤ ਕਰ ਰਹੀ ਹੈ। ਇਹ ਬਹੁ-ਪੱਧਰੀ ਸੁਰੱਖਿਆ ਪ੍ਰਣਾਲੀ ਭਵਿੱਖ ਵਿੱਚ ਅਮਰੀਕਾ ਦੀ ਮਿਜ਼ਾਈਲ ਰੱਖਿਆ ਸਮਰੱਥਾਵਾਂ ਨੂੰ ਪੁਲਾੜ ਵਿੱਚ ਵਧਾਏਗੀ। ਕੈਨੇਡਾ ਵੀ ਇਸਨੂੰ ਆਪਣੇ ਮਿਜ਼ਾਈਲ ਰੱਖਿਆ ਪ੍ਰਣਾਲੀ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰੋਗਰਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਵਿਕਸਤ ਕੀਤਾ ਗਿਆ ਹੈ ਅਤੇ ਇਸਦੀ ਅਨੁਮਾਨਤ ਲਾਗਤ 175 ਅਰਬ ਅਮਰੀਕੀ ਡਾਲਰ ਦੱਸੀ ਗਈ ਹੈ। ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ 2029 ਤੱਕ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੈ, ਜੋ ਕਿ ਉਨ੍ਹਾਂ ਦੇ ਸੰਭਾਵਿਤ ਦੂਜੇ ਕਾਰਜਕਾਲ ਦਾ ਆਖਰੀ ਸਾਲ ਹੋਵੇਗਾ।
ਕੈਨੇਡਾ ਦੀ ਤਰਜੀਹ-ਨਾਗਰਿਕਾਂ ਦੀ ਸੁਰੱਖਿਆ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੀ ਇਹ ਕੈਨੇਡਾ ਦੇ ਲਈ ਇਕ ਚੰਗਾ ਵਿਚਾਰ ਹੈ। ਹਾਂ, ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਕਦਮ ਉਠਾਉਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁੱਦੇ ‘ਤੇ ਡੋਨਾਲਡ ਟਰੰਪ ਨਾਲ ਸਿੱਧੀ ਗੱਲਬਾਤ ਹੋਈ ਹੈ ਅਤੇ ਫਿਲਹਾਲ ਸੀਨੀਅਰ ਅਧਿਕਾਰੀਆਂ ਦੇ ਪੱਧਰ ‘ਤੇ ਵਿਚਾਰ ਵਟਾਂਦਰਾ ਜਾਰੀ ਹੈ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਨੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕੀਤਾ ਹੈ ਅਤੇ ਸੰਕੇਤ ਦਿੱਤਾ ਹੈ ਕਿ ਉਹ ਇਸ ਰਣਨੀਤਕ ਪਰਿਯੋਜਨਾ ਵਿਚ ਸ਼ਾਮਲ ਹੋਣਾ ਚਾਹੁੰਦੀ ਹੈ। ਟਰੰਪ ਨੇ ਭਰੋਸਾ ਜਤਾਇਆ ਕਿ ਅਮਰੀਕਾ ਅਤੇ ਕੈਨੇਡਾ ਮਿਲ ਕੇ ਇਹ ਨਿਸ਼ਚਿਤ ਕਰਨਗੇ ਕਿ ਓਟਾਵਾ ਇਸ ਪ੍ਰਣਾਲੀ ‘ਚ ਬਣਦਾ ਯੋਗਦਾਨ ਪਾ ਸਕੇ।
‘ਗੋਲਡਨ ਡੋਮ’ ਦਾ ਕੰਮਕਾਜ
‘ਗੋਲਡਨ ਡੋਮ’ ਸਿਸਟਮ ਦਾ ਉਦੇਸ਼ ਚਾਰ ਪੜਾਵਾਂ ਵਿੱਚ ਸੰਭਾਵੀ ਮਿਜ਼ਾਈਲ ਹਮਲਿਆਂ ਨੂੰ ਰੋਕਣਾ ਹੈ।
1.ਲਾਂਚਿੰਗ ਤੋਂ ਪਹਿਲਾਂ ਟੀਚਿਆਂ ਦਾ ਪਤਾ ਲਗਾਉਣਾ ਅਤੇ ਉਸ ਨੂੰ ਨਸ਼ਟ ਕਰਨਾ।
2. ਉਡਾਣ ਦੇ ਸ਼ੁਰੂਆਤੀ ਪੜਾਵਾਂ ਵਿੱਚ ਮਿਜ਼ਾਈਲ ਨੂੰ ਰੋਕਣਾ।
3. ਉਡਾਣ ਦੇ ਵਿਚਕਾਰਲੇ ਪੜਾਅ ਵਿੱਚ ਮਿਜ਼ਾਈਲ ਨੂੰ ਨਸ਼ਟ ਕਰਨਾ।
4. ਮਿਜ਼ਾਈਲ ਨੂੰ ਆਖਰੀ ਪੜਾਅ ‘ਤੇ ਰੋਕਣਾ ਜਦੋਂ ਇਹ ਟੀਚੇ ‘ਤੇ ਪਹੁੰਚਣ ਵਾਲੀ ਹੋਵੇ।
ਇਹ ਸਿਸਟਮ ਜ਼ਮੀਨੀ ਤੇ ਪੁਲਾੜ ਦੋਵਾਂ ਤਰ੍ਹਾਂ ਦੀਆਂ ਸਮਰੱਥਾਵਾਂ ਦੀ ਵਰਤੋਂ ਕਰੇਗਾ। ਕਾਰਨੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਨੂੰ ਨੇੜਲੇ ਭਵਿੱਖ ‘ਚ ਸੰਭਾਵੀ ਮਿਜ਼ਾਈਲ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਅਜਿਹੇ ਸਿਸਟਮ ‘ਚ ਸ਼ਾਮਲ ਹੋਣਾ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਇੱਕ ਸਮਝਦਾਰੀ ਵਾਲਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਗੰਭੀਰਤਾ ਨਾਲ ਇਸ ‘ਤੇ ਵਿਚਾਰ ਕਰ ਰਹੇ ਹਾਂ।
ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’
RELATED ARTICLES