Breaking News
Home / ਮੁੱਖ ਲੇਖ / ਅਜੋਕੇ ਵਿਸ਼ਵ ਪ੍ਰਸੰਗ ‘ਚ ਗੁਰੂ ਨਾਨਕ ਫ਼ਲਸਫ਼ਾ

ਅਜੋਕੇ ਵਿਸ਼ਵ ਪ੍ਰਸੰਗ ‘ਚ ਗੁਰੂ ਨਾਨਕ ਫ਼ਲਸਫ਼ਾ

ਤਲਵਿੰਦਰ ਸਿੰਘ ਬੁੱਟਰ
ਅਜੋਕੀਆਂ ਵਿਸ਼ਵ ਸਮੱਸਿਆਵਾਂ ਦੇ ਹੱਲ ਲਈ ਮਨੁੱਖਤਾ ਦੇ ਸਰਬਪੱਖੀ ਵਿਕਾਸ ਦਾ ਕੋਈ ਨਵਾਂ ਨਮੂਨਾ ਲੱਭਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸੰਸਾਰ ‘ਚ ਸਥਿਰਤਾ ਤੇ ਸ਼ਾਂਤੀ ਲਈ ਵਿਸ਼ਵ ਚੇਤਨਾ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ‘ਵਿਸ਼ਵ ਚੇਤਨਾ’ ਜਾਂ ਸੰਸਾਰ ‘ਚ ਸੁੱਖ-ਸ਼ਾਂਤੀ ਦੀ ਸਦੀਵੀ ਬਹਾਲੀ ਦਾ ਜੇਕਰ ਕੋਈ ਨਮੂਨਾ (ਮਾਡਲ) ਲੱਭਿਆ ਜਾਵੇ ਤਾਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲੋਂ ਵੱਧ ਸਟੀਕ ਕੋਈ ਹੋਰ ਹੋ ਨਹੀਂ ਸਕਦਾ। ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ ‘ਤੇ ਮਨਾ ਰਹੇ ਹਾਂ। ਸਮੁੱਚੇ ਵਿਸ਼ਵ ‘ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਵਲੋਂ ਪਹਿਲੀ ਪਾਤਸ਼ਾਹੀ ਦਾ 550 ਸਾਲਾ ਪ੍ਰਕਾਸ਼ ਪੁਰਬ ਕੌਮੀ ਜਾਹੋ-ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਇਕ ਸੁਨਹਿਰੀ ਮੌਕਾ ਹੈ, ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫ਼ਲਸਫ਼ੇ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕਦੇ ਹਾਂ ਅਤੇ ਜੀਵਨ ਦੇ ਜਿਸ ਸਰਬਪੱਖੀ ਰਾਹ ਨੂੰ ਅੱਜ ਮਾਨਵਤਾ ਲੱਭ ਰਹੀ ਹੈ, ਤ੍ਰਿਸ਼ਨਾਵਾਂ, ਪਦਾਰਥਕ ਭਟਕਣ ਅਤੇ ਪ੍ਰਬਲਤਾ ਦੀ ਅਮੁੱਕ ਦੌੜ ‘ਚ ਜੀਵਨ ਨੂੰ ਸੁਖਦਾਈ ਬਣਾਉਣ ਵਾਲੇ ਜਿਹੜੇ ਪੈਗ਼ਾਮ ਲਈ ਸੰਸਾਰ ਤੜਪ ਰਿਹਾ ਹੈ, ਉਹ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ।
ਜਿਸ ਤਰ੍ਹਾਂ ਦੇ ਅੱਜ ਵਿਸ਼ਵ ਪੱਧਰ ‘ਤੇ ਹਾਲਾਤ ਬਣੇ ਹੋਏ ਹਨ, ਬਿਲਕੁਲ ਉਸੇ ਤਰ੍ਹਾਂ ਦੇ ਹੀ ਪੰਦਰ੍ਹਵੀਂ ਸਦੀ ਵਿਚ ਭਾਰਤ ਦੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਹਾਲਾਤ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਪੂਰੀ ਲੋਕਾਈ ਨੂੰ ਇਕ ਸਾਂਝਾ ਤੇ ਬਰਾਬਰਤਾ ਵਾਲਾ ਮਨੁੱਖੀ ਜੀਵਨ-ਜਾਚ ਦਾ ਸਿਧਾਂਤ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਆਦਰਸ਼ਕ ਜੀਵਨ-ਜਾਚ ਦੀ ਮੁੱਢਲੀ ਸ਼ਰਤ ਹੀ ਸੱਚਾ ਆਚਰਣ ਦੱਸੀ ਹੈ। ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ‘ਸੱਚ’ ਅਰਥਾਤ ਆਪਣੇ ਮੂਲ ਨੂੰ ਪਛਾਨਣ ਲਈ ਆਖਿਆ।
ਜਗਤ ਦੇ ਮਨੁੱਖ, ਜੀਵ, ਜੰਤੂ, ਬਨਸਪਤੀ ਸਾਰੇ ਇਕੋ ਹੀ ਸਰਬ-ਸ਼ਕਤੀਮਾਨ ਪਰਮਾਤਮਾ ਦੇ ‘ਅੰਸ਼’ ਹਨ, ਤਾਂ ਫ਼ੇਰ ਇਹ ਨਫ਼ਰਤ ਅਤੇ ਹਉਮੈ ਦੇ ਸਾਰੇ ਬਿਖੇੜੇ ਕਿਉਂ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ, 790 ‘ਤੇ ‘ਵਾਰ ਸੂਹੀ ਕੀ’ ਸਿਰਲੇਖ ਹੇਠ ਦਰਜ ਪਾਵਨ ਮੁਖਵਾਕ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਦੁਨਿਆਵੀ ਝਗੜੇ-ਝੇੜਿਆਂ ਦਾ ਮੂਲ ਕਾਰਨ ਹੀ ਮਨੁੱਖ ਦੀ ‘ਹਉਮੈ’ ਨੂੰ ਤਾਈਦ ਕਰਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਜੀਵਨ ਅਮਲ ਦਿੱਤਾ। ਖੁਦ ਕਰਤਾਰਪੁਰ ਦੀ ਧਰਤੀ ‘ਤੇ 17 ਸਾਲ 5 ਮਹੀਨੇ 9 ਦਿਨ ਰਹਿ ਕੇ ਖੇਤੀਬਾੜੀ ਕੀਤੀ ਅਤੇ ਮਨੁੱਖ ਨੂੰ ਸੰਦੇਸ਼ ਦਿੱਤਾ ”ਮਿਹਨਤ ਨਾਲ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਅਤੇ ਆਪਣੀ ਕਿਰਤ ਕਮਾਈ ‘ਚੋਂ ਲੋੜਵੰਦਾਂ ਨੂੰ ਵੀ ਦੇਣ ਵਾਲਾ ਮਨੁੱਖ ਹੀ ਜ਼ਿੰਦਗੀ ਦਾ ਅਸਲੀ ਰਸਤਾ ਪਛਾਣਦਾ ਹੈ।”
ਸਰਮਾਏਦਾਰੀ ਦੇ ਜਲੌਅ ‘ਚ ਖ਼ਤਮ ਹੋ ਰਹੇ ਮਨੁੱਖੀ ਅਧਿਕਾਰਾਂ ਅਤੇ ਸੰਵੇਦਨਾਵਾਂ ਨੂੰ ਬਚਾਉਣ ਲਈ ਉੱਨੀਵੀਂ ਸਦੀ ਵਿਚ ਕਾਰਲ ਮਾਰਕਸ ਨੇ ‘ਸਮਾਜਵਾਦ’ ਦਾ ਸਿਧਾਂਤ ਪੇਸ਼ ਕੀਤਾ ਸੀ, ਪਰ ਅਸਲੀ ‘ਸਮਾਜਵਾਦ’ ਗੁਰੂ ਨਾਨਕ ਸਾਹਿਬ ਨੇ ਪੰਦਰ੍ਹਵੀਂ ਸਦੀ ਵਿਚ ਹੀ ਮਨੁੱਖ ਨੂੰ ਦੇ ਦਿੱਤਾ ਸੀ। ‘ਸਰਮਾਏਦਾਰੀ’ 90 ਫ਼ੀਸਦੀ ਲੋਕਾਂ ਦਾ ਹੱਕ ਮਾਰ ਕੇ 10 ਫ਼ੀਸਦੀ ਅਮੀਰਾਂ ਕੋਲ ਸਾਰੀ ਪੂੰਜੀ ਇਕੱਠੀ ਕਰਨ ਦੀ ਤਰਫ਼ਦਾਰੀ ਕਰਦੀ ਹੈ ਅਤੇ ਇਸ ਦੇ ਖਿਲਾਫ਼ ਗੁਰੂ ਨਾਨਕ ਸਾਹਿਬ ਵਲੋਂ ਪੰਜ ਸਦੀਆਂ ਪਹਿਲਾਂ ਹੀ ਸੁਣਾਇਆ ਗਿਆ ਇਹ ਫ਼ਤਵਾ ‘ਸਮਾਜਵਾਦ’ ਦਾ ਅਸਲ ਹੋਕਾ ਸੀ ਕਿ ਪਰਾਇਆ ਹੱਕ ਮਾਰਨਾ ਮੁਸਲਮਾਨ ਲਈ ਸੂਰ ਅਤੇ ਹਿੰਦੂ ਲਈ ਗਾਂ ਦਾ ਮਾਸ ਖਾਣ ਬਰਾਬਰ ਹੈ।
ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ, 140 ‘ਚ ‘ਰਾਗੁ ਮਾਝ’ ਦੇ ਸਿਰਲੇਖ ਹੇਠ ਦਰਜ ਸਲੋਕ ‘ਚ ਵੈਸ਼ਨੋ ਬਿਰਤੀ ਦੇ ਦਾਅਵੇਦਾਰ ਮਨੁੱਖ ਨੂੰ ਸਮਝਾਉਂਦੇ ਹਨ ਕਿ ਜੇ ਉਸ ਦਾ ਜਾਮਾ ਲਹੂ ਲੱਗਣ ‘ਤੇ ਪਲੀਤ ਹੋ ਜਾਂਦਾ ਹੈ ਤਾਂ ਜਿਹੜੇ ਮਨੁੱਖ ਧੱਕੇਸ਼ਾਹੀ ਕਰਕੇ ਹਰਾਮ ਦੀ ਕਮਾਈ ਖਾਂਦੇ ਹਨ, ਉਨ੍ਹਾਂ ਦਾ ਹਿਰਦਾ ਮਨੁੱਖਾਂ ਦਾ ਲਹੂ ਪੀਣ ਨਾਲ ਕਿਵੇਂ ਪਵਿੱਤਰ ਹੋ ਸਕਦਾ ਹੈ?
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਇਹ ਵੀ ਸਮਝਾਇਆ ਕਿ ਧਨ-ਦੌਲਤਾਂ ਦੀ ਜ਼ਖੀਰੇਬਾਜ਼ੀ ਦੂਜੇ ਦਾ ਹੱਕ ਮਾਰਨ ਤੋਂ ਬਗੈਰ ਨਹੀਂ ਹੋ ਸਕਦੀ ਅਤੇ ਇਹ ਅੰਤ ਨੂੰ ਸਾਥ ਵੀ ਨਹੀਂ ਦਿੰਦੀ। (ਆਸਾ ਮ. ੧, ਅੰਕ : 417)
ਕਿਰਤ ਕਰਨ ਵਾਲੇ ਮਨੁੱਖ ਅੰਦਰ ਸੰਤੋਖ, ਸਹਿਣਸ਼ੀਲਤਾ, ਦਇਆ ਹੁੰਦੀ ਹੈ ਤੇ ਉਹ ਮਨੁੱਖ ਨਾ-ਸਿਰਫ਼ ਨਿੱਜ ਲਈ ਹੀ ਜੀਵਨ ਜਿਊਂਦਾ ਹੈ, ਸਗੋਂ ਉਹ ‘ਸਰਬ ਸਾਂਝੀਵਾਲਤਾ’ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਵੀ ਤਤਪਰ ਰਹਿੰਦਾ ਹੈ। ਅਜੋਕੇ ਦੁਨੀਆ ਦੇ ਆਰਥਿਕ ਵਿਕਾਸ ਦੇ ਨਮੂਨੇ ਵਿਚੋਂ ਇਹੀ ‘ਸਰਬ ਸਾਂਝੀਵਾਲਤਾ’ ਦਾ ਸੰਕਲਪ ਗਾਇਬ ਹੈ, ਜਿਸ ਕਾਰਨ ਮਨੁੱਖ ਖੁਦਗਰਜ਼ੀ ਅਤੇ ਤ੍ਰਿਸ਼ਨਾਵਾਂ ਦੀ ਅਮੁੱਕ ਦੌੜ ਵਿਚ ਦੁਖੀ ਹੋ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ‘ਸਮੂਹਿਕਤਾ ਦੀ ਭਲਾਈ’ ਦੇ ਆਰਥਿਕ ਨਮੂਨੇ ਦੀ ਗੱਲ ਕਰਦਾ ਹੈ ਕਿ, ”ਜਿਹੜੇ ਮਨੁੱਖ ਧਨ ਵਸਤੂਆਂ ਦੀ ਵਰਤੋਂ ਸਮੂਹਿਕ ਭਲੇ ਲਈ ਕਰਦੇ ਹਨ, ਉਨ੍ਹਾਂ ਲਈ ਧਨ-ਪਦਾਰਥ ਮਾਇਆ ਆਦਿਕ ਸਭ ਕੁਝ ਪਵਿੱਤਰ ਹੈ ਅਤੇ ਉਹ ਜਿਉਂ ਜਿਉਂ ਉਹ ਲੋੜਵੰਦਾਂ ਤੇ ਗਰੀਬਾਂ ਦੇ ਭਲੇ ਹਿੱਤ ਧਨ, ਵਸਤਾਂ ਵੰਡਦੇ ਹਨ, ਤਿਉਂ ਤਿਉਂ ਉਨ੍ਹਾਂ ਨੂੰ ਆਤਮਿਕ ਤ੍ਰਿਪਤੀ ਅਤੇ ਸੁੱਖ-ਸ਼ਾਂਤੀ ਮਿਲਦੀ ਹੈ।”(ਸਾਰੰਗ ਕੀ ਵਾਰ, ਅੰਕ : 1246)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ‘ਹਲੇਮੀ ਰਾਜ’ ਦਾ ਰਾਜਨੀਤਕ ਨਮੂਨਾ ਵੀ ਅਜਿਹਾ ਦਿੱਤਾ, ਜਿਸ ਨੂੰ ਅਪਣਾ ਕੇ ਪੂਰੀ ਦੁਨੀਆ ਵਿਚੋਂ ਅੱਜ ਐਟਮੀ ਜੰਗਾਂ ਦਾ ਭੈਅ ਖ਼ਤਮ ਕਰਕੇ ਸਦੀਵੀ ਅਮਨ-ਅਮਾਨ ਕਾਇਮ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਆਪਣੇ ਸਮਕਾਲੀ ਰਾਜਨੀਤਕ ਹਾਲਾਤਾਂ ਦਾ ਵਿਸ਼ਲੇਸ਼ਣ ਕੀਤਾ, ਉਥੇ ਉਨ੍ਹਾਂ ਨੇ ਹਾਕਮਾਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਕੀਤਾ। ਗੁਰੂ ਸਾਹਿਬ ਨੇ ਬੇਖੌਫ਼ ਹੋ ਕੇ ਸਮੇਂ ਦੇ ਹਾਕਮਾਂ ਨੂੰ ਉਨ੍ਹਾਂ ਦੀ ਅਸਲੀਅਤ ਦਿਖਾਈ ਅਤੇ ਜ਼ੁਲਮ ਕਰਨ ਵਾਲੇ ਰਾਜਿਆਂ ਦੀ ਤੁਲਨਾ ਜੀਵਾਂ ਦਾ ਸ਼ਿਕਾਰ ਕਰਨ ਵਾਲੇ ਸ਼ੇਰ ਨਾਲ ਅਤੇ ਉਨ੍ਹਾਂ ਦੇ ਅਹਿਲਕਾਰਾਂ ਦੀ ਤੁਲਨਾ ਕੁੱਤਿਆਂ ਨਾਲ ਕੀਤੀ ਜੋ ਗਰੀਬਾਂ ਦੀ ਮਿੱਝ, ਰੱਤ ਚੱਟਣੋਂ ਵੀ ਪ੍ਰਵਾਹ ਨਹੀਂ ਕਰਦੇ।
ਗੁਰੂ ਜੀ ਨੇ ਨਾ-ਸਿਰਫ਼ ਰਾਜਿਆਂ ਨੂੰ ਉਨ੍ਹਾਂ ਦੇ ਗਿਰੀਵਾਨ ‘ਚ ਝਾਤੀ ਮਰਵਾਈ ਸਗੋਂ ਉਨ੍ਹਾਂ ਦੇ ਫ਼ਰਜ਼ਾਂ ਦਾ ਵੀ ਅਹਿਸਾਸ ਕਰਵਾਇਆ। ਗੁਰੂ ਸਾਹਿਬ ਨੇ ‘ਰਾਜ-ਧਰਮ’ ਦਾ ਮੁੱਢਲਾ ਫ਼ਰਜ਼ ”ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ” ਦੱਸਿਆ। ਜ਼ੋਰ-ਜ਼ੁਲਮ ਨੂੰ ਹੀ ਰਾਜ ਕਰਨ ਦੀ ਸਮਰੱਥਾ ਸਮਝਣ ਵਾਲੇ ਹਾਕਮਾਂ ਨੂੰ ਗੁਰੂ ਸਾਹਿਬ ਨੇ ‘ਮਾਰੂ ਵਾਰ’ (ਅੰਕ : 1088) ‘ਚ ਅਸਲੀ ਹਾਕਮ ਦੀ ਯੋਗਤਾ ਇਉਂ ਦੱਸੀ, ”ਕੇਵਲ ਉਹੀ ਵਿਅਕਤੀ ਰਾਜ ਸਿੰਘਾਸਣ ‘ਤੇ ਬੈਠਦਾ ਸ਼ੋਭਦਾ ਹੈ, ਜਿਹੜਾ ਤਖ਼ਤ ‘ਤੇ ਬੈਠਣ ਦੇ ਯੋਗ ਹੋਵੇ। ਜਿਨ੍ਹਾਂ ਨੇ ਇਸ ਜਗਤ ਦੇ ਸਦੀਵੀ ਕਾਇਮ ਰਹਿਣ ਵਾਲੇ ਸੱਚ ਨੂੰ ਪਛਾਣ ਲਿਆ (ਉਹ ਕਦੇ ਅਸਥਾਈ ਸੱਤਾ ਸੁੱਖ ਅਤੇ ਮਾਇਆਵੀ ਪਦਾਰਥਾਂ ਦੀ ਤ੍ਰਿਸ਼ਨਾ ਦੀ ਭੁੱਖ ‘ਚ ਪਰਜਾ ਨੂੰ ਤੰਗ ਨਹੀਂ ਕਰਦੇ) ਉਹੀ ਅਸਲ ਰਾਜੇ ਹਨ।”
ਅਜੋਕੇ ਸਮੇਂ ਵੀ ਸਾਡੇ ਦੇਸ਼ ਦੀ ਰਾਜਨੀਤਕ ਵਿਵਸਥਾ ਬਿਲਕੁਲ ਅਜਿਹੀ ਬਣੀ ਹੋਈ ਹੈ ਕਿ ਹਾਕਮ ਬਣ ਕੇ ਬੇਪਨਾਹ ਧਨ ਅਤੇ ਧਰਤੀ ਦੇ ਮਾਲਕ ਬਣਨ ਦੀ ਹੋੜ ਲੱਗੀ ਹੋਈ ਹੈ। ਅਜੋਕੀਆਂ ਹਕੂਮਤਾਂ ‘ਸੱਚ’ ਅਰਥਾਤ ਲੋਕਾਈ ਪ੍ਰਤੀ ਆਪਣੇ ਸੰਵਿਧਾਨਕ ਕਰਤਵਾਂ ਤੋਂ ਮੂੰਹ ਮੋੜੀ ਬੈਠੀਆਂ ਹਨ ਅਤੇ ਇਸੇ ਕਰਕੇ ਅੱਜ ਸਾਡੇ ਦੇਸ਼ ਨੂੰ ਭ੍ਰਿਸ਼ਟਾਚਾਰ ਘੁਣ ਵਾਂਗ ਖਾ ਰਿਹਾ ਹੈ।
ਅੱਜ ਸਾਡੇ ਸਮਾਜ ਵਿਚ ਬੁਰਾਈਆਂ ਦੇ ਲਗਾਤਾਰ ਹੋ ਰਹੇ ਵਾਧੇ ਲਈ ਸਾਡੀ ਖੁਦਗਰਜ਼ੀ ਅਤੇ ਜ਼ੁਰਮਾਂ ਨੂੰ ਬਰਦਾਸ਼ਤ ਕਰਨ ਦੀ ਆਦਤ ਬਹੁਤ ਵੱਡੀ ਜ਼ਿੰਮੇਵਾਰ ਹੈ। ਅਜਿਹੀ ਲੋਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਸੰਬੋਧਤ ਕਰਦੇ ਹਨ, ”ਗਿਆਨ ਤੋਂ ਵਿਹੂਣੀ ਅਰਥਾਤ ਜ਼ੁਲਮ ਵਿਰੁੱਧ ਬੋਲਣ ਅਤੇ ਸੱਚ ਦੇ ਹੱਕ ਵਿਚ ਡੱਟਣ ਦੇ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜੀ ਬੈਠੀ ਪਰਜਾ ਅੰਨ੍ਹੀ ਹੈ ਜਿਹੜੀ ਹਾਕਮਾਂ ਦੇ ਜ਼ੋਰ-ਜ਼ੁਲਮ ਦੀ ਅੱਗ ਵਿਚ ਸੜਦੀ ਹੈ।” (ਮ. ੧, ਅੰਕ : 469)
ਪੰਦਰ੍ਹਵੀਂ ਸਦੀ ਦੇ ਹਾਕਮਾਂ ਨੇ ਕਾਜੀਆਂ ਨੂੰ ਇਨਸਾਫ਼ ਦੀ ਕੁਰਸੀ ‘ਤੇ ਬਿਠਾਇਆ ਹੋਇਆ ਸੀ, ਉਹ ਦੇਖਣ ਨੂੰ ਤਾਂ ਮੁਸਲਮਾਨੀ ਸ਼ਰ੍ਹਾ ਮੁਤਾਬਕ ਪੁਸਤਕਾਂ ਪੜ੍ਹ ਕੇ ਫ਼ੈਸਲੇ ਦਿੰਦੇ ਸਨ, ਪਰ ਉਨ੍ਹਾਂ ਦੇ ਅਰਥ ਆਪਣੀ ਮਰਜ਼ੀ ਦੇ ਕੱਢਦੇ ਸਨ, ਕਿਉਂਕਿ ਉਨ੍ਹਾਂ ਦੇ ਆਚਰਣ ਦਾ ਇਸ ਕਦਰ ਦੀਵਾਲਾ ਨਿਕਲ ਚੁੱਕਿਆ ਸੀ ਕਿ ਉਹ ਰਿਸ਼ਵਤ ਬਦਲੇ ਬੇਕਸੂਰ ਨੂੰ ਕਸੂਰਵਾਰ ਤੇ ਕਸੂਰਵਾਰ ਨੂੰ ਬੇਦੋਸ਼ਾ ਕਰਾਰ ਦਿੰਦੇ ਸਨ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਇਨਸਾਫ਼ ਦਾ ਵੀ ਇਕ ਬਿਹਤਰੀਨ ਆਦਰਸ਼ ਪੇਸ਼ ਕਰਦਾ ਹੈ, ਜਿਸ ਨੂੰ ਅਪਣਾ ਕੇ ਅੱਜ ਸਾਡੇ ਸਮਾਜ ਵਿਚ ਨਿਆਂ ਦੀ ਵਿਵਸਥਾ ਨੂੰ ਸੁਚਾਰੂ ਕੀਤਾ ਜਾ ਸਕਦਾ ਹੈ। ਜਦੋਂ ਤੱਕ ਸਾਡੀ ਜੀਵਨ-ਜਾਚ ਵਿਚ ਸੱਚਾਈ, ਇਨਸਾਫ਼ ਲੈਣ ਅਤੇ ਦੁਆਉਣ ਦੀ ਦ੍ਰਿੜ੍ਹਤਾ, ਦੂਜਿਆਂ ਪ੍ਰਤੀ ਦਇਆ ਅਤੇ ਭਰਾਤਰੀ ਭਾਵਨਾ ਨਹੀਂ ਆਉਂਦੀ ਉਦੋਂ ਤੱਕ ਅਸੀਂ ਕਿਸੇ ਧਰਮ ਕਰਮ ਵਿਚ ਪੱਕੇ ਨਹੀਂ ਅਖਵਾ ਸਕਦੇ।
ਸਵਾਰਥ ਅਤੇ ਪਦਾਰਥਕ ਦੌੜ ਵਾਲੇ ਅਜੋਕੇ ਦੁਨੀਆ ਦੇ ਵਿਕਾਸ ਮਾਡਲ ਦੇ ਦੁਰ-ਪ੍ਰਭਾਵ ਤੋਂ ਸਾਡਾ ਧਾਰਮਿਕ ਸਮਾਜ ਵੀ ਅਛੂਤਾ ਨਹੀਂ ਰਿਹਾ। ਭਾਵੇਂ ਕਿ ਸ਼ੁਰੂ ਤੋਂ ਹੀ ਧਰਮ-ਕਰਮ ਕਰਨ ਵਾਲੇ ਪੁਜਾਰੀ ਸ਼ਰਧਾਲੂਆਂ ਦੇ ਚੜ੍ਹਤ-ਚੜ੍ਹਾਵੇ ‘ਤੇ ਨਿਰਬਾਹ ਕਰਦੇ ਰਹੇ ਹਨ ਪਰ ਅੱਜ ਤਾਂ ਧਾਰਮਿਕ ਦੀਵਾਨਾਂ ਵਿਚ ‘ਉਪਦੇਸ਼’ ਹਾਸਲ ਕਰਨ ਲਈ ਬਾਕਾਇਦਾ ਟਿਕਟਾਂ ਵਿਕਦੀਆਂ ਹਨ। ਅਜਿਹੇ ਧਾਰਮਿਕ ਆਗੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਉਂ ਫ਼ਿਟਕਾਰਦੀ ਹੈ, ”ਜੋ ਮਨੁੱਖ ਪਰਮਾਤਮਾ ਦਾ ਨਾਮ (ਉਪਦੇਸ਼, ਤਵੀਤ ਅਤੇ ਜੰਤਰ-ਮੰਤਰ ਕਰਕੇ) ਵੇਚਦੇ ਹਨ, ਉਨ੍ਹਾਂ ਦੇ ਜੀਵਨ ਨੂੰ ਲਾਹਨਤ ਹੈ।” (ਸਲੋਕ ਮ. ੧, ਅੰਕ : 1245) ਸਗੋਂ ਮਨੁੱਖ ਨੂੰ ਸੁਚੇਤ ਹੋ ਕੇ ਹੀ ਸਰਬ-ਵਿਆਪਕਤਾ ਦੀ ਚੇਤਨਾ ‘ਚ ਭਿੱਜੇ ਰਹਿਣ ਦੀ ਜੁਗਤ ਦੱਸਦਿਆਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਕ ਸਰਬ-ਵਿਆਪਕਤਾ ਦੀ ਸੋਝੀ ਹਾਸਲ ਕਰਨ ਤੋਂ ਬਗੈਰ ਦੂਜਿਆਂ ਨੂੰ ਉਪਦੇਸ਼ ਦੇਣੇ ਸ਼ੈਤਾਨ ਦੀਆਂ ਗੱਲਾਂ ਕਰਨ ਵਾਲੇ ਹਨ।
ਜਾਤ-ਪਾਤ ਅਤੇ ਨਸਲਵਾਦ ਦਾ ਵਰਤਾਰਾ ਅੱਜ ਸੰਸਾਰ ਭਰ ਵਿਚ ਪ੍ਰਬਲ ਹੋ ਰਿਹਾ ਹੈ। ਅਜਿਹੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਨੂੰ ਪੂਰੀ ਦੁਨੀਆ ਸਾਹਮਣੇ ਸ਼ਿੱਦਤ ਨਾਲ ਪੇਸ਼ ਕਰਨਾ ਚਾਹੀਦਾ ਹੈ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਰੰਗ-ਨਸਲ ਰਹਿਤ ਸਮਾਜ ਦੀ ਸਿਰਜਣਾ ਦਾ ਨਾਯਾਬ ਨਮੂਨਾ ਪੇਸ਼ ਕਰਦਿਆਂ ਮਨੁੱਖ ਨੂੰ ‘ਜਾਤ’ ਦੇ ਆਧਾਰ ‘ਤੇ ਪਛਾਣ ਦੇਣ ਦੀ ਥਾਂ ਹਰੇਕ ਮਨੁੱਖ ਦੇ ਅੰਦਰਲੀ ਉਸ ‘ਜੋਤ’ ਨੂੰ ਪਛਾਨਣ ਲਈ ਆਖਿਆ ਜਿਸ ਤੋਂ ਸਾਰਾ ਹੀ ਸੰਸਾਰ ਪੈਦਾ ਹੋਇਆ ਹੈ। ਦੁਨੀਆ ਨੂੰ ਪੈਦਾ ਕਰਨ ਵਾਲੇ ਸਰਬ-ਸ਼ਕਤੀਮਾਨ ਲਈ ਜਾਤ-ਪਾਤ ਕੋਈ ਮਾਇਨੇ ਨਹੀਂ ਰੱਖਦੀ ਅਤੇ ਅੰਤ ਨੂੰ ਨਿਬੇੜਾ ਜਾਤ, ਨਸਲ ਜਾਂ ਰੰਗ ਦੇ ਆਧਾਰ ‘ਤੇ ਨਹੀਂ ਸਗੋਂ ਮਨੁੱਖ ਦੇ ਕਰਮਾਂ ਦੇ ਆਧਾਰਤ ਹੋਣਾ ਹੈ।
ਜੇਕਰ ਅੱਜ ਸੰਸਾਰ ਨੇ ਤਬਾਹੀ ਤੋਂ ਬਚਣਾ ਹੈ ਤਾਂ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਰਸਾਈ ਹੋਈ ਜੀਵਨ-ਜਾਚ ਨੂੰ ਅਜੋਕੇ ਸੰਦਰਭ ‘ਚ ਸਮਝ ਕੇ ਉਸ ਦਾ ਧਾਰਨੀ ਬਣਨਾ ਪਵੇਗਾ। ਆਪਣੇ ‘ਮੂਲ’ ਨਾਲੋਂ ਟੁੱਟ ਕੇ ਹੀ ਮਨੁੱਖ ਅੱਜ ਹਉਮੈ, ਲੋਭ, ਨਾਸ਼ਵਾਨ ਪਦਾਰਥਾਂ ਦੀ ਅਮੁੱਕ ਲਾਲਸਾ ਅਤੇ ਤ੍ਰਿਸ਼ਨਾਵਾਂ ਦੀ ਅੱਗ ਵਿਚ ਸੜ ਰਿਹਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਸਾਨੂੰ ਵਾਰ-ਵਾਰ ਆਪਣੇ ਉਸ ‘ਮੂਲ ਅੰਸ਼’ ਨਾਲ ਜੁੜਨ ਲਈ ਆਖਦਾ ਹੈ, ਜਿਸ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ। ਇਹ ਜ਼ਿੰਮੇਵਾਰੀ ਅੱਜ ਸਿੱਖ ਕੌਮ ਅੱਗੇ ਦਰਕਾਰ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਕਲਿਆਣਕਾਰੀ ਫ਼ਲਸਫ਼ੇ ਨੂੰ ਅਜੋਕੀਆਂ ਅੰਤਰ-ਦ੍ਰਿਸ਼ਟੀਆਂ ਦੇ ਨਾਲ ਕਿੰਨਾ ਕੁ ਅਤੇ ਕਿਵੇਂ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਸਮਰੱਥਾ ਦਿਖਾਉਂਦੀ ਹੈ।

Check Also

ਭਾਰਤ ‘ਚ ਆਰਥਿਕ ਵਿਕਾਸ ਦੇ ਰੋੜੇ ਨਾਬਰਾਬਰੀ ਤੇ ਬੇਰੁਜ਼ਗਾਰੀ

ਸੁੱਚਾ ਸਿੰਘ ਗਿੱਲ ਭਾਰਤੀ ਵਿਕਾਸ ਪੰਧ ਦੇ ਅੜਿੱਕੇ ਇਸ ਦੀਆਂ ਆਰਥਿਕ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ …