Breaking News
Home / ਭਾਰਤ / ‘ਚਿਨੂਕ’ ਹੈਲੀਕਾਪਟਰ ਭਾਰਤੀ ਹਵਾਈ ਸੈਨਾ ‘ਚ ਸ਼ਾਮਲ

‘ਚਿਨੂਕ’ ਹੈਲੀਕਾਪਟਰ ਭਾਰਤੀ ਹਵਾਈ ਸੈਨਾ ‘ਚ ਸ਼ਾਮਲ

ਰਾਫੇਲ ਆਇਆ ਤਾਂ ਸਰਹੱਦ ‘ਤੇ ਫਟਕ ਨਹੀਂ ਸਕੇਗਾ ਪਾਕਿ : ਬੀ.ਐਸ. ਧਨੋਆ
ਚੰਡੀਗੜ੍ਹ/ਬਿਊਰੋ ਨਿਊਜ਼ : ਫੌਜ ਦਾ ਭਾਰੀ ਸਾਜ਼ੋ ਸਾਮਾਨ ਇਕ ਤੋਂ ਦੂਜੀ ਥਾਂ ‘ਤੇ ਲੈ ਕੇ ਜਾਣ ਦੇ ਸਮਰੱਥ ਅਮਰੀਕਾ ਵਿਚ ਬਣੇ ਚਾਰ ਚਿਨੂਕ ਹੈਲੀਕਾਪਟਰ ਇਥੇ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਕਰ ਲਏ ਗਏ। ਭਾਰਤੀ ਹਵਾਈ ਸੈਨਾ ਦੇ ਮੁਖੀ ਬੀ ਐਸ ਧਨੋਆ ਨੇ ਕਿਹਾ ਕਿ ਚਿਨੂਕ ਦੀ ਸ਼ਮੂਲੀਅਤ ਰਾਫ਼ੇਲ ਵਾਂਗ ਬਾਜ਼ੀ ਪਲਟਾਉਣ ਵਾਲੀ ਸਾਬਿਤ ਹੋਵੇਗੀ। ਬੋਇੰਗ ਨਾਲ 15 ਸੀਐਚ-47ਐਫ (ਆਈ) ਚਿਨੂਕ ਹੈਲੀਕਾਪਟਰਾਂ ਦਾ ਸੌਦਾ ਹੋਇਆ ਹੈ ਅਤੇ ਸੋਮਵਾਰ ਨੂੰ ਇਥੇ ਕੀਤੇ ਗਏ ਸਮਾਗਮ ਦੌਰਾਨ ਭਾਰਤੀ ਹਵਾਈ ਸੈਨਾ ਦੀ 126 ਹੈਲੀਕਾਪਟਰ ਯੂਨਿਟ ਵਿਚ ਉਨ੍ਹਾਂ ਨੂੰ ਕਮਿਸ਼ਨ ਦਿੱਤਾ ਗਿਆ। ਦੋ ਇੰਜਣਾਂ ਵਾਲੇ ਚਿਨੂਕ ਵਿਚ ਦੋ ਪੱਖੇ ਲੱਗੇ ਹਨ ਅਤੇ ਇਸ ਦਾ ਲੰਬਾ ਪਲੇਟਫਾਰਮ ਜਵਾਨਾਂ, ਤੋਪਖਾਨਾ, ਸਾਜ਼ੋ ਸਾਮਾਨ ਅਤੇ ਈਂਧਣ ਲੈ ਕੇ ਜਾਣ ਲਈ ਵਰਤਿਆ ਜਾ ਸਕਦਾ ਹੈ। ਇਸ ਮੌਕੇ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਹਨ। ਹਵਾਈ ਸੈਨਾ ਨੂੰ ਚਿਨੂਕ ਦੀ ਬਹੁਤ ਲੋੜ ਸੀ, ਕਿਉਂਕਿ ਇਹ ਲੰਮੀ ਦੂਰੀ ਅਤੇ ਜ਼ਿਆਦਾ ਉਚਾਈ ਵਾਲੇ ਇਲਾਕਿਆਂ ਵਿਚ ਭਾਰੀ ਸਮਾਨ ਲਿਜਾਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਰਾਫੇਲ ਹਵਾਈ ਫੌਜ ਵਿਚ ਸ਼ਾਮਲ ਹੋ ਗਿਆ, ਪਾਕਿ ਸਰਹੱਦ ‘ਤੇ ਫਟਕ ਨਹੀਂ ਸਕੇਗਾ। ਭਾਰਤ ਚਿਨੂਕ ਦੀ ਵਰਤੋਂ ਕਰਨ ਵਾਲਾ 19ਵਾਂ ਦੇਸ਼ ਬਣ ਜਾਵੇਗਾ।
ਉਨ੍ਹਾਂ ਕਿਹਾ ਕਿ ਅਤਿ ਆਧੁਨਿਕ ਹੈਲੀਕਾਪਟਰ ਫ਼ੌਜੀ ਅਪਰੇਸ਼ਨਾਂ ਦੌਰਾਨ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਵਰਤਿਆ ਜਾ ਸਕਦਾ ਹੈ। ਚਿਨੂਕ ਹੈਲੀਕਾਪਟਰਾਂ ਨੂੰ ਉਡਾਉਣ ਲਈ ਭਾਰਤੀ ਹਵਾਈ ਸੈਨਾ ਦੇ 12 ਪਾਇਲਟਾਂ ਅਤੇ ਫਲਾਈਟ ਇੰਜਨੀਅਰਾਂ ਨੂੰ ਅਮਰੀਕਾ ਵਿਚ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਧਨੋਆ ਨੇ ਕਿਹਾ, ”ਮੁਲਕ ਨੂੰ ਕਈ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਚਿਨੂਕ ਵੱਖ-ਵੱਖ ਖੇਤਰਾਂ ਵਿਚ ਅਹਿਮ ਸਾਬਿਤ ਹੋ ਸਕਦਾ ਹੈ।
ਹੈਲੀਕਾਪਟਰ ਸੈਨਾ ਨੂੰ ਉੱਚੀਆਂ ਚੋਟੀਆਂ ‘ਤੇ ਟਿਕਾਣਿਆਂ ਵਿਚ ਸਾਜ਼ੋ ਸਾਮਾਨ ਪਹੁੰਚਾਉਣ ‘ਚ ਸਹਾਈ ਹੋਵੇਗਾ। ਚਿਨੂਕ ਆਪਣੇ ਵਰਗ ਦੇ ਬਿਹਤਰੀਨ ਹੈਲੀਕਾਪਟਰਾਂ ਵਿਚੋਂ ਇਕ ਹੈ।” ਹੈਲੀਕਾਪਟਰ ਨੂੰ ਮਾਨਵੀ ਅਤੇ ਆਫ਼ਤ ਰਾਹਤ ਦੇ ਅਪਰੇਸ਼ਨਾਂ ਦੌਰਾਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਤੇ ਸਮੱਗਰੀ ਦੀ ਢੋਆ-ਢੁਆਈ ਲਈ ਵੀ ਵਰਤਿਆ ਜਾ ਸਕੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਨੋਆ ਨੇ ਕਿਹਾ ਕਿ ਇਹ ਹਵਾਈ ਸੈਨਾ ਲਈ ਇਤਿਹਾਸਕ ਦਿਨ ਹੈ। ਪਾਕਿਸਤਾਨ ਦਿਵਸ ਮੌਕੇ ਇਸਲਾਮਾਬਾਦ ਵਿਚ ਫ਼ੌਜੀ ਪਰੇਡ ਦੌਰਾਨ ਪਾਕਿਸਤਾਨੀ ਹਵਾਈ ਫ਼ੌਜ ਦੇ ਮੁਖੀ ਮੁਜਾਹਿਦ ਅਨਵਰ ਖ਼ਾਨ ਦੇ ਫਲਾਈ ਪਾਸਟ ਦੀ ਅਗਵਾਈ ਕਰਨ ਬਾਰੇ ਪੁੱਛੇ ਜਾਣ ‘ਤੇ ਧਨੋਆ ਨੇ ਕਿਹਾ ਕਿ ਪਾਕਿਸਤਾਨ ਹਵਾਈ ਸੈਨਾ ਦਾ ਮੁਖੀ ਕੌਕਪਿਟ ਪਿੱਛੇ ਜਹਾਜ਼ ਉਡਾ ਰਿਹਾ ਸੀ। ਉਨ੍ਹਾਂ ਕਿਹਾ ਕਿ ਚਿਨੂਕ ਸਿਰਫ਼ ਹਵਾਈ ਸੈਨਾ ਦੀ ਸਹਾਇਤਾ ਨਹੀਂ ਕਰੇਗਾ ਸਗੋਂ ਇਹ ਕੌਮੀ ਸੰਪਤੀ ਹੈ।

Check Also

ਵਾਈਸ ਐਡਮਿਰਲ ਦਿਨੇਸ਼ ਤਿ੍ਪਾਠੀ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ

30 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ ਤਿ੍ਪਾਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ …