Breaking News
Home / ਹਫ਼ਤਾਵਾਰੀ ਫੇਰੀ / ਬਿਡੇਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ

ਬਿਡੇਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ

ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਬਣ ਰਚਿਆ ਇਤਿਹਾਸ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ
ਜੋ ਬਿਡੇਨ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਸਮਾਗਮ ਦੌਰਾਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਜਦੋਂਕਿ ਕਮਲਾ ਹੈਰਿਸ ਨੇ 49ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। 58 ਸਾਲਾ ਕਮਲਾ ਹੈਰਿਸ ਇਸ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਮਹਿਲਾ, ਪਹਿਲੀ ਅਸ਼ਵੇਤ ਅਤੇ ਪਹਿਲੀ ਏਸ਼ਿਆਈ ਅਮਰੀਕੀ ਬਣ ਗਈ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੂੰ ਰੋਕਣ ਲਈ ਅਮਰੀਕਾ ਦੀ ਕੈਪੀਟਲ (ਸੰਸਦ ਭਵਨ) ਵਿੱਚ ਤੇ ਆਲੇ-ਦੁਆਲੇ ਹਜ਼ਾਰਾਂ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਜਦਕਿ ਡੋਨਾਲਡ ਟਰੰਪ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਅਤੇ ਆਖ਼ਰੀ ਵਾਰ ਰਾਸ਼ਟਰਪਤੀ ਵਜੋਂ ਵਾਈਟ ਹਾਊਸ ਤੋਂ ਵਿਦਾਇਗੀ ਲੈਂਦਿਆਂ ਜਹਾਜ਼ ਰਾਹੀਂ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ਲਈ ਰਵਾਨਾ ਹੋਏ। ਡੈਮੋਕਰੈਟਿਕ ਆਗੂ ਬਿਡੇਨ ਨੂੰ ਪ੍ਰਮੁੱਖ ਜਸਟਿਸ ਜੌਨ ਰੌਬਰਟਸ ਨੇ ਕੈਪੀਟਲ ਬਿਲਡਿੰਗ ਦੇ ‘ਵੈਸਟ ਫਰੰਟ’ ‘ਚ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।ਆਪਣੇ ਉਦਘਾਟਨੀ ਭਾਸ਼ਣ ਵਿੱਚ ਜੋਅ ਬਾਈਡਨ ਨੇ ਏਕਤਾ ਰੱਖਣ ਲਈ ਕਿਹਾ। ਨਵੇਂ ਰਾਸ਼ਟਰਪਤੀ ਨੇ ਕਿਹਾ, ”ਰਾਜਨੀਤੀ ਨੂੰ ਇਕ ਭੜਕੀ ਹੀ ਅੱਗ ਦੀ ਜ਼ਰੂਰਤ ਨਹੀਂ ਹੈ ਜੋ ਇਸ ਦੇ ਰਾਹ ਦੀ ਹਰ ਚੀਜ ਨੂੰ ਨਸ਼ਟ ਕਰ ਦੇਵੇ” ”ਸਾਨੂੰ ਇਸ ਵਿਨਾਸ਼ ਵਾਲੇ ਯੁੱਧ ਨੂੰ ਖਤਮ ਕਰਨਾ ਚਾਹੀਦਾ ਹੈ।” ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਜੋਅ ਬਾਈਡਨ ਨੂੰ ਉਸ ਸਮੇਂ ਵਾਗਡੋਰ ਮਿਲ ਰਹੀ ਹੈ ਜਦੋਂ ਅਮਰੀਕਾ ਕਈ ਮਸਲਿਆਂ ‘ਚ ਘਿਅਰਿਆ ਹੋਇਆ ਹੈ, ਜਿਨਾਂ ‘ਚ ਖਾਸ ਤੌਰ ਤੇ ਘਰੇਲੂ ਕਲੇਸ਼, ਕਰੋਨਾ ਵਾਇਰਸ ਦਾ ਪਰਕੋਪ, ਇਕਾਨਮੀ, ਇਮੀਗ੍ਰੇਸ਼ਨ, ਵਿਦੇਸ਼ੀ ਮਸਲੇ ਅਤੇ ਟਰੰਪ ਵਲੋਂ ਬਾਈਕਾਟ ਕੀਤੇ ਗਏ ਅਰਬੀ ਦੇਸ਼ ਆਦਿ। ਬਿਨਾ ਸ਼ੱਕ ਆਲਮੀ ਪੜਾਅ ‘ਤੇ ਉਸਦਾ ਕੰਮ ਵੀ ਮੁਸ਼ਕਲ ਹੋਵੇਗਾ। ਵਿਸ਼ਵ ਦੇ ਨੇਤਾਵਾਂ ਨੇ ਬਿਡੇਨ ਦੇ ਨਵੇਂ ਰਾਸ਼ਟਰਪਤੀ ਬਣਨ ਤੇ ਵਧਾਈ ਦਿੱਤੀ, ਤੇ ਵਿਦੇਸ਼ੀ ਮਾਮਲਿਆਂ ਵਿਚ ਕੁਝ ਨੀਤੀਆਂ ਨੂੰ ਉਲਟਾਉਣ ਦੀ ਅਪੀਲ ਵੀ ਕੀਤੀ।
ਟਰੰਪ ਸਹੁੰ ਚੁੱਕ ਸਮਾਗਮ ‘ਚ ਨਹੀਂ ਹੋਏ ਸ਼ਾਮਿਲ : ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਦੇ ਸਹੁੰ ਚੁੱਕ ਸਮਾਗਮ ‘ਚ ਡੋਨਾਲਡ ਟਰੰਪ ਸ਼ਾਮਿਲ ਨਹੀਂ ਹੋਏ। ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਕ ਨਿਵਾਸ ਵਾਈਟ ਹਾਊਸ ਨੂੰ ਛੱਡਣ ਤੋਂ ਬਾਅਦ ਟਰੰਪ ਨੇ ਫਲੋਰੀਡਾ ‘ਚ ਪਾਮ ਬੀਚ ਸਮੁੰਦਰੀ ਕੰਢੇ ‘ਤੇ ਸਥਿਤ ਮਾਰ-ਏ-ਲਾਗੋ ਨੂੰ ਆਪਣਾ ਸਥਾਈ ਨਿਵਾਸ ਬਣਾਉਣ ਲਈ ਹਵਾਈ ਉਡਾਣ ‘ਚ ਸਵਾਰ ਹੋਏ। ਜ਼ਿਕਰਯੋਗ ਹੈ ਕਿ 74 ਸਾਲਾ ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਬਾਈਡਨ ਦੇ ਰਾਸ਼ਟਰਪਤੀ ਵਜੋਂ ਤੇ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਵਜੋਂ ਹੋਣ ਵਾਲੇ ਤਾਜਪੋਸ਼ੀ ਸਮਾਗਮ ‘ਚ ਹਿੱਸਾ ਨਹੀਂ ਲੈਣਗੇ। ਇਸ ਦੇ ਨਾਲ ਹੀ ਟਰੰਪ 1869 ਤੋਂ ਬਾਅਦ ਐਂਡਰੀਊ ਜਾਨਸਨ ਤੋਂ ਬਾਅਦ ਪਹਿਲੇ ਰਾਸ਼ਟਰਪਤੀ ਹਨ, ਜੋ ਆਪਣੇ ਉੱਤਰਾਧਿਕਾਰੀ ਦੇ ਉਦਘਾਟਨੀ ਸਮਾਗਮ ‘ਚ ਸ਼ਾਮਿਲ ਨਹੀਂ ਹੋਏ। ਟਰੰਪ ਇਕ ਰਿਪਬਲੀਕਨ ਵਜੋਂ 1992 ਤੋਂ ਬਾਅਦ ਫਿਰ ਚੋਣ ਹਾਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਵੀ ਹਨ।
ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ‘ਤੇ ਜੋ ਬਿਡੇਨ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ-ਅਮਰੀਕਾ ਦੀ ਭਾਈਵਾਲੀ ਨੂੰ ਹੋਰ ਉਚਾਈਆਂ ਤੱਕ ਲਿਜਾਣ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹਨ। ਨਰਿੰਦਰ ਮੋਦੀ ਨੇ ਟਵੀਟ ‘ਚ ਜੋ ਬਿਡੇਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ‘ਤੇ ਦਿਲੀ ਵਧਾਈ ਦਿੰਦਿਆਂ ਭਾਰਤ-ਅਮਰੀਕਾ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਕਾਮਨਾ ਕੀਤੀ।
ਬਿਡੇਨ ਦੀ ਟੀਮ ‘ਚ 20 ਭਾਰਤੀ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਨੇ ਆਪਣੀ ਕੈਬਨਿਟ ‘ਚ ਭਾਰਤੀ ਮੂਲ ਦੇ 20 ਅਮਰੀਕੀਆਂ ਨੂੰ ਜਗ੍ਹਾ ਦਿੱਤੀ ਹੈ। ਇਨ੍ਹਾਂ ‘ਚ ਬਹੁਗਿਣਤੀ ਮਹਿਲਾਵਾਂ ਵੀ ਸ਼ਾਮਲ ਹਨ। ਇਨ੍ਹਾਂ ‘ਚ ਕਮਲਾ ਹੈਰਿਸ, ਨੀਰਾ ਟੰਡਨ, ਵਿਵੇਕ ਮੂਰਤੀ ਆਇਸ਼ਾ ਸ਼ਾਹ, ਸਮੀਰਾ ਫਜ਼ੀਲੀ, ਭਾਰਤ ਰਾਮਾਮੂਰਤੀ, ਨੇਹਾ ਗੁਪਤਾ, ਸੋਨੀਆ ਅਗਰਵਾਲ, ਤਰੁਣ ਛਾਬੜਾ, ਸ਼ਾਂਤੀ ਕਲਾਬਿਲ, ਸਮੋਨਾ ਗੂਹਾ, ਵੇਦਾਂਤ ਪਟੇਲ, ਵਿਨੇ ਰੈਡੀ, ਗੌਤਮ ਰਾਘਵਨ, ਊਰਾ ਜੇਯਾ, ਵਨੀਤਾ ਗੁਪਤਾ, ਮਾਲਾ ਅਡਿਗਾ, ਗਰਿਮਾ ਵਰਮਾ, ਸਬਰੀਨਾ ਸਿੰਘ ਤੇ ਰੀਮਾ ਸ਼ਾਹ ਸ਼ਾਮਲ ਹਨ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …