10.4 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਬਾਰਾਂ ਬੋਰ ਦਾ ਫਾਇਰ ਬਣਿਆ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦਾ ਕਾਰਨ!

ਬਾਰਾਂ ਬੋਰ ਦਾ ਫਾਇਰ ਬਣਿਆ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦਾ ਕਾਰਨ!

ਪੁਲਿਸ ਨੇ ਅਜੇ ਨਸ਼ਰ ਨਹੀਂ ਕੀਤੀ ਪੋਸਟਮਾਰਟਮ ਦੀ ਰਿਪੋਰਟ
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ‘ਚ ਪੰਜਾਬ ਹਰਿਆਣਾ ਦੀ ਹੱਦ ‘ਤੇ 21 ਫਰਵਰੀ 2024 ਨੂੰ ਸਿਰ ‘ਚ ਗੋਲ਼ੀ ਲੱਗਣ ਕਾਰਨ ਮੌਤ ਦੇ ਮੂੰਹ ਪਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਭਾਵੇਂ 29 ਫਰਵਰੀ ਦੀ ਰਾਤ ਨੂੰ ਕਰ ਦਿੱਤਾ ਗਿਆ ਸੀ ਪਰ ਅਜੇ ਅਧਿਕਾਰਤ ਤੌਰ ‘ਤੇ ਪੋਸਟਮਾਰਟਮ ਦੀ ਰਿਪੋਰਟ ਨਸ਼ਰ ਨਹੀਂ ਕੀਤੀ ਗਈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਤਿਆਰ ਹੋ ਚੁੱਕੀ ਹੈ ਜਿਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਸ਼ੁਭਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲ਼ੀ ਨਹੀਂ ਸੀ ਕਿਉਂਕਿ ਉਸ ਦੇ ਸਿਰ ਵਿਚੋਂ ਧਾਤ ਦੇ ਕਈ ਛੱਰ੍ਹੇ ਮਿਲੇ ਹਨ ਜਦੋਂ ਕਿ ਰਬੜ ਦੀ ਗੋਲ਼ੀ ‘ਚ ਇਹ ਨਹੀਂ ਹੁੰਦੇ। ਸੂਤਰਾਂ ਮੁਤਾਬਿਕ ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ‘ਚ ਮੌਤ ਦਾ ਕਾਰਨ ‘ਗੰਨ ਇੰਜਰੀ’ ਦਰਸਾਇਆ ਗਿਆ ਹੈ। ਰਿਪੋਰਟ ‘ਚ ਇਹ ਵੀ ਜ਼ਿਕਰ ਹੈ ਕਿ ਉਸ ਦੇ ਸਿਰ ਵਿਚੋਂ ਮਿਲੇ ਛੱਰ੍ਹੇ ਧਾਤ ਦੇ ਹਨ। ਰਿਪੋਰਟ ਇਹ ਵੀ ਦੱਸਦੀ ਹੈ ਕਿ ਨੌਜਵਾਨ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ। ਦੱਸਣਯੋਗ ਹੈ ਕਿ ਰਾਜਿੰਦਰਾ ਹਸਪਤਾਲ ਵੱਲੋਂ ਪੋਸਟਮਾਰਟਮ ਰਿਪੋਰਟ ਛੱਰ੍ਹਿਆਂ ਸਮੇਤ ਸਥਾਨਕ ਪੁਲਿਸ ਨੂੰ ਸੌਂਪ ਦਿਤੀ ਗਈ ਹੈ। ਇਹ ਛੱਰ੍ਹੇ ਆਖਰ ਕਿਹੜੇ ਹਥਿਆਰ ਦੇ ਹਨ, ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਦਾ ਅਧਿਕਾਰ ਹੁਣ ਪੁਲਿਸ ਦਾ ਹੈ। ਅਜਿਹੀ ਸਮੱਗਰੀ ਨੂੰ ਜਾਂਚ ਲਈ ਫਿਲੌਰ ਅਕੈਡਮੀ ਜਾਂ ਮੁਹਾਲੀ ਸਥਿਤ ਸੂਬਾਈ ਲੈਬ ਵਿਚ ਭੇਜਿਆ ਜਾਂਦਾ ਹੈ। ਇਨ੍ਹਾਂ ਛਰ੍ਹਿਆਂ ਦੇ ਡਾਇਆਮੀਟਰ ਦਾ ਪਤਾ ਲੱਗਣ ‘ਤੇ ਹੀ ਅਧਿਕਾਰਤ ਤੌਰ ‘ਤੇ ਸਪੱਸ਼ਟ ਹੋਵੇਗਾ ਕਿ ਇਹ ਛਰ੍ਹੇ ਕਿਹੜੀ ਗੰਨ ਦੇ ਹਨ।
ਕਿਸਾਨ ਅੰਦੋਲਨ ਨੂੰ ਲੈ ਕੇ ਹਾਈਕੋਰਟ ਹੋਇਆ ਸਖਤ
ਚੰਡੀਗੜ੍ਹ : ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਿਛਲੇ 24 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਪੰਜਾਬ ਹਰਿਆਣਾ ਹਾਈਕੋਰਟ ਸਖ਼ਤ ਹੋ ਗਿਆ ਹੈ। ਕਿਸਾਨ ਆਗੂਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇਸ ਅੰਦੋਲਨ ਵਿਚ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਹਾਈ ਕੋਰਟ ਨੇ ਅੱਗੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਹੀ ਰਾਜ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਰਹੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਅੰਦੋਲਨ ਵਿਚ ਸ਼ਾਮਿਲ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਚੇਨੱਈ ਭੇਜ ਦੇਣਾ ਚਾਹੀਦਾ ਹੈ। ਅਦਾਲਤ ਨੇ ਕਿਸਾਨ ਆਗੂਆਂ ਨੂੰ ਸਵਾਲ ਪੁੱਛਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਕੀ ਕੋਈ ਜੰਗ ਕਰਨਾ ਚਾਹੁੰਦੇ ਹਨ। ਅਦਾਲਤ ਨੇ ਕਿਸਾਨ ਆਗੂਆਂ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਤੁਹਾਨੂੰ ਅਦਾਲਤ ਵਿਚ ਖੜੇ ਹੋਣ ਦਾ ਵੀ ਕੋਈ ਅਧਿਕਾਰ ਨਹੀਂ ਹੈ।

 

RELATED ARTICLES
POPULAR POSTS