ਬਰਨਾਲੇ ਦੀ ਜੇਲ੍ਹ ‘ਚ ਕੈਦੀ ਦੀ ਪਿੱਠ
‘ਤੇ ਲਿਖ ਦਿੱਤਾ ਅੱਤਵਾਦੀ
ਕੈਦੀ ਕਰਮਜੀਤ ਸਿੰਘ ਦੀ ਪਿੱਠ ‘ਤੇ ਗਰਮ ਸਰੀਏ ਨਾਲ ਲਿਖਿਆ ਅੱਤਵਾਦੀ
ਮਾਨਸਾ : ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਜੇਲ੍ਹ ਪ੍ਰਸ਼ਾਸਨ ਦੀ ਇਕ ਘਿਨੌਣੀ ਹਰਕਤ ਸਾਹਮਣੇ ਆਈ ਹੈ। ਮਾਨਸਾ ‘ਚ ਨਸ਼ਾ ਤਸਕਰੀ ਦੇ ਇਕ ਮਾਮਲੇ ‘ਚ ਪੇਸ਼ੀ ਭੁਗਤਣ ਆਏ ਕੈਦੀ ਨੇ ਆਰੋਪ ਲਗਾਇਆ ਕਿ ਜੇਲ੍ਹ ‘ਚ ਉਸ ਦੇ ਨਾਲ ਜੇਲ੍ਹ ਅਧਿਕਾਰੀਆਂ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਅਤੇ ਉਸ ਦੀ ਪਿੱਠ ‘ਤੇ ਗਰਮ ਸਰੀਏ ਨਾਲ ਅੱਤਵਾਦੀ ਲਿਖ ਦਿੱਤਾ। ਲੰਘੇ ਦਿਨੀਂ ਵਾਪਰੀ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਾਨਸਾ ਵਿਖੇ ਇਕ ਕੇਸ ਵਿਚ ਪੇਸ਼ੀ ਭੁਗਤਣ ਆਏ ਕਰਮਜੀਤ ਸਿੰਘ ਵਾਸੀ ਪਿੰਡ ਬੱਲ੍ਹਮਗੜ੍ਹ ਜ਼ਿਲ੍ਹਾ ਪਟਿਆਲਾ ਨੇ ਜੱਜ ਅਤੇ ਪੱਤਰਕਾਰਾਂ ਸਾਹਮਣੇ ਆਪਣੇ ਨਾਲ ਵਾਪਰੀ ਘਟਨਾ ਦਾ ਬਿਆਨ ਕੀਤਾ। ਉਸ ਨੇ ਦੱਸਿਆ ਕਿ ਜੇਲ੍ਹ ‘ਚ ਕੈਦੀਆਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਜਦੋਂ ਕੁੱਝ ਕੈਦੀਆਂ ਵੱਲੋਂ ਇਸ ਸਬੰਧੀ ਰੋਸ ਪ੍ਰਗਟਾਇਆ ਤਾਂ ਜੇਲ੍ਹ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਜਦੋਂ ਕਰਮਜੀਤ ਸਿੰਘ ਨੇ ਕੈਦੀਆਂ ਦੇ ਹੱਕ ਵਿਚ ਅਵਾਜ਼ ਉਠਾਈ ਤਾਂ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਤੇਰੇ ਖਿਆਲ ਅੱਤਵਾਦੀਆਂ ਵਾਲੇ ਹਨ। ਇਸ ਸਾਰੀ ਘਟਨਾ ਦੀ ਜਾਂਚ ਲਈ ਜੱਜ ਨੇ ਕੈਦੀ ਵੱਲੋਂ ਲਿਖੀ ਅਰਜੀ ਬਰਨਾਲਾ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਭੇਜ ਦਿੱਤੀ ਹੈ।
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤੇ ਜਾਂਚ ਦੇ ਹੁਕਮ
ਪੰਜਾਬ ਦੇ ਡਿਪਟੀ ਸੀਐਮ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਰਨਾਲਾ ਸੈਂਟਰਲ ਜੇਲ੍ਹ ਵਿਚ ਕੈਦੀ ਨਾਲ ਹੋਈ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪੰਜਾਬ ਵਿਚ ਜੇਲ੍ਹ ਮਹਿਕਮਾ ਰੰਧਾਵਾ ਦੇ ਕੋਲ ਹੀ ਹੈ। ਕੈਦੀ ਦੀ ਪਿੱਠ ਨੂੰ ਗਰਮ ਸਰੀਏ ਨਾਲ ਦਾਗੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਸੀਐਮ ਨੇ ਪੰਜਾਬ ਦੇ ਏਡੀਜੀਪੀ (ਜੇਲ੍ਹਾਂ) ਪੀ ਕੇ ਸਿਨਹਾ ਨੂੰ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਰੰਧਾਵਾ ਨੇ ਏਡੀਜੀਪੀ ਨੂੰ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਤੁਰੰਤ ਕੈਦੀ ਕਰਮਜੀਤ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …