ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੇ ਸਾਲ 2023 ਵਿਚ ਪੰਜਾਬ ਸਰਕਾਰ ਵਾਰ-ਵਾਰ ਕਰਜ਼ਾ ਚੁੱਕ ਕੇ ਆਪਣਾ ਕੰਮ ਚਲਾਉਣ ਦੇ ਮੁੱਦੇ ‘ਤੇ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹੀ ਹੈ। ਹੁਣ ਫਿਰ ਸਾਲ 2024 ਦੀ ਸ਼ੁਰੂਆਤ ਮੌਕੇ ਹੀ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਮੋਟਾ ਕਰਜ਼ਾ ਚੁੱਕ ਲਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ 2500 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ। ਸਰਕਾਰ ਨੇ ਰਿਜ਼ਰਵ ਬੈਂਕ ਤੋਂ ਰਿਣ ਪੱਤਰਾਂ ਦੀ ਨਿਲਾਮੀ ਰਾਹੀਂ ਇਹ ਕਰਜ਼ਾ ਚੁੱਕਿਆ ਹੈ। ਪੰਜਾਬ ਸਰਕਾਰ ਦੇ ਕਰਜ਼ਾ ਲੈ ਕੇ ਸਰਕਾਰ ਚਲਾਉਣ ਦੇ ਉਪਰਾਲਿਆਂ ਨਾਲ ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ। ਸੂਬੇ ਸਿਰ ਚੜ੍ਹਿਆ ਕਰਜ਼ਾ ਖਤਮ ਕਰਨ ਦੇ ਆਮ ਆਦਮੀ ਪਾਰਟੀ ਦੇ ਵਾਅਦੇ ਤੇ ਦਾਅਵੇ ਦੂਰ-ਦੂਰ ਤੱਕ ਵਫਾ ਹੁੰਦੇ ਦਿਖਾਈ ਨਹੀਂ ਦੇ ਰਹੇ। ਪਿਛਲੇ ਸਾਲ ‘ਚ ਵੀ ਸਰਕਾਰ ਲਗਾਤਾਰ ਕਰਜ਼ਾ ਚੁੱਕ ਕੇ ਆਪਣਾ ਕੰਮ ਚਲਾਉਂਦੀ ਦਿਖਾਈ ਦਿੰਦੀ ਰਹੀ ਹੈ। ਮਾਹਿਰਾਂ ਅਨੁਸਾਰ ਜਿਸ ਰਫਤਾਰ ਨਾਲ ਪੰਜਾਬ ਸਰਕਾਰ ਕਰਜ਼ਾ ਚੁੱਕ ਰਹੀ ਹੈ, ਉਸ ਨਾਲ ਪੰਜਾਬ ਲਗਾਤਾਰ ਵੱਡੇ ਵਿੱਤੀ ਸੰਕਟ ਵੱਲ ਵਧ ਰਿਹਾ ਹੈ, ਜਦਕਿ ਇਸਦੇ ਉਲਟ ਸਰਕਾਰ ਦਾਅਵੇ ਕਰ ਰਹੀ ਹੈ ਕਿ ਸੂਬੇ ਦਾ ਖਜ਼ਾਨਾ ਭਰਿਆ ਹੋਇਆ ਹੈ, ਪਰ ਸਵਾਲ ਇਹ ਉਠਦਾ ਹੈ ਕਿ ਜੇਕਰ ਸੂਬੇ ਦਾ ਖਜ਼ਾਨਾ ਭਰਿਆ ਹੋਇਆ ਹੈ ਤਾਂ ਸਰਕਾਰ ਨੂੰ ਵਾਰ-ਵਾਰ ਮੋਟਾ ਕਰਜ਼ਾ ਚੁੱਕਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ। ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਗਾਤਾਰ ਇਹ ਦਾਅਵੇ ਕਰਦੀ ਰਹੀ ਹੈ ਕਿ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਸੂਬੇ ‘ਤੇ ਚੜ੍ਹਿਆ ਕਰਜ਼ਾ ਉਤਾਰਨ ਦੇ ਉਪਰਾਲੇ ਕੀਤੇ ਜਾਣਗੇ ਤੇ ਪੰਜਾਬ ਸਿਰ ਕਰਜ਼ੇ ਦਾ ਹੋਰ ਬੋਝ ਨਹੀਂ ਚੜ੍ਹਨ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸਰਕਾਰ ਨੇ ਦਸੰਬਰ ਮਹੀਨੇ 941 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ, ਜਦਕਿ ਪਿਛਲੇ ਸਾਲ ਇਕੱਲੇ ਨਵੰਬਰ ਮਹੀਨੇ ਵਿਚ ਸੂਬਾ ਸਰਕਾਰ ਨੇ 4450 ਕਰੋੜ ਦਾ ਕਰਜ਼ਾ ਚੁੱਕ ਲਿਆ ਸੀ। ਪਿਛਲੇ ਸਾਲ ‘ਤੇ ਹੀ ਨਜ਼ਰ ਮਾਰੀ ਜਾਵੇ ਤਾਂ ਸਰਕਾਰ ਨੇ 26 ਸਤੰਬਰ ਨੂੰ 1750 ਕਰੋੜ, 3 ਅਕਤੂਬਰ ਨੂੰ 1500 ਕਰੋੜ, 10 ਅਕਤੂਬਰ ਨੂੰ 1000, 30 ਅਕਤੂਬਰ ਨੂੰ 1200 ਕਰੋੜ, 7 ਨਵੰਬਰ ਨੂੰ 750 ਕਰੋੜ, 17 ਨਵੰਬਰ ਨੂੰ 400 ਕਰੋੜ, 21 ਨਵੰਬਰ ਨੂੰ 400 ਕਰੋੜ, 23 ਨਵੰਬਰ ਨੂੰ 900 ਕਰੋੜ ਤੇ 28 ਨਵੰਬਰ ਨੂੰ 2000 ਕਰੋੜ ਦਾ ਕਰਜ਼ਾ ਚੁੱਕਿਆ ਸੀ।
ਮਾਹਿਰਾਂ ਅਨੁਸਾਰ ਜੇਕਰ ਸਰਕਾਰ ਦੀ ਕਰਜ਼ਾ ਚੁੱਕਣ ਦੀ ਰਫਤਾਰ ਇਸੇ ਤਰ੍ਹਾਂ ਵਧਦੀ ਰਹੀ ਤਾਂ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ‘ਆਪ’ ਸਰਕਾਰ 2 ਲੱਖ ਕਰੋੜ ਦੇ ਕਰੀਬ ਦਾ ਹੋਰ ਵਾਧੂ ਕਰਜ਼ਾ ਸੂਬੇ ਸਿਰ ਚੜ੍ਹਾ ਦੇਵੇਗੀ। ਲੰਘੇ ਵਰ੍ਹੇ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵੀ ਪੰਜਾਬ ਸਰਕਾਰ ਤੋਂ ਪਿਛਲੇ ਸਮੇਂ ਦੌਰਾਨ ਚੁੱਕੇ ਕਰਜ਼ੇ ਦਾ ਹਿਸਾਬ ਮੰਗਿਆ ਗਿਆ ਸੀ, ਇਸ ‘ਤੇ ਸਰਕਾਰ ਨੇ ਆਪਣੇ ਜਵਾਬ ਵਿਚ ਕਿਹਾ ਸੀ ਕਿ ਸਰਕਾਰ ਪਿਛਲੀਆਂ ਸਰਕਾਰਾਂ ਵਲੋਂ ਚੁੱਕੇ ਕਰਜ਼ਿਆਂ ਦਾ ਬੋਝ ਉਤਾਰ ਰਹੀ ਹੈ, ਪਰ ਜੇਕਰ ਕਰਜ਼ੇ ਲੈ ਕੇ ਕਰਜ਼ੇ ਉਤਾਰੇ ਜਾਣੇ ਹਨ ਤਾਂ ਇਹ ਵੀ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਕਹੀ ਜਾ ਸਕਦੀ, ਸਗੋਂ ਸਰਕਾਰ ਨੂੰ ਆਪਣੇ ਦਾਅਵੇ ਅਨੁਸਾਰ ਸੂਬੇ ਦਾ ਮਾਲੀਆ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਦਿਵਾਲੀਆ ਸਰਕਾਰ ਪੰਜਾਬ ਨੂੰ ਵੀ ਕਰ ਦੇਵੇਗੀ ਦਿਵਾਲੀਆ : ਜਾਖੜ
ਪੰਜਾਬ ਸਰਕਾਰ ਵਲੋਂ ਲਗਾਤਾਰ ਕਰਜ਼ੇ ਚੁੱਕੇ ਜਾਣ ਦੇ ਮੁੱਦੇ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵੱਡੇ-ਵੱਡੇ ਝੂਠ ਬੋਲ ਕੇ ਸੱਤਾ ਵਿਚ ਆਈ ‘ਆਪ’ ਸਰਕਾਰ ਖੁਦ ਤਾਂ ਆਪਣੇ ਫਜ਼ੂਲ ਖਰਚਿਆਂ ਤੇ ਕਰੋੜਾਂ ਦੀ ਇਸ਼ਤਿਹਾਰਬਾਜ਼ੀ ਕਰਕੇ ਦਿਵਾਲੀਆ ਹੋ ਚੁੱਕੀ ਹੈ, ਪਰ ਇਸਦੇ ਨਤੀਜੇ ਪੰਜਾਬ ਨੂੰ ਵੀ ਭੁਗਤਣੇ ਪੈਣਗੇ ਤੇ ਇਹ ਸਰਕਾਰ ਜਿਸ ਤਰ੍ਹਾਂ ਪੰਜਾਬ ਸਿਰ ਕਰਜ਼ੇ ਦਾ ਬੋਝ ਦਿਨੋਂ ਦਿਨ ਵਧਾ ਰਹੀ ਹੈ, ਜਲਦੀ ਪੰਜਾਬ ਨੂੰ ਵੀ ਦਿਵਾਲੀਆ ਕਰ ਦੇਵੇਗੀ।