ਨਵੀਂ ਦਿੱਲੀ : ਭਾਰਤ ਵਿਚ ਵਿਕ ਰਹੇ ਹਰ ਬ੍ਰਾਂਡ ਦੇ ਨਮਕ ਅਤੇ ਚੀਨੀ ਦੇ ਪੈਕੇਟ ਵਿਚ ਮਾਈਕਰੋ ਪਲਾਸਟਿਕ ਮੌਜੂਦ ਹੈ। ਇਹ ਬ੍ਰਾਂਡ ਚਾਹੇ ਛੋਟੇ ਜਾਂ ਵੱਡੇ ਹੋਣ ਅਤੇ ਚਾਹੇ ਪੈਕ ਕੀਤੇ ਗਏ ਹੋਣ ਜਾਂ ਬਿਨਾ ਪੈਕ ਕੀਤੇ ਮਿਲ ਰਹੇ ਹੋਣ, ਸਾਰਿਆਂ ਵਿਚ ਮਾਈਕਰੋ ਪਲਾਸਟਿਕ ਦੇ ਟੁਕੜੇ ਮਿਲੇ ਹਨ। ਇਹ ਦਾਅਵਾ ਇਕ ਖੋਜ ਦੌਰਾਨ ਕੀਤਾ ਗਿਆ ਹੈ। ‘ਮਾਈਕਰੋ ਪਲਾਸਟਿਕਸ ਇਨ ਸਾਲਟ ਐਂਡ ਸ਼ੂਗਰ’ ਨਾਮ ਦੀ ਇਸ ਸਟੱਡੀ ਨੂੰ ਟੋਕਸਿਕਸ ਲਿੰਕ ਨਾਮ ਦੀ ਵਾਤਾਵਰਣ ਖੋੇਜ ਸੰਸਥਾ ਨੇ ਤਿਆਰ ਕੀਤਾ ਹੈ। ਇਸ ਸੰਗਠਨ ਨੇ ਟੇਬਲ ਸਾਲਟ, ਰੌਕ ਸਾਲਟ, ਸਮੁੰਦਰੀ ਨਮਕ ਅਤੇ ਸਥਾਨਕ ਕੱਚੇ ਨਮਕ ਸਣੇ 10 ਪ੍ਰਕਾਰ ਦੇ ਨਮਕ ਅਤੇ ਔਨਲਾਈਨ ਤੇ ਸਥਾਨਕ ਬਜ਼ਾਰਾਂ ਵਿਚੋਂ ਖਰੀਦੀ ਗਈ ਪੰਜ ਪ੍ਰਕਾਰ ਦੀ ਚੀਨੀ ਦਾ ਟੈਸਟ ਕਰਨ ਤੋਂ ਬਾਅਦ ਇਸ ਸਟੱਡੀ ਨੂੰ ਪੇਸ਼ ਕੀਤਾ ਹੈ। ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਨਮਕ ਅਤੇ ਚੀਨੀ ਦੇ ਸਾਰੇ ਨਮੂਨਿਆਂ ਵਿਚ ਵੱਖ-ਵੱਖ ਤਰ੍ਹਾਂ ਦੇ ਮਾਈਕਰੋ ਪਲਾਸਟਿਕ ਸ਼ਾਮਲ ਸਨ। ਇਹ ਵੀ ਦੱਸਿਆ ਗਿਆ ਸਭ ਤੋਂ ਜ਼ਿਆਦਾ ਮਾਈਕਰੋ ਪਲਾਸਟਿਕਸ ਦੀ ਮਾਤਰਾ ਆਇਓਡੀਨ ਨਮਕ ਵਿਚ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਮਾਈਕਰੋ ਪਲਾਸਟਿਕ ਛੋਟੇ-ਛੋਟੇ ਪਲਾਸਟਿਕ ਦੇ ਕਣ ਹੁੰਦੇ ਹਨ, ਜੋ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਨੁਕਸਾਨਦਾਇਕ ਹਨ।