Breaking News
Home / ਭਾਰਤ / ਭਾਰਤ ਅਤੇ ਫਰਾਂਸ ‘ਚ ਹੋਏ 14 ਸਮਝੌਤੇ

ਭਾਰਤ ਅਤੇ ਫਰਾਂਸ ‘ਚ ਹੋਏ 14 ਸਮਝੌਤੇ

ਦੋਵੇਂ ਦੇਸ਼ ਅੱਤਵਾਦ ਨੂੰ ਰੋਕਣ ਲਈ ਕਰਨਗੇ ਸਾਂਝੀ ਕੋਸ਼ਿਸ਼
ਨਵੀਂ ਦਿੱਲੀ : ਭਾਰਤ ਅਤੇ ਫਰਾਂਸ ਨੇ ਆਪਸੀ ਰਣਨੀਤਕ ਸਬੰਧਾਂ ਦਾ ਵਿਸਥਾਰ ਕਰਦਿਆਂ ਰੱਖਿਆ, ਸੁਰੱਖਿਆ, ਪਰਮਾਣੂ ਊਰਜਾ ਅਤੇ ਗੁਪਤ ਜਾਣਕਾਰੀ ਦੇ ਬਚਾਅ ਸਮੇਤ ਅਹਿਮ ਖੇਤਰਾਂ ਵਿਚ 14 ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਦੋਵੇਂ ਮੁਲਕਾਂ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ਵਿਚ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਅਤੇ ਅੱਤਵਾਦ ਰੋਕਣ ਦੀਆਂ ਸਾਂਝੀਆਂ ਕੋਸ਼ਿਸਾਂ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਵੀ ਜਤਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋਨ ਵਿਚਕਾਰ ਵਿਸਥਾਰਤ ਗੱਲਬਾਤ ਮਗਰੋਂ ਇਨ੍ਹਾਂ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ। ਦੋਵੇਂ ਆਗੂਆਂ ਨੇ ਸਰਹੱਦ ਪਾਰੋਂ ਅੱਤਵਾਦ ਸਮੇਤ ਫਰਾਂਸ ਅਤੇ ਭਾਰਤ ਵਿਚ ਦਹਿਸ਼ਤਗਰਦੀ ਸਬੰਧੀ ਘਟਨਾਵਾਂ ਦੀ ਵੀ ਸਖ਼ਤ ਨਿਖੇਧੀ ਕੀਤੀ। ਭਾਰਤ ਅਤੇ ਫਰਾਂਸ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਫ਼ੈਸਲਾ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਦਰਮਿਆਨ ਦੋ ਸਾਲਾਂ ਵਿਚ ਇਕ ਵਾਰ ਬੈਠਕ ਕੀਤੀ ਜਾਵੇਗੀ।
ਇਸ ਦੌਰਾਨ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਖੇਤਰ ਵਿਚ ਬਦਲਦੇ ਸੁਰੱਖਿਆ ਸਮੀਕਰਨਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਇਆ। ਮੈਕਰੌਂ ਨੇ ਕਿਹਾ ਕਿ ਸਮੁੰਦਰੀ ਲਾਂਘੇ ਤਾਕਤ ਦਿਖਾਉਣ ਵਾਲੀਆਂ ਥਾਵਾਂ ਨਹੀਂ ਬਣ ਸਕਦੇ ਜਿਸ ਦਾ ਸਿੱਧਾ ਸੁਨੇਹਾ ਚੀਨ ਨੂੰ ਦਿੱਤਾ ਗਿਆ ਹੈ। ਸਮਝੌਤਿਆਂ ਵਿਚ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਇਕ-ਦੂਜੇ ਨੂੰ ਫ਼ੌਜੀ ਯੋਜਨਾਬੰਦੀ ਵਿਚ ਸਹਿਯੋਗ ਦੇਣ ਅਤੇ ਗੁਪਤ ਜਾਂ ਹੋਰ ਅਹਿਮ ਸੂਚਨਾਵਾਂ ਦੀ ਸੁਰੱਖਿਆ ਵੀ ਸ਼ਾਮਿਲ ਹੈ।
ਇਹ ਸਮਝੌਤੇ ਉਸ ਸਮੇਂ ਹੋਏ ਹਨ ਜਦੋਂ ਫਰਾਂਸ ਨਾਲ ਕਰੋੜਾਂ ਡਾਲਰ ਦੇ ਰਾਫ਼ੇਲ ਜੈੱਟ ਸੌਦੇ ਸਬੰਧੀ ਜਾਣਕਾਰੀ ਦੇਣ ਤੋਂ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਮੈਕਰੋਨ ਨਾਲ ਸਾਂਝੇ ਮੀਡੀਆ ਪ੍ਰੋਗਰਾਮ ਵਿਚ ਮੋਦੀ ਨੇ ਕਿਹਾ, ”ਸਾਡਾ ਰੱਖਿਆ ਸਹਿਯੋਗ ਬਹੁਤ ਮਜ਼ਬੂਤ ਹੈ ਅਤੇ ਫਰਾਂਸ ਨੂੰ ਅਸੀਂ ਸਭ ਤੋਂ ਵਧ ਭਰੋਸੇਮੰਦ ਰੱਖਿਆ ਭਾਈਵਾਲਾਂ ਵਿਚੋਂ ਇਕ ਮੰਨਦੇ ਹਾਂ। ਦੋਵੇਂ ਮੁਲਕਾਂ ਦੀਆਂ ਸੈਨਾਵਾਂ ਵਿਚ ਯੋਜਨਾਬੰਦੀ ਦੀ ਹਮਾਇਤ ਸਬੰਧੀ ਸਮਝੌਤਾ ਰੱਖਿਆ ਸਬੰਧਾਂ ਵਿਚ ਸੁਨਹਿਰਾ ਕਦਮ ਹੈ।”

ਭਾਰਤ ਨੇ ਦੁਨੀਆ ਦਾ ਸਭ ਤੋਂ ਵੱਡਾ ਸੌਰ ਊਰਜਾ ਦਾ ਪ੍ਰਾਜੈਕਟ ਸ਼ੁਰੂ ਕੀਤਾ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਦੇ ਊਰਜਾ ਖੇਤਰ ਵਿੱਚ ਸੌਰ ਊਰਜਾ ਦਾ ਹਿੱਸਾ ਵਧਾਉਣ ਦੇ ਲਈ ਰਿਆਇਤੀ ਵਿਤੀ ਸਹਾਇਤਾ ਤੇ ਘੱਟ ਜ਼ੋਖ਼ਮ ਵਾਲੇ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ ਤਾਂ ਜੋ ਸਸਤੀ ਬਿਜਲੀ ਪੈਦਾ ਕੀਤੀ ਜਾ ਸਕੇ ਅਤੇ ਕਾਰਬਨ ਗੈਸਾਂ ਦੇ ਰਿਸਾਵ ਵਿੱਚ ਕਟੌਤੀ ਹੋ ਸਕੇ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆਂ ਦਾ ਸਭ ਤੋਂ ਵੱਡਾ ਨਵਿਆਊਣਯੋਗ ਊਰਜਾ ਦਾ ਪ੍ਰਾਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ 175 ਗੀਗਾਵਾਟ ਬਿਜਲੀ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੈਦਾ ਕੀਤੇ ਜਾਣ ਦਾ ਟੀਚਾ ਹੈ। ਇਸ ਤਹਿਤ ਇੱਕ ਸੌ ਗੀਗਾਵਾਟ ਊਰਜਾ ਸੌਰ ਊਰਜਾ ਤੋਂ ਅਤੇ 60 ਗੀਗਾਵਾਟ ਊਰਜਾ ਪੌਣ ਤੋਂ ਪੈਦਾ ਕੀਤੀ ਜਾਣੀ ਹੈ। ਭਾਰਤ 20 ਗੀਗਾਵਾਟ ਸੌਰ ਊਰਜਾ ਪਹਿਲਾਂ ਹੀ ਪੈਦਾ ਕਰ ਰਿਹਾ ਹੈ। ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐਸਏ) ਦੇ ਮੁੱਖ ਯੋਜਨਾਕਾਰ ਪ੍ਰਧਾਨ ਮੰਤਰੀ ਮੋਦੀ ਇਸ ਗੱਠਜੋੜ ਵਿੱਚ 121 ਦੇਸ਼ਾਂ ਨੂੰ ਇਕੱਠਾ ਕਰਨਾ ਚਾਹੁੰਦੇ ਹਨ। 61 ਦੇਸ਼ ઠਇਸ ਗੱਠਜੋੜ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ 32 ਨੇ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਇਕਰਾਰ ਸਹੀ ਪਾ ਦਿੱਤੀ ਹੈ।
ਉਨ੍ਹਾਂ ਇਸ ਦੇ ਲਈ 10 ਨੁਕਾਤੀ ਯੋਜਨਾ ਤਿਆਰ ਕੀਤੀ ਹੈ। ઠਉਹ ਸਾਰੇ ਮੈਂਬਰ ਦੇਸ਼ਾਂ ਨੂੰ ਸਸਤੀ ਸੋਲਰ ਊਰਜਾ ਤਕਨੀਕ ਦੇਣ ਦੇ ਹਾਮੀ ਹਨ ਤਾਂ ਜੋ ਵਿਸ਼ਵ ਵਿੱਚ ਵੱਡੇ ਪੱਧਰ ਉੱਤੇ ਸੋਲਰ ਊਰਜਾ ਦਾ ਉਤਪਾਦਨ ਹੋ ਸਕੇ। ਆਈਐਸਏ ਦੀ ਕਾਇਮੀ ਲਈ ਕਰਵਾਈ ਕਾਨਫਰੰਸ ਜਿਸ ਵਿੱਚ 23 ਦੇਸ਼ਾਂ ਦੇ ਮੁਖੀ ਸ਼ਾਮਲ ਹੋਏ ਤੇ 10 ਮੰਤਰੀ ਨੁਮਾਇੰਦੇ ਸ਼ਾਮਲ ਸਨ, ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ 2022 ਤੱਕ 175 ਗੀਗਾਵਾਟ ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕਰੇਗਾ।

ਮੈਕਰੋਨ ਨੂੰ ਕਰਾਈ ਕਿਸ਼ਤੀ ਦੀ ਸੈਰ
ਇਸ ਦੌਰਾਨ, ਮੈਕਰੋਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਮੰਦਰਾਂ ਦੇ ਸ਼ਹਿਰ ਵਾਰਾਣਸੀ ਵਿੱਚ ਕਿਸ਼ਤੀ ਦੀ ਸੈਰ ਕਰਵਾਈ। ਅੱਸੀ ਤੇ ਦਸ਼ਵਾਮੇਧ ਘਾਟਾਂ ਦੇ ਦਰਮਿਆਨ ਸਜੀ ਸੰਵਾਰੀ ਕਿਸ਼ਤੀ ਵਿੱਚ ਸਵਾਰ ਮਹਿਮਾਨਾਂ ਦਾ ਫੁੱਲ ਪੱਤੀਆਂ ਵਾਰ ਕੇ ਤੇ ਸ਼ਹਿਨਾਈ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਤਦਾਦ ਵਿੱਚ ਲੋਕ ਤੇ ਸਕੂਲੀ ਬੱਚੇ ਮੌਜੂਦ ਸਨ ਜੋ ਭਾਰਤ ਤੇ ਫਰਾਂਸ ਦੀਆਂ ਝੰਡੀਆਂ ਲਹਿਰਾ ਰਹੇ ਸਨ ਜਦਕਿ ਦੀਨ ਦਿਆਲ ਉਪਾਧਿਆਏ ਟਰੇਡ ਫੈਸਿਲੀਟੇਸ਼ਨ ਸੈਂਟਰ ਤੋਂ ਘਾਟਾਂ ਤੱਕ ਕਲਾਕਾਰਾਂ ਨੇ ਰਾਮ ਲੀਲ੍ਹਾ ਦੇ ਦ੍ਰਿਸ਼ ਪੇਸ਼ ਕੀਤੇ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …