76 ਸਾਲਾਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਮਿਲੇ ਭੈਣ-ਭਰਾ
ਭੈਣ-ਭਰਾ ਨੇ ਪਹਿਲਾਂ ਇਕ ਦੂਜੇ ਨੂੰ ਤਸਵੀਰਾਂ ‘ਚ ਹੀ ਦੇਖਿਆ ਸੀ
ਅੰਮ੍ਰਿਤਸਰ/ਬਿਊਰੋ ਨਿਊਜ਼ : 1947 ਦੇ ਭਾਰਤ-ਪਾਕਿ ਬਟਵਾਰੇ ਤੋਂ ਬਾਅਦ ਵਿਛੜੇ ਭਰਾ-ਭੈਣ ਹੁਣ 76 ਸਾਲਾਂ ਮਗਰੋਂ ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਮਿਲੇ ਹਨ। ਲੁਧਿਆਣਾ ਦੇ ਗੁਰਮੇਲ ਸਿੰਘ ਅਤੇ ਪਾਕਿਸਤਾਨ ਦੀ ਸ਼ਕੀਨਾ ਪਹਿਲੀ ਵਾਰ ਇਕ ਦੂਜੇ ਨੂੰ ਮਿਲੇ। ਦੋਵੇਂ ਗਲੇ ਲੱਗ ਕੇ ਫੁੱਟ-ਫੁੱਟ ਰੋਏ। ਸ਼ਕੀਨਾ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਨੂੰ ਤਸਵੀਰਾਂ ਵਿਚ ਦੇਖਿਆ ਸੀ। ਭਰਾ ਨੂੰ ਮਿਲ ਕੇ ਸ਼ਕੀਨਾ ਨੇ ਕਿਹਾ ਕਿ ਇਸ ਜਨਮ ਵਿਚ ਇਸ ਤੋਂ ਵੱਡਾ ਤੋਹਫਾ ਮੇਰੇ ਲਈ ਹੋਰ ਕੋਈ ਨਹੀਂ ਹੋ ਸਕਦਾ। ਸ਼ਕੀਨਾ ਨੇ ਦੱਸਿਆ ਕਿ 1947 ਤੋਂ ਪਹਿਲਾਂ ਉਸਦਾ ਪਰਿਵਾਰ ਲੁਧਿਆਣਾ ਦੇ ਜੱਸੋਵਾਲ ਵਿਚ ਰਹਿੰਦਾ ਸੀ। ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ, ਪਰ ਭਰਾ ਅਤੇ ਮਾਂ ਲੁਧਿਆਣਾ ਵਿਚ ਹੀ ਰਹਿ ਗਏ। ਬਾਅਦ ਵਿਚ ਦੋਵਾਂ ਦੇਸ਼ਾਂ ਦੇ ਵਿਚਾਲੇ ਸਮਝੌਤਾ ਹੋਇਆ ਸੀ ਕਿ ਲਾਪਤਾ ਵਿਅਕਤੀਆਂ ਨੂੰ ਇਕ ਦੂਜੇ ਦੇਸ਼ ‘ਚ ਭੇਜ ਦਿੱਤਾ ਜਾਵੇਗਾ। ਸ਼ਕੀਨਾ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਦੇ ਜਵਾਨ ਮੇਰੀ ਮਾਂ ਨੂੰ ਲੈਣ ਲੁਧਿਆਣਾ ਪਹੁੰਚੇ ਤਾਂ ਉਸਦਾ 4 ਸਾਲ ਦਾ ਭਰਾ ਘਰ ਨਹੀਂ ਸੀ। ਮਾਂ ਨੇ ਬਹੁਤ ਲੱਭਿਆ, ਪਰ ਉਹ ਨਹੀਂ ਮਿਲਿਆ। ਫੌਜ ਮੇਰੇ ਭਰਾ ਨੂੰ ਛੱਡ ਕੇ ਮਾਂ ਨੂੰ ਪਾਕਿਸਤਾਨ ਲੈ ਆਈ। ਸ਼ਕੀਨਾ ਨੇ ਕਿਹਾ ਕਿ ਮੈਂ ਬਟਵਾਰੇ ਤੋਂ ਬਾਅਦ 1955 ਵਿਚ ਪਾਕਿਸਤਾਨ ਵਿਚ ਪੈਦਾ ਹੋਈ ਸੀ ਅਤੇ ਇਸ ਸਮੇਂ ਪਾਕਿਸਤਾਨ ਦੇ ਸ਼ਿਵਪੁਰਾ ਵਿਚ ਰਹਿੰਦੀ ਹਾਂ।
ਸ਼ਕੀਨਾ ਨੇ ਦੱਸਿਆ ਕਿ ਪਹਿਲਾਂ ਤਾਂ ਉਸਦਾ ਭਰਾ ਚਿੱਠੀਆਂ ਭੇਜਦਾ ਸੀ ਅਤੇ ਮਾਂ ਵੀ ਜਵਾਬ ਦਿੰਦੀ ਸੀ। ਜਦੋਂ ਉਹ ਢਾਈ ਸਾਲਾਂ ਦੀ ਸੀ ਤਾਂ ਮਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਚਿੱਠੀਆਂ ਵੀ ਬੰਦ ਹੋ ਗਈਆਂ। ਵੱਡੀ ਹੋਈ ਤਾਂ ਪਿਤਾ ਨੇ ਦੱਸਿਆ ਕਿ ਉਸਦਾ ਭਰਾ ਹਿੰਦੁਸਤਾਨ ਵਿਚ ਹੈ। ਮੈਂ ਉਸ ਨੂੰ ਸਿਰਫ ਤਸਵੀਰਾਂ ਵਿਚ ਦੇਖਦੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਕ ਹੀ ਰਿਸ਼ਤਾ ਰਹਿ ਗਿਆ ਸੀ, ਪਰ ਉਹ ਵੀ ਕੋਹਾਂ ਦੂਰ ਸੀ।
2022 ਤੋਂ ਪਹਿਲਾਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਉਸਦੀ ਭੈਣ ਵੀ ਹੈ : ਗੁਰਮੇਲ ਸਿੰਘ
ਲੁਧਿਆਣਾ ਦੇ ਪਿੰਡ ਜੱਸੋਵਾਲ ਦੇ ਰਹਿਣ ਵਾਲੇ ਗੁਰਮੇਲ ਸਿੰਘ (80) ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸਦੀ ਕੋਈ ਭੈਣ ਵੀ ਹੈ। ਮੇਰੀ ਇਕ ਬੇਟੀ ਅਤੇ ਪਤਨੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੀ ਭੈਣ ਵੀ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਸ਼ੁੱਕਰ ਹੈ ਕਿ ਇਸ ਦੁਨੀਆ ਵਿਚ ਉਸਦਾ ਕੋਈ ਤਾਂ ਹੈ। ਅਗਸਤ 2022 ਵਿਚ ਗੁਰਮੇਲ ਸਿੰਘ ਨੇ ਆਪਣਾ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਆਪਣੀ ਭੈਣ ਨੂੰ ਮਿਲਣ ਲਈ ਯਤਨ ਸ਼ੁਰੂ ਕੀਤੇ। ਗੁਰਮੇਲ ਸਿੰਘ ਨੇ 76 ਸਾਲਾਂ ਤੋਂ ਬਾਅਦ ਕਿਸੇ ਆਪਣੇ ਨੂੰ ਗਲੇ ਲਗਾਇਆ ਹੈ।
ਦਾਮਾਦ ਦੀਆਂ ਕੋਸ਼ਿਸ਼ਾਂ ਨਾਲ ਭਰਾ ਨੂੰ ਮਿਲ ਸਕੀ ਹਾਂ : ਸ਼ਕੀਨਾ
ਸ਼ਕੀਨਾ ਨੇ ਦੱਸਿਆ ਕਿ ਬੇਟੀ ਦੇ ਪਤੀ ਨੂੰ ਮੇਰੀ ਕਹਾਣੀ ਪਤਾ ਲੱਗੀ ਤਾਂ ਉਸ ਨੇ ਮੱਦਦ ਕੀਤੀ। ਮਾਂ ਦੀ ਮੌਤ ਤੋਂ ਪਹਿਲਾਂ ਆਈਆਂ ਚਿੱਠੀਆਂ ਦੇ ਸਹਾਰੇ ਸੋਸ਼ਲ ਮੀਡੀਆ ‘ਤੇ ਲੱਭਣਾ ਸ਼ੁਰੂ ਕੀਤਾ। 2022 ਦੇ ਅਖੀਰ ਵਿਚ ਭਰਾ ਨੂੰ ਲੱਭ ਹੀ ਲਿਆ ਅਤੇ ਪਹਿਲੀ ਵਾਰ ਵੀਡੀਓ ਕਾਲ ‘ਤੇ ਗੱਲ ਕੀਤੀ। ਫਿਰ ਗੱਲ ਹੋਣ ਲੱਗੀ, ਦੋਵਾਂ ਪਰਿਵਾਰਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਇਕੱਠੇ ਹੋਣ ਦੀ ਗੱਲ ਕਰੀ ਸੀ।