ਅੰਮ੍ਰਿਤਸਰ : ਉੱਤਰਾਖੰਡ ਵਿਚ ਕਰੀਬ 15000 ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਸ਼ਨੀਵਾਰ ਨੂੰ ਸੰਗਤ ਵਾਸਤੇ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਸਾਲਾਨਾ ਯਾਤਰਾ ਆਰੰਭ ਹੋ ਗਈ ਹੈ। ਯਾਤਰਾ ਦੇ ਪਹਿਲੇ ਦਿਨ ਕਰੀਬ 3500 ਤੋਂ ਵੱਧ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕੀਤੇ। ਸਵੇਰ ਵੇਲੇ ਪਹਿਲਾਂ ਗੁਰਮਤਿ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁਖਾਸਨ ਵਾਲੇ ਅਸਥਾਨ ਤੋਂ ਪ੍ਰਕਾਸ਼ ਅਸਥਾਨ ‘ਤੇ ਲਿਆਂਦਾ ਗਿਆ। ਪਾਠ ਉਪਰੰਤ ਪਹਿਲੀ ਅਰਦਾਸ ਕੀਤੀ ਗਈ ਅਤੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਭਾਰਤੀ ਫੌਜ ਦੇ ਜਵਾਨ ਵੀ ਹਾਜ਼ਰ ਸਨ।