Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ, ਅਮਰੀਕਾ ਤੇ ਭਾਰਤ ਸਮੇਤ 77 ਦੇਸ਼ਾਂ ‘ਚ ਕੋਰੋਨਾ ਦੀ ਦਹਿਸ਼ਤ

ਕੈਨੇਡਾ, ਅਮਰੀਕਾ ਤੇ ਭਾਰਤ ਸਮੇਤ 77 ਦੇਸ਼ਾਂ ‘ਚ ਕੋਰੋਨਾ ਦੀ ਦਹਿਸ਼ਤ

ਕੋਰੋਨਾ ਤੇ ਕੈਨੇਡਾ-ਪੜ੍ਹੋ ਜੀਟੀਏ ‘ਤੇ
ਕੈਨੇਡਾ ‘ਚ ਕੋਰੋਨਾ ਦੇ 27 ਮਾਮਲੇ ਚਰਚਾ ਵਿਚ
ਉਨਟਾਰੀਓ ‘ਚ ਹੀ ਕੋਰੋਨਾ ਦੇ 18 ਸ਼ੱਕੀ ਮਰੀਜ਼
ਟਰੂਡੋ ਨੇ ਸੰਜਮ ਵਰਤਣ ਦੀ ਕੀਤੀ ਅਪੀਲ
ਨਜ਼ਰਸਾਨੀ ਲਈ ਨਵੀਂ ਕੈਬਨਿਟ ਕਮੇਟੀ ਦਾ ਗਠਨ
ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਕੈਨੇਡਾ, ਅਮਰੀਕਾ ਤੇ ਭਾਰਤ ਸਮੇਤ 77 ਦੇਸ਼ਾਂ ਤੱਕ ਜਾ ਪਹੁੰਚਿਆ ਹੈ। ਭਾਰਤ ਵਿਚ ਵੀ ਇਸ ਵਾਇਰਸ ਦੇ 30 ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਕੈਨੈਡਾ ਵਿਚ ਵੀ 27 ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਅਖਬਾਰ ਪ੍ਰਕਾਸ਼ਿਤ ਹੋਣ ਤੱਕ ਵਧ ਘਟ ਵੀ ਸਕਦੀ ਹੈ। ਭਾਰਤੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਸੇ ਦੌਰਾਨ ਚੰਡੀਗੜ੍ਹ ਦੇ ਸਿਹਤ ਵਿਭਾਗ ਨੇ ਵੀ ਨੋਟਿਸ ਜਾਰੀ ਕੀਤਾ ਹੈ ਕਿ 15 ਜਨਵਰੀ ਤੋਂ ਬਾਅਦ ਚੀਨ ਤੋਂ ਪਰਤੇ ਹਰ ਨਾਗਰਿਕ ਦੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਰਕੇ ਰਾਸ਼ਟਰਪਤੀ ਭਵਨ ਵਿਚ ਇਸ ਵਾਰ ਰਵਾਇਤੀ ਹੋਲੀ ਸਮਾਰੋਹ ਵੀ ਨਹੀਂ ਹੋਵੇਗਾ। ਇਸ ਦੇ ਚੱਲਦਿਆਂ ਲੋਕਾਂ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਡਰ ਇਸ ਕਦਰ ਬੈਠ ਗਿਆ ਹੈ ਕਿ ਲੋਕ ਇਕ ਦੂਸਰੇ ਤੋਂ ਦੂਰੀਆਂ ਬਣਾ ਰਹੇ ਹਨ ਅਤੇ ਹੱਥ ਮਿਲਾਉਣ ਤੋਂ ਵੀ ਪਾਸਾ ਵੱਟ ਰਹੇ ਹਨ। ਉਧਰ ਚੀਨ, ਫਰਾਂਸ, ਬ੍ਰਾਜ਼ੀਲ, ਸਪੇਨ, ਜਰਮਨੀ ਅਤੇ ਪੋਲੈਂਡ ਵਿਚ ਸਰਕਾਰਾਂ ਨੇ ਹਦਾਇਤ ਦਿੱਤੀ ਹੈ ਕਿ ਹੱਥ ਮਿਲਾਉਣ ਦਾ ਕੰਮ ਕੁਝ ਸਮੇਂ ਤੱਕ ਛੱਡ ਦਿੱਤਾ ਜਾਵੇ। ਅਮਰੀਕਾ ਦੇ ਵਾਸ਼ਿੰਗਟਨ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ, ਜਿਸ ਕਾਰਨ ਇਥੇ 4 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਕਾਰਨ ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਛੇ ਮਰੀਜ਼ਾਂ ਦੀ ਮੌਤ ਕਿਰਕਲੈਂਡ ਦੇ ਐਵਰਗ੍ਰੀਨ ਹੈਲਥ ਮੈਡੀਕਲ ਸੈਂਟਰ ਵਿਖੇ ਹੋਈ ਹੈ।
ਕੋਰੋਨਾ ਵਾਇਰਸ ਦੇ ਡਰੋਂ ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲ 31 ਮਾਰਚ ਤੱਕ ਬੰਦ
ਮੋਦੀ ਨੇ ਬੈਲਜ਼ੀਅਮ ਦਾ ਦੌਰਾ ਕੀਤਾ ਰੱਦ
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਡਰੋਂ ਦਿੱਲੀ ਸਰਕਾਰ ਨੇ ਆਪਣੇ ਸਾਰੇ ਦਫਤਰਾਂ ਵਿਚ ਬਾਇਓ ਮੀਟਰਿਕ ਹਾਜ਼ਰੀ ‘ਤੇ ਰੋਕ ਲਗਾ ਦਿੱਤੀ ਹੈ । ਇਸ ਦੇ ਚੱਲਦਿਆਂ ਦਿੱਲੀ ਦੇ ਪ੍ਰਾਇਮਰੀ ਤੱਕ ਦੇ ਸਾਰੇ ਸਕੂਲ 31 ਮਾਰਚ ਤੱਕ ਬੰਦ ਕਰ ਦਿੱਤੇ ਹਨ। ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਲਜ਼ੀਅਮ ਦਾ ਦੌਰਾ ਵੀ ਰੱਦ ਕਰ ਦਿੱਤਾ। ਇਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਸੰਸਦ ਵਿਚ ਬਿਆਨ ਵੀ ਦਿੱਤਾ। ਉਨ੍ਹਾਂ ਰਾਜ ਸਭਾ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੇ 30 ਸ਼ੱਕੀ ਮਰੀਜ਼ਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ।
ਸ੍ਰੀ ਹਰਿਮੰਦਰ ਸਾਹਿਬ ‘ਚ ਵੀ ਕੋਰੋਨਾ ਵਾਇਰਸ ਸਬੰਧੀ ਲੱਗੇ ਜਾਂਚ ਕੈਂਪ
ਅੰਮ੍ਰਿਤਸਰ : ਕੋਰੋਨਾ ਵਾਇਰਸ ਪ੍ਰਤੀ ਇਹਤਿਆਤ ਵਰਤਦਿਆਂ ਸਿਹਤ ਵਿਭਾਗ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਆਉਂਦੇ ਦੇਸ਼-ਵਿਦੇਸ਼ ਦੇ ਯਾਤਰੂਆਂ ਦੀ ਜਾਂਚ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ‘ਚ ਵੀ ਅਜਿਹੇ ਜਾਂਚ ਕੇਂਦਰ ਸਥਾਪਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਅਟਾਰੀ ਸਰਹੱਦ ‘ਤੇ ਅਜਿਹੇ ਜਾਂਚ ਕੈਂਪ ਸਥਾਪਤ ਕੀਤੇ ਗਏ ਹਨ। ਖਾਸ ਕਰਕੇ ਚੀਨ, ਸਿੰਗਾਪੁਰ, ਇਟਲੀ ਅਤੇ ਹੋਰ ਮੁਲਕਾਂ ਤੋਂ ਆਉਣ ਵਾਲੇ ਯਾਤਰੂਆਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਅੰਮ੍ਰਿਤਸਰ ਵਿਚ ਧਾਰਮਿਕ ਸੈਰ ਸਪਾਟੇ ਤਹਿਤ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਯਾਤਰੂ ਆਉਂਦੇ ਹਨ।

Check Also

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ’ਚਰੇਤਮਾਈਨਿੰਗਨੂੰਲੈ ਕੇ ਈਡੀ ਦੇ ਛਾਪੇ

ਚੰਨੀ ਦੇ ਭਾਣਜੇ ਕੋਲੋਂ ਮਿਲੀ 10 ਕਰੋੜ ਤੋਂ ਵੱਧ ਦੀ ਨਗਦੀ ਨੋਟ ਗਿਣਨ ਲਈ ਈਡੀ …