Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਸੱਜਣਤਾ ਪਸੰਦ ਮੁਲਕ : ਸੱਜਣ

ਕੈਨੇਡਾ ਸੱਜਣਤਾ ਪਸੰਦ ਮੁਲਕ : ਸੱਜਣ

‘ਪਰਵਾਸੀ ਰੇਡੀਓ’ ‘ਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਖਿਆ ਸਾਡੇ ਬਜ਼ੁਰਗਾਂ ਤੇ ਮਾਪਿਆਂ ਦੀ ਘਾਲਣਾ ਦਾ ਫਲ਼ ਕਿ ਪੰਜਾਬੀਆਂ ਨੂੰ ਮਿਲ ਰਿਹੈ ਮਾਨ-ਸਨਮਾਨ
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਜੋ ਲੰਘੇ ਹਫਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਟੋਰਾਂਟੋ ਫੇਰੀ ‘ਤੇ ਸਨ, ਅਦਾਰਾ ਪਰਵਾਸੀ ਦੇ ਦਫਤਰ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ‘ਤੇ ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਉਨ੍ਹਾਂ ਨਾਲ ਇਕ ਵਿਸ਼ੇਸ਼ ਰੇਡੀਓ ਇੰਟਰਵਿਊ ਰਿਕਾਰਡ ਕੀਤੀ। ਹਰਜੀਤ ਸੱਜਣ ਨੇ ਅੱਤਵਾਦ ਖਿਲਾਫ਼ ਦੁਨੀਆ ਭਰ ਵਿਚ ਚੱਲ ਰਹੀ ਮੁਹਿੰਮ ਦੇ ਸਬੰਧ ਵਿਚ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਅੱਤਵਾਦ ਖਿਲਾਫ਼ ਅਸੀਂ ਵੀ ਲੜ ਰਹੇ ਹਾਂ ਪਰ ਕੈਨੇਡਾ ਸ਼ਾਂਤੀ ਪਸੰਦ ਮੁਲਕ ਹੈ। ਅਸੀਂ ਸੱਜਣਤਾ ਚਾਹੁੰਦੇ ਹਾਂ ਤੇ ਦੇਸ਼ਾਂ-ਵਿਦੇਸ਼ਾਂ ਵਿਚ ਸਾਡੇ ਫੌਜੀ ਜਵਾਨ ਉਜੜੇ ਲੋਕਾਂ ਦੇ ਮੁੜ ਵਸੇਬੇ ਵਿਚ ਵੀ ਜੁਟੇ ਹੋਏ ਹਨ। ਜਿਸ ਦੇ ਪ੍ਰਮੁੱਖ ਅੰਸ਼ ਅਸੀਂ ਸਵਾਲ-ਜਵਾਬ ਦੇ ਰੂਪ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ :
ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਹਾਨੂੰ ਕੈਨੇਡਾ ਦੇ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤੁਹਾਡੇ ਤੋਂ ਇਲਾਵਾ ਤਿੰਨ ਹੋਰ ਪੰਜਾਬੀ ਮੂਲ ਦੇ ਮੰਤਰੀ ਬਣਾਏ ਗਏ ਹਨ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?
ਪ੍ਰਧਾਨ ਮੰਤਰੀ ਨੇ ਜੋ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ, ਇਸ ਲਈ ਸਾਡੀ ਕਮਿਊਨਿਟੀ ਦੀਆਂ ਪਹਿਲੀਆਂ ਤੇ ਪਿਛਲੀਆਂ ਪੀੜ੍ਹੀਆਂ ਦੇ ਯੋਗਦਾਨ ਦਾ ਨਤੀਜਾ ਹੈ। ਸਾਡੇ ਮਾਪਿਆਂ ਨੇ ਇੱਥੇ ਆ ਕੇ ਜੋ ਘਾਲਣਾਵਾਂ ਘਾਲੀਆਂ, ਇਹ ਉਸਦੀ ਹੀ ਸਫਲਤਾ ਦਾ ਨਤੀਜਾ ਹੈ।
ਕੀ ਤੁਹਾਡਾ ਫੌਜੀ ਪਿਛੋਕੜ ਹੋਣ ਕਾਰਨ ਹੀ ਤੁਹਾਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਤੁਹਾਡਾ ਫੌਜ ਦਾ ਤਜਰਬਾ ਤੁਹਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕਿੰਨੀ ਕੁ ਮੱਦਦ ਕਰ ਰਿਹਾ ਹੈ?
ਮੇਰੇ ਤੋਂ ਵੱਧ ਕਈ ਤਜਰਬੇ ਵਾਲੇ ਐਮਪੀ ਹਨ, ਪਰ ਪ੍ਰਧਾਨ ਮੰਤਰੀ ਨੇ ਇਹ ਜ਼ਿੰਮੇਵਾਰੀ ਮੈਨੂੰ ਸੌਂਪੀ। ਮੇਰਾ ਫੌਜੀ ਪਿਛੋਕੜ ਵੀ ਨਿਸਚਿਤ ਤੌਰ ‘ਤੇ ਇਸ ਕਾਰਜ ਵਿਚ ਮੱਦਦ ਕਰਦਾ ਹੈ। ਪਰੰਤੂ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਜਿਹੜੀ ਰੱਖਿਆ ਨੀਤੀ ਬਣਾਈਏ, ਉਹ ਸਾਡੇ ਸਧਾਰਨ ਫੌਜੀਆਂ ਨੂੰ ਵੀ ਮੱਦਦਗਾਰ ਹੋਵੇ। ਮਰਦ ਅਤੇ ਔਰਤਾਂ ਜਿਹੜੇ ਫੌਜ ਵਿਚ ਕੰਮ ਕਰ ਰਹੇ ਹਨ, ਅਸੀਂ ਉਨ੍ਹਾਂ ਦਾ ਪੂਰਾ ਖਿਆਲ ਰੱਖ ਸਕੀਏ।
ਅਸੀਂ ਲੜਾਕੂ ਜਹਾਜ਼ ਅਮਰੀਕਾ ਤੋਂ ਖਰੀਦਣੇ ਸਨ, ਪਰੰਤੂ ਅਜੇ ਕੋਈ ਫੈਸਲਾ ਨਹੀਂ ਹੋ ਸਕਿਆ। ਇਸ ਬਾਰੇ ਕੁਝ ਦੱਸੋਗੇ?
ਜਿਹੜੇ ਸਾਡੇ ਕੋਲ ਐਫ 18 ਲੜਾਕੇ ਜਹਾਜ਼ ਹਨ, ਇਹ 10 ਸਾਲ ਪਹਿਲਾਂ ਹੀ ਤਬਦੀਲ ਹੋ ਜਾਣੇ ਚਾਹੀਦੇ ਸਨ, ਪਰ ਪਿਛਲੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਇਹ ਜਹਾਜ਼ ਪਿਛਲੇ 30 ਸਾਲ ਤੋਂ ਵਰਤੇ ਜਾ ਰਹੇ ਹਨ। ਅਸੀਂ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇਬਾਜ਼ੀ ਕਰਾ ਕੇ ਸਭ ਤੋਂ ਵਧੀਆ ਕਿਸਮ ਦੇ ਲੜਾਕੂ ਜਹਾਜ਼ ਖਰੀਦਾਂਗੇ, ਜਿਸ ਲਈ ਸਮਾਂ ਚਾਹੀਦਾ ਹੈ। ਅਸੀਂ ਆਰਜ਼ੀ ਤੌਰ ‘ਤੇ ਕੁਝ ਜਹਾਜ਼ ਖਰੀਦਣ ਬਾਰੇ ਵਿਚਾਰ ਕਰ ਰਹੇ ਹਾਂ।
ਕੈਨੇਡਾ ‘ਤੇ ਦੋਸ਼ ਲੱਗ ਰਿਹਾ ਹੈ ਕਿ ਯੂਐਨਓ ਵਲੋਂ ਕਈ ਵੱਖੋ-ਵੱਖ ਮੁਲਕਾਂ ਵਿਚ ਸ਼ੁਰੂ ਕੀਤੇ ਗਏ ਅੱਤਵਾਦੀਆਂ ਖਿਲਾਫ ਅਪਰੇਸ਼ਨਾਂ ਵਿਚ ਕੈਨੇਡਾ ਸ਼ਾਮਲ ਕਿਉਂ ਨਹੀਂ ਹੋ ਰਿਹਾ?
ਅਸੀਂ ਅਫਗਾਨਿਸਤਾਨ ਵਿਚ ਵੀ ਸ਼ਾਮਲ ਹੋਏ ਸੀ। ਅਸੀਂ ਇਰਾਕ ਵਿਚ ਵੀ ਅੱਤਵਾਦ ਖਿਲਾਫ ਕਾਰਵਾਈਆਂ ਲਈ ਪੁਲਿਸ ਅਤੇ ਫੌਜ ਨੂੰ ਟਰੇਂਡ ਕਰ ਰਹੇ ਹਾਂ। ਅਸੀਂ ਸ਼ਾਂਤੀ ਮੁਹਿੰਮ ‘ਚ ਵਿਸ਼ਵਾਸ ਰੱਖਦੇ ਹਾਂ ਅਤੇ ਕਈ ਮੁਲਕਾਂ ਵਿਚ ਆਪਣੇ ਫੌਜੀ ਲੋਕਾਂ ਦੇ ਮੁੜ ਵਸੇਬੇ ਲਈ ਭੇਜੇ ਹੋਏ ਹਨ।
ਅਮਰੀਕਾ ਵਿਚ ਨਸਲੀ ਹਮਲੇ ਵਧ ਰਹੇ ਹਨ, ਜਿਸ ਦਾ ਨਿਸ਼ਾਨਾ ਸਿੱਖ ਵੀ ਬਣਾਏ ਜਾ ਰਹੇ ਹਨ, ਕੈਨੇਡਾ ਵਿਚ ਬੇਸ਼ੱਕ ਅਜਿਹੀਆਂ ਘਟਨਾਵਾਂ ਜ਼ਿਆਦਾ ਨਹੀਂ ਵਾਪਰਦੀਆਂ, ਪਰ ਫਿਰ ਵੀ ਇਸ ਨੂੰ ਲੈ ਕੇ ਅਸੀਂ ਕਿੰਨੇ ਕੁ ਸੁਚੇਤ ਹਾਂ?
ਸਾਨੂੰ ਕਦੀ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਸਿੱਖ ਹੁੰਦੇ ਹਾਂ, ਮੁਸਲਮਾਨ ਨਹੀਂ। ਇਸ ਨਾਲ ਮੁਸਲਮਾਨ ਭਾਈਚਾਰੇ ਖਿਲਾਫ ਗਲਤ ਸੰਦੇਸ਼ ਜਾਂਦਾ ਹੈ। ਸਾਨੂੰ ਸਾਰੀਆਂ ਘੱਟ ਗਿਣਤੀਆਂ ਦੀ ਰਾਖੀ ਲਈ ਕੰਮ ਕਰਨਾ ਚਾਹੀਦਾ ਹੈ।
ਸਿੱਖ ਕੌਮ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੀ ਹੈ। ਅਸੀਂ 1320 ਰੇਡੀਓ ‘ਤੇ ਡੇਢ ਲੱਖ ਡਾਲਰ ਅਤੇ 70 ਹਜ਼ਾਰ ਪੌਂਡ ਫੂਡ, ਸੇਵਾ ਫੂਡ ਬੈਂਕ ਲਈ ਗੁਰਪੁਰਬ ਮੌਕੇ ਇਕੱਠਾ ਕੀਤਾ ਹੈ। ਇਸ ਸਬੰਧ ਵਿਚ ਤੁਸੀਂ ਕੀ ਕਹਿਣਾ ਚਾਹੋਗੇ?
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਸਾਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ। ਸਾਨੂੰ ਖੁਸ਼ੀ ਹੈ ਕਿ ਅਸੀਂ ਉਨ੍ਹਾਂ ਦੇ ਹੀ ਪੈਰੋਕਾਰ ਹਾਂ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਦਾ ਸੱਚ ਸਾਬਤ ਹੋ ਰਹੀਆਂ ਹਨ।
ਸੌ ਸਾਲ ਪਹਿਲਾਂ ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਸ ਭੇਜਿਆ ਗਿਆ, ਇਸ ਜਹਾਜ਼ ਦੇ ਮੁਸਾਫਰਾਂ ਨੂੰ ਜਿਸ ਫੌਜੀ ਰੈਜਮੈਂਟ ਨੇ ਵਾਪਸ ਭੇਜਿਆ, ਕੁਝ ਸਮਾਂ ਪਹਿਲਾਂ ਤੁਸੀਂ ਉਸੇ ਰੈਜਮੈਂਟ ਨੂੰ ਕਮਾਂਡ ਕੀਤਾ?
ਅਸੀਂ ਸਾਰੇ ਇਕ ਹਾਂ ਤੇ ਇਹੋ ਸਾਡੇ ਇਸ ਮੁਲਕ ਦੀ ਖੂਬਸੂਰਤੀ ਹੈ ਕਿ ਅਸੀਂ ਸਭਨਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ।

 

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …