ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਵਿਪਾਸਨਾ’ ਲਈ ਵਿਸ਼ਾਖਾਪਟਨਮ ਪਹੁੰਚ ਗਏ ਹਨ ਅਤੇ ਉਹ ਇਕ ਹਫਤਾ ਸੂਬੇ ਤੋਂ ਗੈਰਹਾਜ਼ਰ ਹੀ ਰਹਿਣਗੇ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 10 ਦਿਨ ਹੁਸ਼ਿਆਰਪੁਰ ਵਿਖੇ ਮੈਡੀਟੇਸ਼ਨ ਕੀਤੀ ਸੀ। ਭਗਵੰਤ ਮਾਨ ਵਲੋਂ ਸੂਬੇ ਤੋਂ ਦੂਰ ਵਿਸ਼ਾਖਾਪਟਨਮ ਵਿਖੇ ਵਿਪਾਸਨਾ ਲਈ ਜਾਣ ਦਾ ਫੈਸਲਾ ਕਿਉਂ ਲਿਆ। ਇਹ ਮਾਮਲਾ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ‘ਵਿਪਾਸਨਾ’ ਲਈ ਮੁੱਖ ਮੰਤਰੀ ਜੋ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਗਏ ਹਨ, ਉਨ੍ਹਾਂ ਦਾ ਹੁਣ ਸ਼ਨੀਵਾਰ ਨੂੰ ਜਨਵਰੀ ਨੂੰ ਦਿੱਲੀ ਪਹੁੰਚਣ ਦਾ ਪ੍ਰੋਗਰਾਮ ਹੈ। ਜਿਥੋਂ ਉਹ 7 ਅਤੇ 8 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਜਾਣਗੇ, ਜਿੱਥੇ ਕਿ ਅਰਵਿੰਦ ਕੇਜਰੀਵਾਲ ਵਲੋਂ ਪਾਰਟੀ ਸਬੰਧੀ ਪ੍ਰੋਗਰਾਮ ਰੱਖੇ ਗਏ ਹਨ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਗਵੰਤ ਮਾਨ ਕਰੀਬ ਇਕ ਹਫਤਾ ਟੈਲੀਫੋਨ ‘ਤੇ ਵੀ ਉਪਲਬਧ ਨਹੀਂ ਹੋਣਗੇ। ਸਿਆਸੀ ਹਲਕਿਆਂ ਵਿਚ ਚਰਚਾ ਰਹੀ ਹੈ ਕਿ ਮੁੱਖ ਮੰਤਰੀ ਵਿਪਾਸਨਾ ਤੋਂ ਬਾਅਦ ਚੁਸਤ-ਦਰੁਸਤ ਤੇ ਸਿਹਤਮੰਦ ਹੋ ਕੇ ਆਉਣਗੇ, ਪਰੰਤੂ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਧਿਆਨ ਲਗਾਉਣ ਤੇ ‘ਵਿਪਾਸਨਾ’ ਤੋਂ ਬਾਅਦ ਉਨ੍ਹਾਂ ਦੀ ਸ਼ਖਸੀਅਤ ਅਤੇ ਰਹਿਣੀ-ਬਹਿਣੀ ਵਿਚ ਵੀ ਕੋਈ ਤਬਦੀਲੀ ਆਵੇਗੀ ਜਾਂ ਨਹੀਂ। ਉਧਰ ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਧਿਆਨ ਲਗਾਉਣ ਗਏ ਹਨ, ਇਹ ਹੈਰਾਨ ਕਰਨ ਵਾਲਾ ਫੈਸਲਾ ਲੱਗਦਾ ਹੈ। ਕਿਉਂਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਸਥਿਤ ‘ਵਿਪਾਸਨਾ’ ਕੇਂਦਰ ਵਿਚ 10 ਦਿਨ ਧਿਆਨ ਲਗਾਉਣ ਲਈ ਪਹੁੰਚੇ ਸਨ। ਜਾਖੜ ਹੋਰਾਂ ਕਿਹਾ ਕਿ ਅਜਿਹਾ ਕਰਕੇ ਮੁੱਖ ਮੰਤਰੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੁਸ਼ਿਆਰਪੁਰ ਦਾ ਧਿਆਨ ਕੇਂਦਰ ਜ਼ਿਆਦਾ ਵਧੀਆ ਨਹੀਂ ਹੈ।