ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨੀ ਸੰਗਠਨ ਫ਼ਰੰਟੀਅਰ ਵਰਕਸ ਆਰਗੇਨਾਈੇਜੇਸ਼ਨ (ਐਫ. ਡਬਲਯੂ. ਓ.) ਵਲੋਂ ਕਰਤਾਰਪੁਰ ਲਾਂਘੇ ਦੀ ਅੰਤਿਮ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਜਿਸ ਦੇ ਚਲਦਿਆਂ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸ਼ਰਧਾਲੂਆਂ ਦੁਆਰਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਟਰਮੀਨਲ ਨੂੰ ਪਾਰ ਕਰਨ ਉਪਰੰਤ ਸ਼ਰਧਾਲੂਆਂ ਨੂੰ ਹਰੇ ਤੇ ਚਿੱਟੇ ਰੰਗ ਦੀਆਂ ਬਿਨਾਂ ਖਿੜਕੀਆਂ ਵਾਲੀਆਂ ਛੋਟੀਆਂ ਗੱਡੀਆਂ ‘ਚ ਬਿਠਾ ਕੇ ਪਾਕਿਸਤਾਨ ਦੇ ਇਕ ਨੰਬਰ ਟਰਮੀਨਲ ਤੱਕ ਲਿਜਾਇਆ ਜਾਵੇਗਾ। ਉੱਥੇ ਪਹੁੰਚਣ ‘ਤੇ ਸ਼ਰਧਾਲੂਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਉਪਰੰਤ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਾਮਾਨ ਦੀ ਸਕੈਨਰਾਂ ਰਾਹੀਂ ਮੁਕੰਮਲ ਜਾਂਚ ਕੀਤੀ ਜਾਵੇਗੀ। ਇੱਥੋਂ ਉਨ੍ਹਾਂ ਨੂੰ ਜਾਂਚ ਉਪਰੰਤ ਇਕ ਨੰਬਰ ਦਿੱਤਾ ਜਾਵੇਗਾ, ਜਿਸ ਨਾਲ ਉਹ ਬਾਹਰ ਖੜ੍ਹੀਆਂ ਲਾਲ ਰੰਗ ਦੀਆਂ ਬੱਸਾਂ ‘ਚ ਦੱਸੇ ਗਏ ਸੀਟ ਨੰਬਰ ‘ਤੇ ਬੈਠ ਕੇ ਅੱਗੇ ਦੇ ਸਫ਼ਰ ‘ਤੇ ਜਾ ਸਕਣਗੇ। ਇਨ੍ਹਾਂ ਸਮਾਰਟ ਬੱਸਾਂ ‘ਚ ਬਜ਼ੁਰਗਾਂ ਅਤੇ ਅਪਾਹਜਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲਾਲ ਰੰਗ ਦੀਆਂ ‘ਯੋਟੂੰਗ ਮਾਸਟਰ ਕੰਪਨੀ’ ਦੀਆਂ ਬੈਟਰੀ ਵਾਲੀਆਂ ਅਤੇ ਪ੍ਰਦੂਸ਼ਣ ਰਹਿਤ ਇਨ੍ਹਾਂ ਬੱਸਾਂ ਦੇ ਬਾਹਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਤਸਵੀਰ ਦੇ ਨਾਲ ਹੀ ‘ਗੁਰਦੁਆਰਾ ਸ੍ਰੀ ਕਰਤਾਰਪੁਰ ਪਹੁੰਚਣ ‘ਤੇ ਸਵਾਗਤ’ ਲਿਖਿਆ ਹੋਇਆ ਹੈ।
ਸ਼ਰਧਾਲੂਆਂ ਨੂੰ ਸਿਆਸੀ ਸਰਗਰਮੀਆਂ ਦੀ ਆਗਿਆ ਨਹੀਂ ਦਿਆਂਗੇ: ਪਾਕਿ
ਲਾਹੌਰ : ਪਾਕਿਸਤਾਨ ਨੇ ਕਿਹਾ ਹੈ ਕਿ ਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਵਿੱਚ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਵਿੱਚ ਸਿਆਸੀ ਸਰਗਰਮੀਆਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਓਕਾਫ ਬੋਰਡ ਦੇ ਚੇਅਰਮੈਨ ਡਾਕਟਰ ਆਮਿਰ ਅਹਿਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਿਆਂ ਵਿੱਚ ਕਿਸੇ ਪ੍ਰਕਾਰ ਦੀ ਰਾਜਸੀ ਗਤੀਵਿਧੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …