10 C
Toronto
Wednesday, April 29, 2026
spot_img
Homeਹਫ਼ਤਾਵਾਰੀ ਫੇਰੀਸਟੈਟਿਸਟਿਕਸ ਕੈਨੇਡਾ ਅਨੁਸਾਰ 2025 ਦੀ ਦੂਸਰੀ ਤਿਮਾਹੀ ਦੌਰਾਨ ਕੈਨੇਡਾ ਦਾ ਆਬਾਦੀ ਵਾਧਾ...

ਸਟੈਟਿਸਟਿਕਸ ਕੈਨੇਡਾ ਅਨੁਸਾਰ 2025 ਦੀ ਦੂਸਰੀ ਤਿਮਾਹੀ ਦੌਰਾਨ ਕੈਨੇਡਾ ਦਾ ਆਬਾਦੀ ਵਾਧਾ ਤਕਰੀਬਨ ਸਥਿਰ ਰਿਹਾ

ਓਟਵਾ/ਬਿਊਰੋ ਨਿਊਜ਼ : ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ, 2025 ਦੀ ਦੂਜੀ ਤਿਮਾਹੀ ਵਿੱਚ ਕੈਨੇਡਾ ਦਾ ਆਬਾਦੀ ਵਾਧਾ ਲਗਭਗ ਸਥਿਰ ਰਿਹਾ। ਇਸ ਸਾਲ 1 ਅਪ੍ਰੈਲ ਤੋਂ 1 ਜੁਲਾਈ ਦੇ ਵਿਚਕਾਰ ਦੇਸ਼ ਦੀ ਆਬਾਦੀ ਵਿੱਚ 0.1 ਪ੍ਰਤੀਸ਼ਤ ਦਾ ਵਾਧਾ ਹੋਇਆ ਜਿਸ ਨਾਲ ਦੇਸ਼ ਨੇ ਆਪਣੀ ਆਬਾਦੀ ਵਿੱਚ 47,098 ਵਿਅਕਤੀ ਸ਼ਾਮਲ ਕੀਤੇ। ਜਨਵਰੀ ਤੋਂ ਮਾਰਚ ਦੌਰਾਨ ਵੀ ਆਬਾਦੀ ਵਾਧੇ ਦੀ ਇਹੋ ਦਰ ਸੀ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ਜੇਕਰ ਕੋਵਿਡ ਦੇ ਸਮਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਦਰ 1946 ਤੋਂ ਲੈ ਕੇ (ਜਦੋਂ ਤੋਂ ਰਿਕਾਰਡ ਰੱਖਣੇ ਸ਼ੁਰੂ ਹੋਏ ਹਨ) ਦੂਜੀ ਤਿਮਾਹੀ ਦੀ ਸਭ ਤੋਂ ਘੱਟ ਆਬਾਦੀ ਵਾਧਾ ਦਰ ਹੈ। ਇਸ ਵਿਕਾਸ ਦਰ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਗ਼ੈਰ-ਸਥਾਈ ਨਿਵਾਸੀਆਂ ਦੀ ਗਿਣਤੀ ‘ਚ ਕਮੀ ਰਿਹਾ। ਅਪ੍ਰੈਲ ਤੋਂ ਜੁਲਾਈ ਤੱਕ 58,719 ਗੈਰ-ਸਥਾਈ ਨਿਵਾਸੀਆਂ ਨੇ ਕੈਨੇਡਾ ਛੱਡਿਆ, ਜੋ ਕਿ 1971 ਤੋਂ ਬਾਅਦ (ਕੋਵਿਡ ਸਾਲਾਂ ਤੋਂ ਇਲਾਵਾ) ਦੂਜਾ ਸਭ ਤੋਂ ਵੱਡਾ ਤਿਮਾਹੀ ਨਿਘਾਰ ਹੈ।
ਇਹ ਕਮੀ 2024 ਵਿੱਚ ਫੈਡਰਲ ਸਰਕਾਰ ਵੱਲੋਂ ਗੈਰ-ਸਥਾਈ ਨਿਵਾਸੀਆਂ ਦੀ ਤਾਦਾਦ ਘਟਾਉਣ ਲਈ ਲਿਆਂਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਈ, ਜਿਨ੍ਹਾਂ ‘ਚ ਅਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ ਘਟਾਉਣਾ, ਰੁਜ਼ਗਾਰਦਾਤਾਵਾਂ ਲਈ ਘੱਟ-ਉਜਰਤ ਵਾਲੀਆਂ ਨੌਕਰੀਆਂ ਭਰਨ ਬਾਬਤ ਸਖ਼ਤ ਨਿਯਮ ਲਿਆਉਣਾ ਅਤੇ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣਾ ਸ਼ਾਮਲ ਹਨ। ਪਹਿਲਾਂ, ਕੋਵਿਡ ਮਗਰੋਂ ਹੋਈ ਕਾਮਿਆਂ ਦੀ ਘਾਟ ਕਰਕੇ, ਫ਼ੈਡਰਲ ਸਰਕਾਰ ਨੇ ਇਨ੍ਹਾਂ ਵਿਅਕਤੀਆਂ ਲਈ ਨਿਯਮ ਢਿੱਲੇ ਕਰ ਦਿੱਤੇ ਸਨ। ਇਸ ਕਾਰਨ, 2022 ਤੋਂ 2025 ਦੀ ਸ਼ੁਰੂਆਤ ਤੱਕ ਹਰ ਸਾਲ ਆਬਾਦੀ ਵਿੱਚ ਲਗਭਗ 1 ਮਿਲੀਅਨ ਲੋਕਾਂ ਦਾ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ‘ਤੇ ਦੂਜੀ ਤਿਮਾਹੀ ਵਿੱਚ ਘਟੀ ਹੈ, ਜਿਸ ਕਾਰਨ ਗ਼ੈਰ-ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ।

RELATED ARTICLES
POPULAR POSTS