Breaking News
Home / ਭਾਰਤ / ਕਰਮਬੀਰ ਸਿੰਘ ਜਲ ਸੈਨਾ ਦੇ ਅਗਲੇ ਮੁਖੀ ਬਣੇ

ਕਰਮਬੀਰ ਸਿੰਘ ਜਲ ਸੈਨਾ ਦੇ ਅਗਲੇ ਮੁਖੀ ਬਣੇ

ਜਲੰਧਰ ਨਾਲ ਸਬੰਧਤ ਹਨ ਕਰਮਬੀਰ ਸਿੰਘ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਭਾਰਤੀ ਜਲ ਸੈਨਾ ਦਾ ਅਗਲਾ ਮੁਖੀ ਥਾਪਿਆ ਗਿਆ ਹੈ। ਉਹ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲੈਣਗੇ ਜੋ ਕਿ 30 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਨਿਯੁਕਤੀ ਲਈ ਮੈਰਿਟ ਆਧਾਰਿਤ ਪਹੁੰਚ ਅਪਣਾਈ ਗਈ ਹੈ ਤੇ ਸੀਨੀਆਰਤਾ ਨੂੰ ਆਧਾਰ ਨਹੀਂ ਬਣਾਇਆ ਗਿਆ। ਸੰਨ 1959 ਵਿਚ ਜਨਮੇ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਜੁਲਾਈ 1980 ਵਿਚ ਕਮਿਸ਼ਨ ਮਿਲਿਆ ਸੀ। ਇਸ ਤੋਂ ਬਾਅਦ 1982 ਵਿਚ ਉਹ ਜਲ ਸੈਨਾ ਵਿਚ ਹੈਲੀਕੌਪਟਰ ਪਾਇਲਟ ਬਣੇ ਤੇ ਚੇਤਕ ਅਤੇ ਕਾਮੋਵ ਹੈਲੀਕੌਪਟਰ ਨਾਲ ਸੇਵਾਵਾਂ ਦਿੱਤੀਆਂ। ਉਹ ਰੱਖਿਆ ਸੇਵਾਵਾਂ ਸਟਾਫ਼ ਕਾਲਜ (ਵੈਲਿੰਗਟਨ) ਤੇ ਜਲ ਸੈਨਾ ਜੰਗੀ ਸਿਖ਼ਲਾਈ ਕਾਲਜ (ਮੁੰਬਈ) ਤੋਂ ਗ੍ਰੈਜੂਏਟ ਹਨ ਤੇ ਜਲ ਸੈਨਾ ਮੁਖੀ ਬਣਨ ਵਾਲੇ ਪਹਿਲੇ ਹੈਲੀਕੌਪਟਰ ਪਾਇਲਟ ਹਨ।
ਕਰਮਬੀਰ ਸਿੰਘ ਜਲੰਧਰ ਨਾਲ ਸਬੰਧਤ ਹਨ ਤੇ ‘ਪਰਮ ਵਸ਼ਿਸ਼ਟ ਸੇਵਾ ਮੈਡਲ’ ਤੇ ‘ਅਤੀ ਵਸ਼ਿਸ਼ਟ ਸੇਵਾ ਮੈਡਲ’ ਨਾਲ ਸਨਮਾਨੇ ਜਾ ਚੁੱਕੇ ਹਨ। ਅੰਡੇਮਾਨ ਤੇ ਨਿਕੋਬਾਰ ਕਮਾਂਡ ਦੇ ਮੁਖੀ ਵਾਇਸ ਐਡਮਿਰਲ ਵਿਮਲ ਵਰਮਾ ਜੋ ਕਿ ਸਿੰਘ ਤੋਂ ਸੀਨੀਅਰ ਹਨ, ਵੀ ਜਲ ਸੈਨਾ ਦੇ ਸਿਖ਼ਰਲੇ ਅਹੁਦੇ ਦੇ ਦਾਅਵੇਦਾਰਾਂ ਵਿਚ ਸਨ। ਮੌਜੂਦਾ ਸਮੇਂ ਕਰਮਬੀਰ ਸਿੰਘ ਪੂਰਬੀ ਜਲ ਸੈਨਾ ਕਮਾਂਡ (ਵਿਸ਼ਾਖਾਪਟਨਮ) ਵਿਚ ‘ਫ਼ਲੈਗ ਆਫ਼ੀਸਰ ਕਮਾਂਡਿੰਗ ਇਨ ਚੀਫ਼’ (ਐਫਓਸੀ-ਇਨ-ਸੀ) ਹਨ। ਉਹ 31 ਮਈ ਨੂੰ ਜਲ ਸੈਨਾ ਮੁਖੀ ਦਾ ਅਹੁਦਾ ਸੰਭਾਲਣਗੇ। ਵਿਸ਼ਾਖਾਪਟਨਮ ਵਿਚ ਅਕਤੂਬਰ 2017 ਵਿਚ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਜਲ ਸੈਨਾ ਸਟਾਫ਼ ਦੇ ਉਪ ਮੁਖੀ ਵੀ ਰਹਿ ਚੁੱਕੇ ਹਨ। ਵਰਮਾ ਤੋਂ ਇਲਾਵਾ ਜਲ ਸੈਨਾ ਮੁਖੀ ਅਹੁਦੇ ਦੇ ਦਾਅਵੇਦਾਰਾਂ ਵਿਚ ਉਪ ਮੁਖੀ ਜਲ ਸੈਨਾ ਸਟਾਫ਼ ਵਾਇਸ ਐਡਮਿਰਲ ਜੀ ਅਸ਼ੋਕ ਕੁਮਾਰ, ਪੱਛਮੀ ਜਲ ਸੈਨਾ ਕਮਾਂਡ ਦੇ ਐਫਓਸੀ-ਇਨ-ਸੀ ਵਾਇਸ ਐਡਮਿਰਲ ਅਜੀਤ ਕੁਮਾਰ ਤੇ ਦੱਖਣੀ ਕਮਾਂਡ ਦੇ ਐਫਓਸੀ-ਇਨ-ਸੀ ਵਾਇਸ ਐਡਮਿਰਲ ਅਨਿਲ ਕੁਮਾਰ ਚਾਵਲਾ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਵੀ 2016 ਵਿਚ ਥਲ ਸੈਨਾ ਮੁਖੀ ਲਾਉਂਦਿਆਂ ਸਰਕਾਰ ਨੇ ਸੀਨੀਆਰਤਾ ਨੂੰ ਆਧਾਰ ਨਹੀਂ ਬਣਾਇਆ ਸੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …