Breaking News
Home / ਹਫ਼ਤਾਵਾਰੀ ਫੇਰੀ / ਫੈਡਰਲ ਸਰਕਾਰ ਨੇ ਬਜ਼ੁਰਗਾਂ, ਔਰਤਾਂ, ਨੌਜਵਾਨਾਂ ਸਮੇਤ ਸਭ ਵਰਗਾਂ ਨੂੰ ਬਜਟ ਰਾਹੀਂ ਕੀਤਾ ਖੁਸ਼

ਫੈਡਰਲ ਸਰਕਾਰ ਨੇ ਬਜ਼ੁਰਗਾਂ, ਔਰਤਾਂ, ਨੌਜਵਾਨਾਂ ਸਮੇਤ ਸਭ ਵਰਗਾਂ ਨੂੰ ਬਜਟ ਰਾਹੀਂ ਕੀਤਾ ਖੁਸ਼

ਕੈਨੇਡਾ ਰਿਕਵਰੀ ਪਲੈਨ ਹੁਣ 50 ਹਫਤਿਆਂ ਲਈ, ਵੇਜ਼ ਸਬਸਿਡੀ ਅਤੇ ਰੈਂਟ ਸਬਸਿਡੀ 25 ਸਤੰਬਰ ਤੱਕ ਰਹੇਗੀ ਜਾਰੀ
ਟੋਰਾਂਟੋ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਪੇਸ਼ ਕੀਤੇ ਗਏ ਇਤਿਹਾਸਕ ਬਜਟ ਵਿੱਚ ਫੈਡਰਲ ਸਰਕਾਰ ਨੇ ਕੋਵਿਡ-19 ਦੀ ਤੀਜੀ ਵੇਵ ਦੌਰਾਨ ਦੇਸ਼ ਦੀ ਮਦਦ ਕਰਨ ਤੇ ਮਹਾਂਮਾਰੀ ਤੋਂ ਬਾਅਦ ਆਰਥਿਕ ਰਿਕਵਰੀ ਨੂੰ ਹੁਲਾਰਾ ਦੇਣ ਲਈ 101.4 ਬਿਲੀਅਨ ਡਾਲਰ ਹੋਰ ਖਰਚਣ ਦਾ ਟੀਚਾ ਮਿਥਿਆ। ਪੇਸ਼ ਕੀਤੇ ਗਏ ਫੈਡਰਲ ਬਜਟ ਵਿੱਚ ਫੈਡਰਲ ਲਿਬਰਲਾਂ ਨੇ ਕੈਨੇਡੀਅਨ ਅਰਥਚਾਰੇ ਦੇ ਪੁਨਰ ਨਿਰਮਾਣ ਵਿੱਚ ਸਾਰੇ ਕੈਨੇਡੀਅਨਾਂ ਨੂੰ ਨਾਲ ਲੈ ਕੇ ਤੁਰਨ ਦਾ ਫੈਸਲਾ ਕੀਤਾ। ਇਸ ਦੌਰਾਨ ਪੈਨਡੈਮਿਕ ਬਿਜ਼ਨਸ ਤੇ ਹੈਲਥ ਸਪੋਰਟ ਵਿੱਚ ਵਾਧੇ ਦੇ ਨਾਲ-ਨਾਲ ਕੌਮੀ ਚਾਈਲਡ ਕੇਅਰ ਪਲੈਨ ਲਈ 30 ਬਿਲੀਅਨ ਡਾਲਰ ਦੇਣ, ਫੈਡਰਲ ਪੱਧਰ ਉੱਤੇ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧੇ, ਗ੍ਰੀਨ ਨਿਵੇਸ਼ ਵਿੱਚ 17.6 ਬਿਲੀਅਨ ਡਾਲਰ ਦੇਣ ਦਾ ਵਾਅਦਾ ਵੀ ਕੀਤਾ। ਇਸ ਬਜਟ ਨੂੰ ਟਾਈਟਲ ਦਿੱਤਾ ਗਿਆ-”ਰੋਜ਼ਗਾਰ, ਵਿਕਾਸ ਤੇ ਸੁਲ੍ਹਾ ਲਈ ਰਿਕਵਰੀ ਪਲੈਨ।”
ਇਸ ਬਜਟ ਵਿੱਚ ਸਾਲ 2020 ਦੌਰਾਨ 354.2 ਬਿਲੀਅਨ ਡਾਲਰ ਦਾ ਘਾਟਾ ਪੈਣ ਦੀ ਗੱਲ ਆਖੀ ਗਈ ਤੇ ਇਹ ਵੀ ਆਖਿਆ ਗਿਆ ਕਿ 2021-22 ਵਿੱਤੀ ਵਰ੍ਹੇ ਦੌਰਾਨ ਇਹ ਘਾਟਾ ਘਟ ਕੇ 154.7 ਬਿਲੀਅਨ ਡਾਲਰ ਰਹਿ ਜਾਵੇਗਾ। ਸਰਕਾਰ ਨੇ ਆਖਿਆ ਕਿ ਗਲੋਬਲ ਪੱਧਰ ਉੱਤੇ ਹੀ ਮਜ਼ਬੂਤ ਆਰਥਿਕ ਰਿਕਵਰੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਕਾਰਨ ਘਾਟੇ ਵਿੱਚ ਕਮੀ ਆਵੇਗੀ। ਪ੍ਰੈੱਸ ਕਾਨਫਰੰਸ ਦੌਰਾਨ ਫਰੀਲੈਂਡ ਨੇ ਆਖਿਆ ਕਿ ਇਹ ਬਜਟ ਸਮਾਰਟ, ਜ਼ਿੰਮੇਵਾਰ, ਰੋਜ਼ਗਾਰ ਤੇ ਵਿਕਾਸ ਲਈ ਤਾਂਘਵਾਣ ਹੈ ਤੇ ਕੋਵਿਡ-19 ਕਾਰਨ ਪੈਦਾ ਹੋਏ ਮੰਦਵਾੜੇ ਦੇ ਜ਼ਖ਼ਮਾਂ ਨੂੰ ਭਰਨ ਲਈ ਤਿਆਰ ਕੀਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਇਸ ਨੂੰ ਸਥਾਈ ਤੌਰ ਉੱਤੇ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਫੈਡਰਲ ਵੇਜ ਤੇ ਰੈਂਟ ਸਬਸਿਡੀਜ਼ ਦੇ ਨਾਲ-ਨਾਲ ਲਾਕਡਾਊਨ ਦੌਰਾਨ ਕੀਤੀ ਜਾਣ ਵਾਲੀ ਮਦਦ ਨੂੰ ਵੀ ਜਾਰੀ ਰੱਖਣ ਦੀ ਯੋਜਨਾ ਬਣਾ ਰਹੀ ਹੈ।
ਜੂਨ ਵਿੱਚ ਮੁੱਕਣ ਵਾਲੀ ਇਸ ਮਦਦ ਨੂੰ ਸਤੰਬਰ ਦੇ ਅੰਤ ਤੱਕ ਜਾਰੀ ਰੱਖਿਆ ਜਾਵੇਗਾ। ਜਿਹੜੇ ਕੈਨੇਡੀਅਨ ਇੰਪਲੌਇਮੈਂਟ ਇੰਸ਼ੋਰੈਂਸ ਹੇਠ ਕਵਰ ਨਹੀਂ ਹੁੰਦੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ 500 ਡਾਲਰ ਪ੍ਰਤੀ ਹਫਤਾ ਮਦਦ 17 ਜੁਲਾਈ ਤੋਂ ਬਾਅਦ 300 ਡਾਲਰ ਪ੍ਰਤੀ ਹਫਤਾ ਰਹਿ ਜਾਵੇਗੀ। ਇਸ ਦੇ ਨਾਲ ਹੀ ਇੰਪਲੌਇਮੈਂਟ ਇੰਸ਼ੋਰੈਂਸ ਵਿੱਚ ਸੁਧਾਰ ਲਈ ਵੀ ਸਰਕਾਰ ਨੇ 3.9 ਬਿਲੀਅਨ ਡਾਲਰ ਖਰਚਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਆਖਿਆ ਕਿ ਕਲਾਈਮੇਟ ਚੇਂਜ ਅਸਲ ਵਿੱਚ ਹੋ ਰਿਹਾ ਹੈ। ਫੈਡਰਲ ਸਰਕਾਰ ਕੈਨੇਡਾ ਦੇ ਕਾਰਬਨ ਐਮਿਸ਼ਨ ਨੂੰ ਘਟਾਉਣ ਲਈ ਲਿਆਂਦੇ ਜਾਣ ਵਾਲੇ ਪ੍ਰੋਜੈਕਟਾਂ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ। 2050 ਤੱਕ ਜ਼ੀਰੋ ਰਿਸਾਅ ਦਾ ਸਰਕਾਰ ਦਾ ਟੀਚਾ ਹੈ।
ਸਰਕਾਰ ਨੇ ਆਖਿਆ ਕਿ ਉਹ ਗ੍ਰੀਨ ਰਿਕਵਰੀ ਤੇ ਕਲੀਨ ਰਿਕਵਰੀ ਵਿੱਚ 17.6 ਬਿਲੀਅਨ ਡਾਲਰ ਨਿਵੇਸ਼ ਕਰਨ ਦਾ ਇਰਾਦਾ ਰੱਖਦੀ ਹੈ। ਇਸ ਦੇ ਨਾਲ ਹੀ ਫਰੀਲੈਂਡ ਨੇ ਸਟਰੈਟੇਜਿਕ ਇਨੋਵੇਸ਼ਨ ਫੰਡ ਵਿੱਚ 7.2 ਬਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਵੀ ਕੀਤਾ ਤੇ ਇਸ ਨੂੰ ਸੱਤ ਸਾਲ ਤੱਕ ਜਾਰੀ ਰੱਖਣ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਇਹ ਪੈਸਾ ਲਾਈਫ ਸਾਇੰਸਿਜ਼, ਆਟੋਮੋਟਿਵ, ਐਰੋਸਪੇਸ ਤੇ ਐਗਰੀਕਲਰਚ ਸੈਕਟਰਜ਼ ਨਾਲ ਜੁੜੇ ਪ੍ਰੋਜੈਕਟਾਂ ਉੱਤੇ ਖਰਚਿਆ ਜਾਵੇਗਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …